Arth Parkash : Latest Hindi News, News in Hindi
ਡੇਰਾਬੱਸੀ ਦੇ ਸਕੂਲ ਵਿੱਚ ਟਰੈਫਿਕ ਪੁਲਿਸ ਵੱਲੋਂ ਬੱਚਿਆਂ ਨੂੰ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਸੈਸ਼ਨ ਡੇਰਾਬੱਸੀ ਦੇ ਸਕੂਲ ਵਿੱਚ ਟਰੈਫਿਕ ਪੁਲਿਸ ਵੱਲੋਂ ਬੱਚਿਆਂ ਨੂੰ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਸੈਸ਼ਨ
Saturday, 17 Jan 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਡੇਰਾਬੱਸੀ ਦੇ ਸਕੂਲ ਵਿੱਚ ਟਰੈਫਿਕ ਪੁਲਿਸ ਵੱਲੋਂ ਬੱਚਿਆਂ ਨੂੰ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਸੈਸ਼ਨ

 

ਡੇਰਾਬੱਸੀ,17ਜਨਵਰੀ (ਜਸਬੀਰ ਸਿੰਘ)

 

ਟਰੈਫਿਕ ਇੰਚਾਰਜ ਸੁਰਿੰਦਰ ਸਿੰਘ, ਪੁਲਿਸ ਡੇਰਾਬੱਸੀ ਵੱਲੋਂ ਐਸਐਸਪੀ ਹਰਮਨ ਹੰਸ, ਐਸਪੀ ਟਰੈਫਿਕ ਨਵਨੀਤ ਸਿੰਘ ਮੱਲ, ਡੀਐਸਪੀ ਟਰੈਫਿਕ ਕਰਨੈਲ ਸਿੰਘ ਅਤੇ ਡੀਐਸਪੀ ਡੇਰਾਬੱਸੀ ਬਿਕਰਮ ਬਰਾੜ ਦੇ ਨਿਰਦੇਸ਼ਾਂ ਹੇਠ ਡੇਰਾਬੱਸੀ ਸਥਿਤ ਸ੍ਰੀਮਤੀ ਐਨ. ਐਨ. ਮੋਹਨ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਵਿੱਚ ਬੱਚਿਆਂ ਲਈ ਟਰੈਫਿਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।

ਇਸ ਮੌਕੇ ਟਰੈਫਿਕ ਇੰਚਾਰਜ ਸੁਰਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਆਵਾਜਾਈ ਦੇ ਨਿਯਮਾਂ ਅਤੇ ਸੜਕ ਸੁਰੱਖਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਬੱਚਿਆਂ ਨੂੰ ਸਮਝਾਇਆ ਕਿ ਪੈਦਲ ਚਲਦੇ ਸਮੇਂ ਸੜਕ ਪਾਰ ਕਰਦਿਆਂ ਹਮੇਸ਼ਾਂ ਸੱਜੇ ਅਤੇ ਖੱਬੇ ਪਾਸੇ ਧਿਆਨ ਨਾਲ ਦੇਖਣਾ ਚਾਹੀਦਾ ਹੈ ਅਤੇ ਜਿੱਥੇ ਟਰੈਫਿਕ ਲਾਈਟਾਂ ਅਤੇ ਜੈਬਰਾ ਕ੍ਰਾਸਿੰਗ ਹੋਵੇ, ਉਥੇ ਹੀ ਰੋਡ ਪਾਰ ਕਰਨਾ ਚਾਹੀਦਾ ਹੈ।

ਟਰੈਫਿਕ ਇੰਚਾਰਜ ਨੇ ਬੱਚਿਆਂ ਲਈ ਟਰੈਫਿਕ ਨਿਯਮ ਦੱਸਦਿਆਂ ਕਿਹਾ ਕਿ ਫੁੱਟਪਾਥ ਦਾ ਇਸਤੇਮਾਲ ਕਰਨਾ, ਸੜਕ ’ਤੇ ਦੌੜ-ਭੱਜ ਨਾ ਕਰਨੀ, ਸਾਈਕਲ ਚਲਾਉਂਦੇ ਸਮੇਂ ਖੱਬੇ ਪਾਸੇ ਰਹਿਣਾ, ਹੈਲਮੈਟ ਪਹਿਨਣਾ, ਮੋਬਾਈਲ ਫ਼ੋਨ ਜਾਂ ਹੈੱਡਫ਼ੋਨ ਲਗਾ ਕੇ ਸੜਕ ਪਾਰ ਨਾ ਕਰਨੀ ਅਤੇ ਸਕੂਲ ਆਉਣ-ਜਾਣ ਸਮੇਂ ਟਰੈਫਿਕ ਪੁਲਿਸ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ।

ਖਰਾਬ ਮੌਸਮ ਅਤੇ ਧੁੰਦ ਦੇ ਮੱਦੇਨਜ਼ਰ ਉਨ੍ਹਾਂ ਨੇ ਬੱਚਿਆਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ। ਨਾਲ ਹੀ ਸਕੂਲ ਸਟਾਫ ਨੂੰ ਕਿਹਾ ਗਿਆ ਕਿ ਧੁੰਦ ਕਾਰਨ ਬੱਚੇ ਦੇਰ ਨਾਲ ਆ ਸਕਦੇ ਹਨ, ਇਸ ਲਈ ਲੇਟ ਆਉਣ ’ਤੇ ਬੱਚਿਆਂ ਨੂੰ ਡਾਂਟਿਆ ਨਾ ਜਾਵੇ।

ਇਸ ਦੌਰਾਨ ਵਿਦਿਆਰਥੀਆਂ ਵੱਲੋਂ ਸਵਾਲ-ਜਵਾਬ ਵੀ ਕੀਤੇ ਗਏ। ਐਨਸੀਸੀ ਦੇ ਵਿਦਿਆਰਥੀਆਂ ਨੇ ਟਰੈਫਿਕ ਇੰਚਾਰਜ ਨੂੰ ਟਰੈਫਿਕ ਕੰਟਰੋਲ ਕਰਨ ਦਾ ਮੌਕਾ ਦੇਣ ਦੀ ਬੇਨਤੀ ਕੀਤੀ, ਜਿਸ ’ਤੇ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਕਿਸੇ ਨਿਰਧਾਰਿਤ ਦਿਨ ਐਨਸੀਸੀ ਡਰੈੱਸ ਵਿੱਚ ਵਿਦਿਆਰਥੀਆਂ ਨੂੰ ਇੱਕ ਘੰਟੇ ਲਈ ਟਰੈਫਿਕ ਪੁਲਿਸ ਨਾਲ ਡਿਊਟੀ ’ਤੇ ਸ਼ਾਮਲ ਕੀਤਾ ਜਾਵੇਗਾ। 

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਪ੍ਰੀਤਮ ਦਾਸ ਵੱਲੋਂ ਟਰੈਫਿਕ ਇੰਚਾਰਜ ਨੂੰ ਫੁੱਲਾਂ ਦਾ ਬੁੱਕਾ ਦੇ ਕ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਪ੍ਰੀਤਮ ਦਾਸ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਸਿਰਫ਼ ਪੁਲਿਸ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ, ਖਾਸ ਕਰਕੇ ਵਿਦਿਆਰਥੀਆਂ ਦੀ ਵੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਬੱਚਿਆਂ ਨੂੰ ਸੁਝਾਅ ਦਿੱਤਾ ਕਿ ਸਕੂਲ ਆਉਂਦੇ-ਜਾਂਦੇ ਸਮੇਂ ਹਮੇਸ਼ਾਂ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ, ਮਾਪਿਆਂ ਨੂੰ ਵੀ ਹੈਲਮੈਟ ਅਤੇ ਸੀਟ ਬੈਲਟ ਵਰਗੇ ਨਿਯਮਾਂ ਲਈ ਪ੍ਰੇਰਿਤ ਕਰਨ ਅਤੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਵੀ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਮੇਤ ਸਟਾਫ ਮੈਂਬਰ ਸਮੀਤਾ ਆਹੂਜਾ, ਸਾਧਨਾ ਸ਼ਰਮਾ, ਆਸ਼ਿਮਾ ਜੀ ਹਾਜ਼ਰ ਰਹੇ।