
ਬੇਸਹਾਰਾ ਬੱਚਿਆਂ ਨੂੰ ਬਾਲ ਸੁਰੱਖਿਆ ਵਿਭਾਗ ਵੱਲੋਂ ਸਕੂਲ ਵਿਚ ਕਰਵਾਇਆ ਜਾਂਦੈ ਦਾਖ਼ਲ-ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ
ਬਾਲ ਭੀਖਿਆ ਰੋਕਣ ਲਈ ਬਾਲ ਸੁਰੱਖਿਆ ਵਿਭਾਗ ਵੱਲੋਂ ਮਾਨਸਾ 'ਚ ਚੈਕਿੰਗ
ਬੱਚਿਆਂ ਦੀ ਸੁਰੱਖਿਆ ਤੇ ਭਲਾਈ ਲਈ 1098 ਹੈਲਪਲਾਈਨ 'ਤੇ ਦਿੱਤੀ ਜਾ ਸਕਦੀ ਹੈ ਸੂਚਨਾ
ਮਾਨਸਾ, 02 ਜਨਵਰੀ:
ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਖੁਸ਼ਵੀਰ ਕੌਰ ਤੇ ਬਾਲ ਵਿਕਾਸ ਅਫ਼ਸਰ ਹਰਜਿੰਦਰ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਮਾਨਸਾ ਮਾਨਸਾ ਸ਼ਹਿਰ ਵਿੱਚ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਾਲ ਭਿਖਿਆ ਨੂੰ ਰੋਕਣ ਲਈ ਇੱਕ ਵਿਸ਼ੇਸ਼ ਚੈਕਿੰਗ ਕੀਤੀ ਗਈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਇਸ ਚੈਕਿੰਗ ਦਾ ਮੁੱਖ ਮੰਤਵ ਬੱਚਿਆਂ ਨੂੰ ਭੀਖ ਮੰਗਣ, ਬਾਲ ਮਜ਼ਦੂਰੀ ਅਤੇ ਹਰ ਤਰ੍ਹਾਂ ਦੇ ਸ਼ੋਸ਼ਣ ਤੋਂ ਬਚਾਉਣਾ ਹੈ ਤਾਂ ਜੋ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਟੀਮ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ, ਖ਼ਾਸ ਕਰਕੇ ਸਲੱਮ ਏਰੀਏ ਵਿੱਚ ਵਿਸ਼ੇਸ਼ ਤੌਰ ‘ਤੇ ਚੈਕਿੰਗ ਕੀਤੀ ਗਈ ਅਤੇ ਭੀਖ ਮੰਗਦੇ ਬੱਚਿਆਂ ਦੀ ਭਾਲ ਕਰਕੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਅਪਰਾਧ ਬਾਰੇ ਜਾਣੂ ਕਰਵਾਇਆ ਗਿਆ ਅਤੇ ਆਮ ਲੋਕਾਂ ਨਾਲ ਰਾਬਤਾ ਕਰਦਿਆਂ ਉਨ੍ਹਾਂ ਨੂੰ ਬੱਚਿਆਂ ਦੇ ਅਧਿਕਾਰਾਂ, ਸਿੱਖਿਆ ਦੀ ਮਹੱਤਤਾ ਅਤੇ ਬੱਚਿਆਂ ਨਾਲ ਹੋ ਰਹੇ ਅਪਰਾਧਾਂ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਕਰਮਚਾਰੀ ਭੂਸ਼ਣ ਸਿੰਗਲਾ ਨੇ ਦੱਸਿਆ ਕਿ ਇਸ ਚੈਕਿੰਗ ਦਾ ਮੁੱਖ ਉਦੇਸ਼ ਬੱਚਿਆਂ ਨੂੰ ਬਾਲ ਮਜ਼ਦੂਰੀ, ਬਾਲ ਭਿਖਿਆ ਅਤੇ ਬੱਚਿਆਂ ਦੇ ਸ਼ੋਸ਼ਣ ਤੋਂ ਬਚਾਉਣਾ ਹੈ, ਤਾਂ ਜੋ ਉਨ੍ਹਾਂ ਨੂੰ ਸਕੂਲਾਂ ਵਿੱਚ ਭੇਜ ਕੇ ਚੰਗਾ ਭਵਿੱਖ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਤੇ ਸਿੱਖਿਆ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਬਾਲ ਮਜ਼ਦੂਰੀ, ਬਾਲ ਭਿਖਿਆ, ਬੱਚਿਆਂ ਨਾਲ ਛੇੜਛਾੜ ਅਤੇ ਜਿਨਸੀ ਸ਼ੋਸ਼ਣ ਵਰਗੀਆਂ ਬੁਰਾਈਆਂ ਬਾਰੇ ਵੀ ਜਾਗਰੂਕ ਕੀਤਾ।
ਉਨ੍ਹਾਂ ਦੱਸਿਆ ਕਿ ਜੇ ਕਿਸੇ ਨੂੰ ਬਾਲ ਭਿਖਿਆ, ਬਾਲ ਵਿਆਹ ਜਾਂ ਕਿਸੇ ਵੀ ਮੁਸੀਬਤ ਵਿੱਚ ਫਸੇ ਬੱਚੇ ਬਾਰੇ ਜਾਣਕਾਰੀ ਮਿਲੇ ਤਾਂ ਤੁਰੰਤ ਚਾਇਲਡ ਹੈਲਪਲਾਈਨ ਨੰਬਰ 1098 ‘ਤੇ ਸੂਚਨਾ ਦਿੱਤੀ ਜਾ ਸਕਦੀ ਹੈ। ਇਸ ਮੌਕੇ ਟੀਮ ਵੱਲੋਂ ਆਮ ਲੋਕਾਂ ਨੂੰ ਬੱਚਾ ਗੋਦ ਲੈਣ ਦੀ ਪ੍ਰਕਿਰਿਆ, ਸਪੋਂਸਰਸ਼ਿਪ ਸਕੀਮਾਂ ਅਤੇ ਬੱਚਿਆਂ ਦੀ ਸੁਰੱਖਿਆ ਨਾਲ ਸੰਬੰਧਿਤ ਵੱਖ-ਵੱਖ ਸਰਕਾਰੀ ਯੋਜਨਾਵਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਭੀਖ ਮੰਗ ਰਹੇ ਦੋ ਬੱਚਿਆਂ ਨੂੰ ਮਾਪਿਆਂ ਦੇ ਹਵਾਲੇ ਕੀਤਾ ਗਿਆ ਤੇ ਮਾਪਿਆਂ ਨੂੰ ਜਾਗਰੂਕ ਕੀਤਾ ਕਿ ਬੱਚਿਆਂ ਨੂੰ ਪੜ੍ਹਨ ਲਈ ਭੇਜਿਆ ਜਾਵੇ। ਜਿੰਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਨਹੀਂ ਹਨ ਉਹਨਾਂ ਬੱਚਿਆਂ ਨੂੰ ਬਾਲ ਸੁਰੱਖਿਆ ਵਿਭਾਗ ਸਕੂਲ ਵਿੱਚ ਦਾਖਲ ਕਰਵਾਉਂਦਾ ਹੈ।
ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਤੋਂ ਹਰਦੀਪ ਕੁਮਾਰ, ਚਾਇਲਡ ਹੈਲਪਲਾਈਨ ਤੋਂ ਮੈਡਮ ਸ਼ੈਲੀ, ਬਾਲ ਭਲਾਈ ਕਮੇਟੀ ਮੈਂਬਰ ਮਹਿੰਦਰ ਪਾਲ ਸਿੰਘ, ਮਾਨਸਾ ਥਾਣਾ ਸੀਟੀ-2, ਹਰਪ੍ਰੀਤ ਸਿੰਘ, ਕਾਲੀ ਚਰਨ ਅਤੇ ਬਬੀਤਾ ਰਾਣੀ ਮੌਜੂਦ ਸਨ।