
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਬਠਿੰਡਾ
ਮਰੀਜ਼ ਦੀ ਜਾਨ ਬਚਾਉਣ ‘ਚ ਮੁੱਢਲਾ ਰੋਲ ਅਦਾ ਕਰਦੇ ਹਨ 108 ਐਬੂਲੈਂਸ ਡਰਾਈਵਰ : ਡਿਪਟੀ ਕਮਿਸ਼ਨਰ
·108 ਐਂਬੂਲੈਂਸ ਡਰਾਈਵਰਾਂ ਨੂੰ ਜੈਕਟਾਂ, ਬੂਟ, ਕੰਬਲ ਤੇ ਬਰਤਨ ਦੇ ਕੇ ਕੀਤਾ ਸਨਮਾਨਿਤ
o ਡਾਕਟਰਾਂ ਵਾਂਗ ਐਬੂਲੈਂਸ ਡਰਾਈਵਰ ਰੱਬ ਦਾ ਦੂਜਾ ਰੂਪ
ਬਠਿੰਡਾ, 1 ਜਨਵਰੀ : ਮਰੀਜ਼ਾਂ ਦੀ ਜਾਨ ਬਚਾਉਣ ਵਿੱਚ 108 ਐਬੂਲੈਂਸ ਡਰਾਈਵਰ ਆਪਣਾ ਵਡਮੁੱਲਾ, ਮੁੱਢਲਾ ਅਤੇ ਅਹਿਮ ਰੋਲ ਅਦਾ ਕਰ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਨਵੇਂ ਸਾਲ ਦੀ ਖੁਸ਼ੀ ਸਾਂਝੀ ਕਰਦਿਆਂ ਸਰਕਾਰੀ ਸਿਹਤ ਸੇਵਾਵਾਂ ਵਿੱਚ ਕੰਮ ਕਰ ਰਹੇ 108 ਐਬੂਲੈਸਾਂ ਦੇ ਡਰਾਈਵਰਾਂ ਨੂੰ ਜੈਕਟਾਂ, ਬੂਟ, ਕੰਬਲ ਤੇ ਬਰਤਨਾਂ ਦੀਆਂ ਕਿੱਟਾਂ ਦੇ ਕੇ ਸਨਮਾਨਿਤ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਿਵਲ ਸਰਜਨ ਡਾ. ਤਪਿੰਦਰਜੋਤ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਐਂਬੂਲੈਂਸ ਡਰਾਈਵਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਦਿਨ-ਰਾਤ, ਸਰਦੀ-ਗਰਮੀ ਦੀ ਪਰਵਾਹ ਕੀਤੇ ਬਿਨਾਂ, ਆਪਣਾ ਆਰਾਮ ਤਿਆਗ ਕੇ ਮਰੀਜਾਂ ਦੀ ਸੇਵਾ ਕਰ ਰਹੇ ਹਨ ਅਤੇ 24 ਘੰਟੇ ਲੋਕਾਂ ਦੀ ਜਾਨ ਬਚਾਉਣ ਲਈ ਮਰੀਜ਼ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕਰਵਾਉਦੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਹਾਦਸਿਆਂ ਦੇ ਸ਼ਿਕਾਰ ਵਿਅਕਤੀਆਂ ਨੂੰ ਸਮੇਂ-ਸਿਰ ਮੁਢੱਲੀ ਡਾਕਟਰੀ ਸਹੂਲਤਾਂ ਮੁਹੱਈਆ ਕਰਵਾ ਕੇ ਅਨੇਕਾਂ ਕੀਮਤੀ ਜਾਨਾਂ ਬਚਾ ਰਹੇ ਹਨ। ਡਾਕਟਰਾਂ ਵਾਂਗ 108 ਐਬੂਲੈਂਸ ਦੇ ਡਰਾਈਵਰ ਵੀ ਰੱਬ ਦਾ ਦੂਜਾ ਰੂਪ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜਿਥੇ ਡਰਾਈਵਰਾਂ ਦੀ ਸਮੱਸਿਆਵਾਂ ਨੂੰ ਸੁਣਿਆ ਉਥੇ ਹੀ ਉਨ੍ਹਾਂ ਕੋਲੋਂ ਮਰੀਜ਼ ਨੂੰ ਹੋਰ ਸੁਚੱਜੇ ਢੰਗ ਨਾਲ ਮੁੱਢਲੀ ਸਹਾਇਤਾ ਮੁਹੱਈਆ ਕਰਵਾਉਣ ਲਈ ਲੋੜੀਂਦੇ ਸੁਝਾਅ ਵੀ ਲਏ। ਇਸ ਦੌਰਾਨ ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ 31 ਮਾਰਚ ਤੋਂ ਪਹਿਲਾ-ਪਹਿਲਾ ਹੋਰ ਐਬੂਲੈਂਸਾਂ ਵੀ ਜ਼ਰੂਰਤ ਅਨੁਸਾਰ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ। ਇਸ ਦੌਰਾਨ ਡਰਾਈਵਰਾਂ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅਨੁਪਮਾ ਸ਼ਰਮਾ, ਜ਼ਿਲ੍ਹਾ ਸਿਹਤ ਅਫਸਰ ਡਾ. ਊਸ਼ਾ ਗੋਇਲ, ਜ਼ਿਲ੍ਹਾ ਟੀਕਾਕਰਨ ਅਫਸਰ ਡਾ ਮੀਨਾਕਸ਼ੀ ਸਿੰਗਲਾ, ਐਸਐਮਓ ਡਾ. ਸੋਨੀਆਂ ਗੁਪਤਾ, ਜ਼ਿਲ੍ਹਾ ਪਰਿਵਾਰ ਤੇ ਭਲਾਈ ਅਫਸਰ ਡਾ. ਸੁਖਜਿੰਦਰ ਸਿੰਘ ਗਿੱਲ, ਸਕੱਤਰ ਰੈਡ ਕਰਾਸ ਸ੍ਰੀ ਦਰਸ਼ਨ ਕੁਮਾਰ ਆਦਿ ਹਾਜ਼ਰ ਸਨ।