
ਡੇਰਾਬੱਸੀ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਹਤ ਯੋਜਨਾ ਤਹਿਤ ਸਿਹਤ ਕਾਰਡ ਬਣਨੇ ਸ਼ੁਰੂ - ਵਿਧਾਇਕ ਕੁਲਜੀਤ ਸਿੰਘ ਰੰਧਾਵਾ
ਖੁਦ ਪੰਜੀਕਰਣ ਕੇਂਦਰਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ
ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 29 ਜਨਵਰੀ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਡੇਰਾਬੱਸੀ ਹਲਕੇ ਦੇ ਡੇਰਾਬੱਸੀ ਲਾਲੜੂ ਹੰਡੇਸਰਾ ਤੇ ਜ਼ੀਰਕਪੁਰ ਖੇਤਰਾਂ ਦੇ ਵਿੱਚ 13 ਵੱਖ ਵੱਖ ਥਾਵਾਂ ਤੇ ਸਥਿਤ ਸੀਐਸਸੀ ਸੈਂਟਰਾਂ ਵਿੱਚ ਆਮ ਨਾਗਰਿਕਾਂ ਦੇ ਸਿਹਤ ਯੋਜਨਾ ਕਾਰਡ ਬਣਾਉਣ ਦੀ ਪ੍ਰਕਿਰਿਆ ਪੂਰੀ ਕੀਤੀ ਗਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਆਪਣੇ ਸਿਹਤ ਕਾਰਡ ਬਣਵਾਏ ਅਤੇ ਪੰਜਾਬ ਸਰਕਾਰ ਦੀ ਇਸ ਲੋਕ-ਹਿਤੈਸ਼ੀ ਯੋਜਨਾ ਨਾਲ ਜੁੜੇ।
ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਖ਼ੁਦ ਪੰਜੀਕਰਨ ਕੇਂਦਰਾਂ ਦਾ ਦੌਰਾ ਕੀਤਾ ਤੇ ਕਿਹਾ ਕਿ “ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਹਤ ਯੋਜਨਾ ਪੰਜਾਬ ਸਰਕਾਰ ਦੀ ਇੱਕ ਇਤਿਹਾਸਕ ਅਤੇ ਲੋਕ-ਕਲਿਆਣਕਾਰੀ ਯੋਜਨਾ ਹੈ, ਜਿਸ ਦੇ ਤਹਿਤ ਹਰ ਪਰਿਵਾਰ ਨੂੰ ਇੱਕ ਸਾਲ ਵਿੱਚ 10 ਲੱਖ ਰੁਪਏ ਤੱਕ ਦਾ ਮੁਫ਼ਤ ਅਤੇ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਯੋਜਨਾ ਨਾਲ ਲੱਖਾਂ ਪਰਿਵਾਰਾਂ ਨੂੰ ਸਿੱਧਾ ਲਾਭ ਮਿਲ ਰਿਹਾ ਹੈ।”
ਉਨ੍ਹਾਂ ਅੱਗੇ ਕਿਹਾ ਕਿ ਮਹਿੰਗੇ ਇਲਾਜ ਦੇ ਇਸ ਦੌਰ ਵਿੱਚ ਇਹ ਯੋਜਨਾ ਗਰੀਬ ਅਤੇ ਮੱਧ ਵਰਗ ਲਈ ਵੱਡੀ ਰਾਹਤ ਸਾਬਤ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਮਕਸਦ ਹੈ ਕਿ ਕੋਈ ਵੀ ਨਾਗਰਿਕ ਇਲਾਜ ਦੀ ਕਮੀ ਕਾਰਨ ਪਰੇਸ਼ਾਨ ਨਾ ਹੋਵੇ ਅਤੇ ਸਿਹਤ ਸੇਵਾਵਾਂ ਹਰ ਘਰ ਤੱਕ ਪਹੁੰਚਣ।
ਇਸ ਪ੍ਰਕਿਰਿਆ ਦੌਰਾਨ ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਨੇ ਸਰਗਰਮ ਭੂਮਿਕਾ ਨਿਭਾਈ। ਵਾਲੰਟੀਅਰਾਂ ਵੱਲੋਂ ਲੋਕਾਂ ਨੂੰ ਯੋਜਨਾ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਲੋੜੀਂਦੇ ਦਸਤਾਵੇਜ਼ਾਂ ਦੇ ਆਧਾਰ ’ਤੇ ਸਿਹਤ ਕਾਰਡ ਬਣਾਉਣ ਦੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਪੂਰਾ ਕਰਵਾਇਆ ਗਿਆ।
ਬੁਜ਼ੁਰਗਾਂ, ਮਹਿਲਾਵਾਂ ਅਤੇ ਜ਼ਰੂਰਤਮੰਦ ਪਰਿਵਾਰਾਂ ਨੇ ਵੱਡੀ ਗਿਣਤੀ ਵਿੱਚ ਇਸ ਸਹੂਲਤ ਦਾ ਲਾਭ ਉਠਾਇਆ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਹਤ ਯੋਜਨਾ ਤਹਿਤ ਜ਼ਿਲ੍ਹਾ ਐੱਸਏਐੱਸ ਨਗਰ (ਮੋਹਾਲੀ) ਦੇ ਕਈ ਪ੍ਰਮੁੱਖ ਸਰਕਾਰੀ ਅਤੇ ਨਿੱਜੀ ਹਸਪਤਾਲ ਸੂਚੀਬੱਧ ਹਨ, ਜਿਨ੍ਹਾਂ ਵਿੱਚ ਜੇ.ਪੀ. ਆਈ ਹਸਪਤਾਲ, ਗਰੇਸ਼ੀਅਨ ਸੁਪਰ ਸਪੈਸ਼ਲਟੀ ਹਸਪਤਾਲ, ਕੌਸ਼ਲ ਹਸਪਤਾਲ ਖਰੜ, ਅਮਰ ਹਸਪਤਾਲ, ਕੰਬੋਜ ਮਲਟੀ ਸਪੈਸ਼ਲਟੀ ਹਸਪਤਾਲ ਖਰੜ, ਇੰਡਸ ਇੰਟਰਨੈਸ਼ਨਲ ਹਸਪਤਾਲ, ਐਮਕੇਅਰ ਹਸਪਤਾਲ, ਇੰਡਸ ਸੁਪਰ ਸਪੈਸ਼ਲਟੀ ਹਸਪਤਾਲ, ਸ੍ਰੀ ਸੁਖਮਨੀ ਮਲਟੀ ਸਪੈਸ਼ਲਟੀ ਹਸਪਤਾਲ ਡੇਰਾਬੱਸੀ, ਭਗਾਲੀ ਹਸਪਤਾਲ, ਇੰਡਸ ਹਸਪਤਾਲ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰਿਟੇਬਲ ਆਈ ਹਸਪਤਾਲ ਟਰਸਟ ਸੋਹਾਣਾ, ਚੌਧਰੀ ਹਸਪਤਾਲ, ਜੇ.ਪੀ. ਹਸਪਤਾਲ, ਏਸ ਹਾਰਟ ਐਂਡ ਵੈਸਕੂਲਰ ਇੰਸਟੀਚਿਊਟ, ਚੀਮਾ ਮੈਡੀਕਲ ਕਾਮਪਲੈਕਸ, ਐਡਿਸਨ ਹਸਪਤਾਲ ਅਤੇ ਮਾਇ ਹਸਪਤਾਲ ਸ਼ਾਮਲ ਹਨ।
ਇਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਹਤ ਯੋਜਨਾ ਡੇਰਾਬੱਸੀ ਸਮੇਤ ਪੂਰੇ ਖੇਤਰ ਵਿੱਚ ਆਮ ਲੋਕਾਂ ਲਈ ਸਿਹਤ ਸੁਰੱਖਿਆ ਦੀ ਮਜ਼ਬੂਤ ਢਾਲ ਬਣ ਕੇ ਸਾਹਮਣੇ ਆ ਰਹੀ ਹੈ।