
*ਸ਼ਹੀਦੀ ਸਭਾ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ*
*ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੇ ਮਨੁੱਖਤਾ ਨੂੰ ਬੇਇਨਸਾਫੀ, ਦਮਨ ਅਤੇ ਜਬਰ-ਜ਼ੁਲਮ ਵਿਰੁੱਧ ਲੜਨ ਦੀ ਪ੍ਰੇਰਨਾ ਦਿੱਤੀ-ਭਗਵੰਤ ਸਿੰਘ ਮਾਨ*
*ਮੁੱਖ ਮੰਤਰੀ ਨੇ ਪੰਜਾਬ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ*
*ਪੰਜਾਬ ਸਰਕਾਰ ਨੇ ਸ਼ਹੀਦੀ ਸਭਾ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਵਿਆਪਕ ਪ੍ਰਬੰਧ ਕੀਤੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
ਫ਼ਤਹਿਗੜ੍ਹ ਸਾਹਿਬ, 26 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਵੇਰੇ ਇੱਥੇ ਇਤਿਹਾਸਕ ਗੁਰਦਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕੀਤਾ।
ਸ਼ਹੀਦੀ ਸਭਾ ਦੇ ਦਿਨਾਂ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਮੁੱਚਾ ਪੰਜਾਬ ਇਨ੍ਹਾਂ ਦਿਨਾਂ ਨੂੰ ‘ਸੋਗ ਦੇ ਦਿਨਾਂ’ ਵਜੋਂ ਮਨਾਉਂਦਾ ਹੈ ਕਿਉਂਕਿ ਇਨ੍ਹਾਂ ਦਿਨਾਂ ਦੌਰਾਨ ਜ਼ਾਲਮ ਹਾਕਮਾਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਹੀ ਨੀਂਹ ਵਿੱਚ ਚਿਣ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੂਰੇ ਵਿਸ਼ਵ ਨੂੰ ਇਸ ਲਾਸਾਨੀ ਅਤੇ ਬੇਮਿਸਾਲ ਕੁਰਬਾਨੀ 'ਤੇ ਮਾਣ ਹੈ, ਜੋ ਪੰਜਾਬੀਆਂ ਤੇ ਸਾਡੇ ਦੇਸ਼ ਵਾਸੀਆਂ ਲਈ ਹੀ ਨਹੀਂ, ਸਗੋਂ ਦੁਨੀਆ ਭਰ ਵਿਚ ਵਸਦੇ ਹਰੇਕ ਵਿਅਕਤੀ ਲਈ ਅਦੁੱਤੀ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦੀ ਸਭਾ ਦੌਰਾਨ ਕਰੀਬ 50 ਲੱਖ ਸ਼ਰਧਾਲੂ ਫਤਹਿਗੜ੍ਹ ਸਾਹਿਬ ਪਹੁੰਚ ਕੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕਰਨਗੇ।
ਗੁਰੂ ਘਰ ਵਿੱਚ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਮਹਾਨ ਕੁਰਬਾਨੀਆਂ ਵਿਸ਼ਵ ਭਰ ਦੇ ਮਨੁੱਖਤਾ ਦੇ ਇਤਿਹਾਸ ਵਿੱਚ ਬੇਮਿਸਾਲ ਹਨ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਬਰ, ਜ਼ੁਲਮ ਅਤੇ ਅਨਿਆਂ ਵਿਰੁੱਧ ਲੜਨ ਲਈ ਪ੍ਰੇਰਿਤ ਕਰਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਇਸ ਖਿੱਤੇ ਦੀ ਇਕ-ਇਕ ਇੰਚ ਜ਼ਮੀਨ ਬਹੁਤ ਪਵਿੱਤਰ ਹੈ, ਜਿਸ ਕਾਰਨ ਲੋਕ ਵੱਡੀ ਗਿਣਤੀ ਵਿੱਚ ਇਸ ਪਾਵਨ ਅਸਥਾਨ 'ਤੇ ਮੱਥਾ ਟੇਕਣ ਲਈ ਆਉਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪਵਿੱਤਰ ਧਰਤੀ ਨਾ ਸਿਰਫ਼ ਸਿੱਖਾਂ ਲਈ, ਸਗੋਂ ਸਮੁੱਚੀ ਮਾਨਵਤਾ ਲਈ ਪ੍ਰੇਰਨਾ ਸਰੋਤ ਹੈ।
ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਮਹਾਨ ਕੁਰਬਾਨੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਵੱਲੋਂ ਜ਼ਮੀਰ ਦੀ ਆਵਾਜ਼ ਅਨੁਸਾਰ ਧਰਮ ਅਪਨਾਉਣ ਦੇ ਮਨੁੱਖੀ ਹੱਕ ਦੀ ਰਾਖੀ ਲਈ ਕੀਤੀ ਗਈ ਲਾਸਾਨੀ ਕੁਰਬਾਨੀ ਮਨੁੱਖੀ ਇਤਿਹਾਸ ਵਿੱਚ ਲਾਮਿਸਾਲ ਘਟਨਾ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਵਿੱਚ ਇਸ ਕੁਰਬਾਨੀ ਨੂੰ ‘ਨਿੱਕੀਆ ਜਿੰਦਾਂ’ ਦੇ ‘ਵੱਡੇ ਸਾਕੇ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਸ ਸਾਕੇ ਨੂੰ ਵਾਪਰਿਆਂ ਭਾਵੇਂ ਤਿੰਨ ਸਦੀਆਂ ਤੋਂ ਵਧੇਰੇ ਅਰਸਾ ਬੀਤ ਗਿਆ ਹੈ, ਪਰ ਸਮੁੱਚੇ ਸਿੱਖ ਜਗਤ ਵੱਲੋਂ ਇਸ ਦੀ ਪੀੜ ਅੱਜ ਵੀ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਰਮਾਤਮਾ ਅੱਗੇ ਪੰਜਾਬ ਦੀ ਚੜ੍ਹਦੀ ਕਲਾ, ਸਦਭਾਵਨਾ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਕਦਰਾਂ-ਕੀਮਤਾਂ ਹੋਰ ਮਜ਼ਬੂਤ ਕਰਨ ਦੀ ਅਰਦਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਹਨ ਕਿ ਅਕਾਲ ਪੁਰਖ ਨੇ ਉਨ੍ਹਾਂ ਨੂੰ ਸੂਬੇ ਦੀ ਸੇਵਾ ਕਰਨ ਦਾ ਸੁਭਾਗ ਬਖਸ਼ਿਆ ਹੈ।
ਦੁਨੀਆਂ ਭਰ ਵਿੱਚੋਂ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਸੰਗਤ ਲਈ ਸਿਹਤ ਸਹੂਲਤਾਂ, ਆਵਾਜਾਈ, ਸਾਫ-ਸਫਾਈ ਅਤੇ ਸੁਰੱਖਿਆ ਵਿਵਸਥਾ ਤੇ ਹੋਰ ਇੰਤਜ਼ਾਮ ਵਿਆਪਕ ਪੱਧਰ ’ਤੇ ਕੀਤੇ ਗਏ ਹਨ ਤਾਂ ਕਿ ਕਿਸੇ ਵੀ ਸ਼ਰਧਾਲੂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦੀ ਸਭਾ ਮੌਕੇ ਸੰਗਤ ਲਈ ਇੰਤਜ਼ਾਮ ਕਰਨਾ ਸਰਕਾਰ ਦਾ ਸਭ ਤੋਂ ਪਹਿਲਾ ਫਰਜ਼ ਬਣਦਾ ਹੈ ਅਤੇ ਇਸ ਨੇਕ ਕਾਰਜ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਸਾਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਵੀ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਨਵੰਬਰ ਮਹੀਨੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਸਿੱਖਾਂ ਦੇ ਤਖ਼ਤ ਸਾਹਿਬਾਨ ਵਾਲੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਹਿੱਸੇ (ਵਾਲਡ ਸਿਟੀ), ਤਲਵੰਡੀ ਸਾਬੋ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਫੈਸਲੇ ਨੂੰ ਅਮਲੀ ਰੂਪ ਵਿੱਚ ਲਾਗੂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਈ ਹੈ।
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਹਾੜੇ ਨੂੰ ਵੀਰ ਬਾਲ ਦਿਵਸ ਦਾ ਨਾਮ ਦੇਣ ਬਾਰੇ ਉੱਠੇ ਵਿਵਾਦ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਜਦੋਂ ਇਹ ਨਾਮ ਰੱਖਣ ਦਾ ਫੈਸਲਾ ਲਿਆ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਬਕਾਇਦਾ ਟਵੀਟ ਕਰਕੇ ਇਸ ਦਾ ਸਮਰਥਨ ਕੀਤਾ ਸੀ ਪਰ ਸੰਗਤ ਦੇ ਰੋਹ ਹੁਣ ਕਾਰਨ ਇਸ ਤੋਂ ਪਾਸਾ ਵੱਟਿਆ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ, “ਸਾਹਿਬਜ਼ਾਦੀਆਂ ਦੀ ਲਾਸਾਨੀ ਕੁਰਬਾਨੀ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕਿਸੇ ਦਿਵਸ ਨਾਲ ਜੋੜਿਆ ਜਾ ਸਕਦਾ ਹੈ। ਅਕਾਲੀ ਦਲ ਦਾ ਬਿਆਨਬਾਜ਼ੀ ਤੋਂ ਮੁੱਕਰਨਾ ਸਿੱਧ ਕਰਦਾ ਹੈ ਕਿ ਇਹ ਪਾਰਟੀ ਧਰਮ ਜਾਂ ਵਿਰਸੇ ਪ੍ਰਤੀ ਸੰਜੀਦਾ ਨਹੀਂ ਹੈ।”
ਇਸ ਤੋਂ ਬਾਅਦ ਮੁੱਖ ਮੰਤਰੀ ਨੇ ਰਸਤੇ ਵਿੱਚ ਰੁਕ ਕੇ ਚਾਹ ਦਾ ਲੰਗਰ ਛਕਿਆ ਅਤੇ ਸੰਗਤ ਨਾਲ ਗੱਲਬਾਤ ਕੀਤੀ।
---------