
ਐਸ.ਡੀ.ਐਮ. ਫਾਜ਼ਿਲਕਾ ਨੇ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਮੁਹਿੰਮ ਤਹਿਤ ਵੱਖ—ਵੱਖ ਵਿਭਾਗੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ
31 ਜਨਵਰੀ 2026 ਤੱਕ ਮਨਾਏ ਜਾਣ ਵਾਲੇ ਸੜਕ ਸੁਰੱਖਿਆ ਮਹੀਨਾ ਦੇ ਮੱਦੇਨਜਰ ਕੀਤਾ ਪੌਸਟਰ ਰਿਲੀਜ
ਸੜਕ ਸੁਰੱਖਿਆ ਮੁਹਿੰਮ ਅਧੀਨ ਵਿਭਾਗਾਂ ਵੱਲੋਂ ਕੀਤੀਆਂ ਜਾਣਗੀਆਂ ਜਾਗਰੂਕਤਾ ਗਤੀਵਿਧੀਆਂ
ਸੜਕੀ ਹਾਦਸਿਆਂ ਨੂੰ ਠਲ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਪਰਾਲੇ ਜਾਰੀ, ਲੋਕ ਦੇਣ ਸਹਿਯੋਗ
ਫਾਜ਼ਿਲਕਾ 9 ਜਨਵਰੀ
ਐਸ.ਡੀ.ਐਮ. ਫਾਜ਼ਿਲਕਾ ਮੈਡਮ ਵੀਰਪਾਲ ਕੌਰ ਨੇ 31 ਜਨਵਰੀ 2026 ਤੱਕ ਮਨਾਏ ਜਾ ਰਹੇ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਮੁਹਿੰਮ ਨੂੰ ਲੈ ਕੇ ਵੱਖ—ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਸੜਕ ਸੁਰੱਖਿਆ ਮਹੀਨਾ ਨੂੰ ਦਰਸ਼ਾਉਂਦਾ ਜਾਗਰੂਕਤਾ ਪੋਸਟਰ ਵੀ ਰਿਲੀਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਹੀਨੇ ਭਰ ਚੱਲਣ ਵਾਲੀ ਮੁਹਿੰਮ ਦੌਰਾਨ ਵਿਭਾਗੀ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਸੜਕੀ ਨਿਯਮਾਂ ਪ੍ਰਤੀ ਜਾਣੂੰ ਕਰਵਾਉਣ ਲਈ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਣਗੀਆਂ ਤਾਂ ਜ਼ੋ ਸੜਕੀ ਹਾਦਸਿਆਂ ਨੂੰ ਪੂਰੀ ਤਰ੍ਹਾਂ ਠਲ ਪਾਈ ਜਾ ਸਕੇ।
ਬੈਠਕ ਦੌਰਾਨ ਐਸ.ਡੀ.ਐਮ. ਨੇ ਵਿਭਾਗਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਮੁਹਿੰਮ ਦੌਰਾਨ ਜਨਤਕ ਥਾਵਾਂ, ਬਜਾਰਾਂ, ਕਾਲਜਾਂ, ਸਰਦੀ ਦੀਆਂ ਛੁੱਟੀਆਂ ਉਪਰੰਤ ਸਕੂਲਾਂ ਵਿਚ ਜਨਤਕ ਕੈਂਪ ਲਗਾਏ ਜਾਣ। ਇਸ ਤੋਂ ਇਲਾਵਾ ਸੜਕ ਸੁਰੱਖਿਆ ਪ੍ਰਤੀ ਨਾਗਰਿਕਾਂ ਨੂੰ ਜਾਗਰੂਕ ਕਰਦਿਆਂ ਆਨਲਾਈਨ ਕੁਇਜ ਮੁਕਾਬਲੇ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਧੁੰਦ ਦੇ ਮੌਸਮ ਦੌਰਾਨ ਵਾਹਨ ਦੀ ਸਪੀਡ ਘੱਟ ਰੱਖਣ, ਵਹੀਕਲ ਚਲਾਉਂਦੇ ਸਮੇਂ ਹੈਲਮੇਟ ਦੀ ਵਰਤੋਂ, ਰੈਡ ਲਾਈਟ ਸਮੇਂ ਰੁਕਣਾ, ਸੀਟ ਬੈਲਟ ਦੀ ਵਰਤੋਂ ਕਰਨ, ਸ਼ਰਾਬ ਪੀ ਕੇ ਗੱਡੀ ਨਾ ਚਲਾਉਣ, ਗੱਡੀ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਨਾ ਕਰਨ, 18 ਸਾਲ ਦੀ ਉਮਰ ਤੋਂ ਬਾਅਦ ਹੀ ਵਹੀਕਲ ਦੀ ਵਰਤੋਂ ਤੇ ਲਾਇਸੰਸ ਬਣਾਉਣ ਆਦਿ ਬਾਰੇ ਪ੍ਰੇਰਿਤ ਕੀਤਾ ਜਾਵੇ।
ਉਨ੍ਹਾਂ ਧੁੰਧ ਦੇ ਮੌਸਮ ਤੇ ਗੱਡੀਆਂ ਦੇ ਪਿੱਛੇ ਰਿਫਲੈਟਰ ਲਗਾਉਣ ਲਈ ਵੀ ਕਿਹਾ। ਉਨ੍ਹਾਂ ਅੱਗੇ ਕਿਹਾ ਕਿ ਬਲੈਕ ਸਪੋਟਾਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਥਾਵਾਂ ਤੇ ਸਾਈਨ ਬੋਰਡ/ਲਾਈਟਾਂ ਆਦਿ ਲਗਾਏ ਜਾਣਗੇ ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਵਾਹਨ ਚਲਾਉਂਦੇ ਸਮੇਂ ਸੜਕ ਸੁਰੱਖਿਆਂ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਪੂਰੀ ਸਾਵਧਾਨੀ ਵਰਤੀ ਜਾਵੇ।
ਇਸ ਮੌਕੇ ਸਹਾਇਕ ਕਮਿਸ਼ਨਰ (ਯੂ.ਟੀ.) ਅਰਵਿੰਦ ਕੁਮਾਰ, ਏ.ਟੀ.ਓ ਸੁਖਚਰਨ ਸਿੰਘ, ਕਾਰਜ ਸਾਧਕ ਅਫਸਰ ਵਿਕਰਮ ਧੂੜੀਆ, ਡਾ. ਐਰਿਕ, ਮੰਡੀ ਵਿਭਾਗ ਤੋਂ ਵਰੁਨ, ਸੁਨੀਲ ਕੁਮਾਰ ਤੋਂ ਇਲਾਵਾ ਪੁਲਿਸ ਤੇ ਟਰੈਫਿਕ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।