
ਦੱਪਰ ਕਲੋਨੀ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਭਾਜਪਾ ਦੀ ਵੱਡੀ ਮੀਟਿੰਗ, ਆਪ ਸਰਕਾਰ ਖ਼ਿਲਾਫ਼ ਭੜਕੇ ਲੋਕ
ਲਾਲੜੂ, 19ਜਨਵਰੀ (ਜਸਬੀਰ ਸਿੰਘ )
ਲਾਲੜੂ (ਨਗਰ ਕੌਂਸਲ) ਅਧੀਨ ਪੈਂਦੇ ਪਿੰਡ ਦੱਪਰ ਕਲੋਨੀ ਦੇ ਵਾਰਡ ਨੰਬਰ 16 ਅਤੇ 17 ਵਿੱਚ ਅੱਜ ਭਾਜਪਾ ਵੱਲੋਂ ਇੱਕ ਵੱਡੀ ਜਨ ਸਭਾ/ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ (ਬੰਨੀ) ਸੰਧੂ ਨੇ ਕਲੋਨੀ ਵਾਸੀਆਂ ਨਾਲ ਸਿੱਧਾ ਸੰਵਾਦ ਕਰਦੇ ਹੋਏ ਉਨ੍ਹਾਂ ਦੀਆਂ ਮੁੱਖ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ।
ਮੀਟਿੰਗ ਦੌਰਾਨ ਮਨੋਜ ਮਿਸ਼ਰਾ, ਸੁਖਦੇਵ ਸਿੰਘ, ਬਾਬਾ ਸਮਪੂਰਨ ਸਿੰਘ, ਸਨਮ ਪਾਲ ਸਮੇਤ ਹੋਰ ਕਈ ਕਲੋਨੀ ਵਾਸੀਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹੁਣ ਤੱਕ ਦੱਪਰ ਕਲੋਨੀ ਵਿੱਚ ਵਿਕਾਸ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ। ਸੜਕਾਂ ਦੀ ਮਾੜੀ ਹਾਲਤ, ਸਫ਼ਾਈ ਦੀ ਕਮੀ, ਪੀਣ ਵਾਲੇ ਪਾਣੀ ਅਤੇ ਸਟ੍ਰੀਟ ਲਾਈਟਾਂ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਮੌਕੇ ਸੰਬੋਧਨ ਕਰਦੇ ਹੋਏ ਮਨਪ੍ਰੀਤ ਸਿੰਘ (ਬੰਨੀ) ਸੰਧੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਵੀ ਲੋਕਾਂ ਨਾਲ ਕੀਤੇ ਵਾਅਦੇ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਿਤ ਰਹੇ ਹਨ। ਉਨ੍ਹਾਂ ਕਿਹਾ ਕਿ ਦੱਪਰ ਕਲੋਨੀ ਦੇ ਵਾਸੀ ਅਜੇ ਵੀ ਬੁਨਿਆਦੀ ਸੁਵਿਧਾਵਾਂ ਲਈ ਤਰਸ ਰਹੇ ਹਨ, ਜੋ ਕਿ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦਾ ਹੈ।
ਭਾਜਪਾ ਆਗੂ ਨੇ ਕਲੋਨੀ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੀਆਂ ਮਿਊਂਸਿਪਲ ਕੌਂਸਲ (ਐਮ.ਸੀ.) ਚੋਣਾਂ ਵਿੱਚ ਜੇਕਰ ਭਾਜਪਾ ਦੇ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਇਆ ਗਿਆ ਤਾਂ ਹਰ ਇਕ ਸਮੱਸਿਆ ਨੂੰ ਤਰਜੀਹ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਨਗਰ ਨੀਤੀ ਲੋਕ-ਹਿਤੈਸ਼ੀ ਹੈ ਅਤੇ ਜਿੱਤ ਤੋਂ ਬਾਅਦ ਦੱਪਰ ਕਲੋਨੀ ਦੇ ਵਿਕਾਸ ਲਈ ਠੋਸ ਉਪਰਾਲੇ ਕੀਤੇ ਜਾਣਗੇ।
ਇਸ ਮੌਕੇ ਭਾਜਪਾ ਦੇ ਰਿਕੂ ਪੰਡਿਤ, ਬੰਟੀ ਸ਼ਰਮਾ, ਮਨੀਸ਼ ਧੀਮਾਨ ਸਮੇਤ ਕਈ ਹੋਰ ਪਾਰਟੀ ਆਗੂ ਅਤੇ ਵੱਡੀ ਗਿਣਤੀ ਵਿੱਚ ਕਲੋਨੀ ਵਾਸੀ ਹਾਜ਼ਰ ਰਹੇ।