
ਐੱਨਐੱਚ-54 ਦੇ ਜੋਧਪੁਰ ਰੋਮਾਣਾ (ਬਠਿੰਡਾ) - ਸੰਗਤ ਕਲਾਂ - ਮੰਡੀ ਡੱਬਵਾਲੀ ਸੈਕਸ਼ਨ ਦੇ 6-ਮਾਰਗੀਕਰਨ ਅਤੇ ਅਪਗ੍ਰੇਡੇਸ਼ਨ ਦਾ ਸਥਾਨ ਨਿਰੀਖਣ
ਬਠਿੰਡਾ, 09/01/2026
ਰਾਸ਼ਟਰੀ ਰਾਜਮਾਰਗ-54 ਦੇ ਜੋਧਪੁਰ ਰੋਮਾਣਾ (ਬਠਿੰਡਾ) - ਸੰਗਤ ਕਲਾਂ - ਮੰਡੀ ਡੱਬਵਾਲੀ ਸੈਕਸ਼ਨ ਨੂੰ 6-ਮਾਰਗੀ ਬਣਾਉਣ ਅਤੇ ਅਪਗ੍ਰੇਡੇਸ਼ਨ ਦਾ ਕੰਮ ਕਾਫ਼ੀ ਹੱਦ ਤੱਕ ਪੂਰਾ ਹੋ ਗਿਆ ਹੈ। ਐੱਨਐੱਚਏਆਈ ਵਲੋਂ ਵਿਕਸਿਤ ਕੀਤੇ ਗਏ ਇਸ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਦੀ ਪ੍ਰਗਤੀ ਅਤੇ ਅਮਲ ਦੀ ਸਮੀਖਿਆ ਕਰਨ ਲਈ ਇੱਕ ਪ੍ਰੋਜੈਕਟ ਸਥਾਨ ਨਿਰੀਖਣ ਕੀਤਾ ਗਿਆ।
ਇਹ ਪ੍ਰੋਜੈਕਟ ਅੰਮ੍ਰਿਤਸਰ-ਬਠਿੰਡਾ-ਜਾਮਨਗਰ ਆਰਥਿਕ ਗਲਿਆਰੇ ਦਾ ਇੱਕ ਅਨਿੱਖੜਵਾਂ ਅੰਗ ਹੈ, ਜੋ ਕਿ ਇੱਕ ਰਣਨੀਤਕ ਤੌਰ 'ਤੇ ਮਹੱਤਵਪੂਰਨ ਗਲਿਆਰਾ ਹੈ ਜਿਸਦਾ ਮੰਤਵ ਪੰਜਾਬ ਅਤੇ ਪੱਛਮੀ ਭਾਰਤ ਵਿਚਾਲੇ ਆਰਥਿਕ ਸੰਪਰਕ ਨੂੰ ਮਜ਼ਬੂਤ ਕਰਨਾ ਹੈ। ਪ੍ਰੋਜੈਕਟ ਸੈਕਸ਼ਨ ਬਠਿੰਡਾ ਜ਼ਿਲ੍ਹੇ ਦੇ ਜੋਧਪੁਰ ਰੋਮਾਣਾ ਪਿੰਡ ਤੋਂ ਸ਼ੁਰੂ ਹੁੰਦਾ ਹੈ ਅਤੇ ਮੰਡੀ ਡੱਬਵਾਲੀ ਤੱਕ ਜਾਂਦਾ ਹੈ, ਜਿਸਦੀ ਕੁੱਲ ਲੰਬਾਈ 27,400 ਕਿਲੋਮੀਟਰ (ਕਿ.ਮੀ. 00+000 ਤੋਂ ਕਿਲੋਮੀਟਰ 27+400) ਹੈ।
ਇਸ ਪ੍ਰੋਜੈਕਟ ਵਿੱਚ ਮੌਜੂਦਾ ਹਾਈਵੇਅ ਨੂੰ 6-ਮਾਰਗੀ ਢਾਂਚੇ ਵਿੱਚ ਅਪਗ੍ਰੇਡ ਕਰਨਾ ਸ਼ਾਮਲ ਹੈ, ਜੋ ਸੁਰੱਖਿਅਤ, ਤੇਜ਼ ਅਤੇ ਕੁਸ਼ਲ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਅੱਪਗ੍ਰੇਡ ਕੀਤੇ ਰਾਜਮਾਰਗ ਨਾਲ ਯਾਤਰਾ ਦਾ ਸਮਾਂ ਕਾਫ਼ੀ ਘੱਟ ਜਾਵੇਗਾ, ਸੜਕ ਸੁਰੱਖਿਆ ਵਧੇਗੀ, ਅਤੇ ਯਾਤਰੀਆਂ ਅਤੇ ਮਾਲ ਢੋਆ-ਢੁਆਈ ਦੋਵਾਂ ਲਈ ਸਮੁੱਚੀ ਡਰਾਈਵਿੰਗ ਸਬੰਧੀ ਸੌਖ ਵਿੱਚ ਸੁਧਾਰ ਹੋਵੇਗਾ।
ਕੁੱਲ 27.4 ਕਿਲੋਮੀਟਰ ਪ੍ਰੋਜੈਕਟ ਲੰਬਾਈ ਵਿੱਚੋਂ, ਸਿਰਫ 0.310 ਕਿਲੋਮੀਟਰ ਭੂਮੀ ਪ੍ਰਾਪਤੀ ਦੇ ਲੰਬਿਤ ਮੁੱਦਿਆਂ ਕਾਰਨ ਪੂਰਾ ਹੋਣਾ ਬਾਕੀ ਹੈ, ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੁਚੱਜੇ ਢੰਗ ਨਾਲ ਹੱਲ ਕੀਤਾ ਜਾ ਰਿਹਾ ਹੈ; ਇਸ ਦੌਰਾਨ, ਸਮੁੱਚਾ ਹਿੱਸਾ ਪਹਿਲਾਂ ਹੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ, ਜਿਸ ਨਾਲ ਸੜਕ ਉਪਭੋਗਤਾਵਾਂ ਲਈ ਨਿਰਵਿਘਨ ਸੰਪਰਕ ਯਕੀਨੀ ਬਣਾਇਆ ਜਾ ਰਿਹਾ ਹੈ।
ਇਸ ਤੋਂ ਇਲਾਵਾ, ਪਿੰਡ ਜੱਸੀ ਬਾਗਵਾਲੀ ਵਿਖੇ ਸਥਿਤ ਟੋਲ ਪਲਾਜ਼ਾ ਇੱਕ ਅਤਿ-ਆਧੁਨਿਕ ਟੋਲ ਉਗਰਾਹੀ ਪ੍ਰਣਾਲੀ ਨਾਲ ਪੂਰੀ ਤਰ੍ਹਾਂ ਕਾਰਜਸ਼ੀਲ ਹੈ, ਜੋ ਕਿ ਗਲਿਆਰੇ ਦੇ ਰੱਖ-ਰਖਾਅ ਅਤੇ ਸਥਿਰਤਾ ਲਈ ਕੁਸ਼ਲ ਟ੍ਰੈਫਿਕ ਪ੍ਰਬੰਧਨ ਅਤੇ ਯੋਜਨਾਬੱਧ ਮਾਲੀਆ ਉਗਰਾਹੀ ਦੀ ਸਹੂਲਤ ਦਿੰਦਾ ਹੈ।
ਇਹ ਗਲਿਆਰਾ ਆਰਥਿਕ ਤੌਰ 'ਤੇ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਕਈ ਵਿਸ਼ੇਸ਼ ਆਰਥਿਕ ਜ਼ੋਨਾਂ (ਐੱਸਈਜ਼ੈੱਡ) ਅਤੇ ਪ੍ਰਸਤਾਵਿਤ ਉਦਯੋਗਿਕ ਕਲੱਸਟਰਾਂ ਨੂੰ ਸੇਵਾ ਪ੍ਰਦਾਨ ਕਰਦਾ ਹੈ, ਜਿਸ ਵਿੱਚ ਸ਼ਾਮਲ ਹਨ:
* ਲੁਧਿਆਣਾ ਵਿੱਚ ਅੱਠ ਪ੍ਰਸਤਾਵਿਤ ਉਦਯੋਗਿਕ ਕਲੱਸਟਰ, ਭਾਵ:
1. ਆਇਲ ਐਕਸਪੈਲਰ ਅਤੇ ਪੁਰਜ਼ੇ ਕਲੱਸਟਰ
2. ਵਾਇਰ ਡਰਾਇੰਗ ਕਲੱਸਟਰ
3. ਟਰੈਕਟਰ ਪੁਰਜ਼ੇ ਕਲੱਸਟਰ
4. ਸ਼ੀਟ ਧਾਤ ਕਲੱਸਟਰ
5. ਗਾਰਮੈਂਟਸ ਕਲੱਸਟਰ
6. ਆਟੋ ਪੁਰਜ਼ੇ/ਆਟੋ ਟੈੱਕ ਕਲੱਸਟਰ
7. ਸਿਲਾਈ ਮਸ਼ੀਨ ਕਲੱਸਟਰ
8. ਪ੍ਰਿੰਟਿੰਗ ਅਤੇ ਸਟੇਸ਼ਨਰੀ/ਪੈਕਿੰਗ ਕਲੱਸਟਰ
* ਜਲੰਧਰ ਵਿੱਚ ਨੌਂ ਉਦਯੋਗਿਕ ਕਲੱਸਟਰ, ਅਰਥਾਤ:
1. ਖੇਡਾਂ ਦੇ ਸਮਾਨ ਸਬੰਧੀ ਕਲੱਸਟਰ
2. ਦਸਤੀ ਸੰਦ ਕਲੱਸਟਰ
3. ਸਰਜੀਕਲ/ਮੈਡੀਕਲ ਉਪਕਰਣ ਕਲੱਸਟਰ (ਜਲੰਧਰ ਖੇਤਰ)
4. ਰਬੜ ਦੇ ਸਾਮਾਨ/ਵਾਲਵ ਅਤੇ ਕੋਐਕਸ ਕਲੱਸਟਰ
5. ਚਮੜਾ/ਜੁੱਤੇ ਕਲੱਸਟਰ (ਜਲੰਧਰ ਦੇ ਉਦਯੋਗਿਕ ਪ੍ਰੋਫਾਈਲ ਅਨੁਸਾਰ)
6. ਆਟੋ ਪੁਰਜ਼ੇ ਕਲੱਸਟਰ (ਜਲੰਧਰ ਵੇਰੀਐਂਟ)
7. ਖੇਤੀਬਾੜੀ ਉਪਕਰਣ (ਜਲੰਧਰ ਦੇ ਆਲੇ-ਦੁਆਲੇ)
8. ਜਨਰਲ ਇੰਜੀਨੀਅਰਿੰਗ/ਫਾਊਂਡਰੀ-ਸਬੰਧੀ ਗਤੀਵਿਧੀਆਂ
9. ਪ੍ਰਿੰਟਿੰਗ/ਪੈਕਿੰਗ/ਲਾਈਟ ਇੰਜੀਨੀਅਰਿੰਗ (ਪ੍ਰਸਤਾਵਿਤ)
ਬਠਿੰਡਾ ਅਤੇ ਲੁਧਿਆਣਾ ਵਿੱਚ ਇਨ੍ਹਾਂ ਉਦਯੋਗਿਕ ਧੁਰਿਆਂ ਨੂੰ ਸਹਿਜ ਸੰਪਰਕ ਪ੍ਰਦਾਨ ਕਰਕੇ, ਇਸ ਪ੍ਰੋਜੈਕਟ ਤੋਂ ਸਾਮਾਨ ਦੀ ਆਵਾਜਾਈ ਨੂੰ ਸੌਖਾ ਬਣਾਉਣ, ਢੋਆ-ਢੁਆਈ ਲਾਗਤਾਂ ਘਟਾਉਣ ਅਤੇ ਖੇਤਰ ਵਿੱਚ ਉਦਯੋਗਿਕ ਵਿਕਾਸ ਅਤੇ ਨਿਵੇਸ਼ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।
ਆਰਥਿਕ ਲਾਭਾਂ ਤੋਂ ਇਲਾਵਾ, ਇਹ ਪ੍ਰੋਜੈਕਟ ਮਹੱਤਵਪੂਰਨ ਧਾਰਮਿਕ ਅਤੇ ਸੈਰ-ਸਪਾਟਾ ਸਥਾਨਾਂ ਨਾਲ ਸੰਪਰਕ ਨੂੰ ਵੀ ਮਹੱਤਵਪੂਰਨ ਤੌਰ 'ਤੇ ਬਿਹਤਰ ਬਣਾਉਂਦਾ ਹੈ, ਜਿਸ ਨਾਲ ਸੈਰ-ਸਪਾਟਾ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਹੁਲਾਰਾ ਮਿਲਦਾ ਹੈ। ਇਨ੍ਹਾਂ ਵਿੱਚ ਸ਼ਾਮਲ ਹਨ:
* ਅੰਮ੍ਰਿਤਸਰ, ਇੱਕ ਪ੍ਰਮੁੱਖ ਧਾਰਮਿਕ ਅਤੇ ਸੈਰ-ਸਪਾਟਾ ਕੇਂਦਰ।
* ਸੁਲਤਾਨਪੁਰ ਲੋਧੀ, ਜੋ ਇਤਿਹਾਸਕ ਤੌਰ 'ਤੇ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਸਥਾਨ ਹੈ।
* ਤਲਵੰਡੀ ਸਾਬੋ, ਜੋ ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ।
ਇਸ ਰਾਜਮਾਰਗ ਸੈਕਸ਼ਨ ਦਾ ਵਿਕਾਸ ਖੇਤਰੀ ਵਿਕਾਸ ਵਿੱਚ ਵੀ ਯੋਗਦਾਨ ਪਾਵੇਗਾ, ਨਿਰਮਾਣ ਅਤੇ ਸੰਚਾਲਨ ਦੋਵਾਂ ਪੜਾਵਾਂ ਦੌਰਾਨ ਰੁਜ਼ਗਾਰ ਦੇ ਮੌਕੇ ਪੈਦਾ ਕਰੇਗਾ, ਅਤੇ ਸਥਾਨਕ ਭਾਈਚਾਰਿਆਂ, ਕਿਸਾਨਾਂ ਅਤੇ ਕਾਰੋਬਾਰਾਂ ਲਈ ਪਹੁੰਚਯੋਗਤਾ ਵਿੱਚ ਸੁਧਾਰ ਕਰੇਗਾ।
ਇਸ ਸਥਾਨ ਦਾ ਦੌਰਾ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ, ਗਤੀਸ਼ੀਲਤਾ ਵਿੱਚ ਸੁਧਾਰ ਕਰਨ ਅਤੇ ਦੇਸ਼ ਦੇ ਆਰਥਿਕ ਗਲਿਆਰਿਆਂ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਆਧੁਨਿਕ, ਵਿਸ਼ਵ ਪੱਧਰੀ ਰਾਜਮਾਰਗ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਐੱਨਐੱਚਏਆਈ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
*