Arth Parkash : Latest Hindi News, News in Hindi
ਤਾਪਮਾਨ ਵਿੱਚ ਵਾਧਾ ਕਣਕ ਲਈ ਚੁਣੌਤੀ, ਮਾਹਿਰਾਂ ਨੇ ਜਾਰੀ ਕੀਤੀਆਂ ਹਦਾਇਤਾਂ ਤਾਪਮਾਨ ਵਿੱਚ ਵਾਧਾ ਕਣਕ ਲਈ ਚੁਣੌਤੀ, ਮਾਹਿਰਾਂ ਨੇ ਜਾਰੀ ਕੀਤੀਆਂ ਹਦਾਇਤਾਂ
Thursday, 19 Feb 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਤਾਪਮਾਨ ਵਿੱਚ ਵਾਧਾ ਕਣਕ ਲਈ ਚੁਣੌਤੀ, ਮਾਹਿਰਾਂ ਨੇ ਜਾਰੀ ਕੀਤੀਆਂ ਹਦਾਇਤਾਂ
ਹੁਸ਼ਿਆਰਪੁਰ, 20 ਫ਼ਰਵਰੀ:
ਪੰਜਾਬ ਵਿੱਚ ਮੌਜੂਦਾ ਰਬੀ ਸੀਜ਼ਨ ਦੌਰਾਨ ਲਗਭਗ 95 ਫੀਸਦੀ ਰਕਬੇ ‘ਤੇ ਕਣਕ ਦੀ ਬਿਜਾਈ 25 ਅਕਤੂਬਰ ਤੋਂ 15 ਨਵੰਬਰ ਦਰਮਿਆਨ ਕੀਤੀ ਗਈ, ਜੋ ਕਿ ਕਣਕ ਬਿਜਾਈ ਲਈ ਢੁਕਵਾਂ ਸਮਾਂ ਮੰਨਿਆ ਜਾਂਦਾ ਹੈ। ਵਿਸ਼ੇਸ਼ ਤੌਰ ‘ਤੇ ਦਾਣੇ ਪੈਣ ਦੇ ਦੌਰਾਨ ਕਣਕ ਦੀ ਫਸਲ ਉੱਚ ਤਾਪਮਾਨ ਲਈ ਬਹੁਤ ਸੰਵੇਦਨਸ਼ੀਲ ਹੁੰਦੀ ਹੈ। ਇਸ ਦੌਰਾਨ ਵਧੇ ਤਾਪਮਾਨ ਦਾ ਦਾਣਿਆਂ ਦੇ ਭਾਰ ‘ਤੇ ਮਾੜਾ ਪ੍ਰਭਾਵ ਪੈਂਦਾ ਹੈ, ਜਿਸ ਨਾਲ ਝਾੜ੍ਹ ਅਤੇ ਗੁਣਵੱਤਾ ਵਿੱਚ ਘਟਾਓ ਆ ਸਕਦਾ ਹੈ। ਹਲਕੀ ਤੋਂ ਦਰਮਿਆਨੀ ਜ਼ਮੀਨ ਵਿੱਚ ਬੀਜੀ ਅਗੇਤੀ ਕਣਕ ਵੱਧ ਤਾਪਮਾਨ ਕਾਰਨ ਜਲਦੀ ਸਿੱਟੇ ਕੱਢ ਕੇ ਪੱਕ ਸਕਦੀ ਹੈ, ਜਿਸ ਨਾਲ ਦਾਣੇ ਕਮਜ਼ੋਰ ਰਹਿ ਜਾਂਦੇ ਹਨ।

ਫਰਵਰੀ 2026 ਦੇ ਦੂਜੇ ਹਫਤੇ ਦੌਰਾਨ ਤਾਪਮਾਨ ਪਿਛਲੇ ਸਾਲ ਨਾਲੋਂ ਲਗਭਗ 2 ਤੋਂ 4 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਹੈ। ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਕਣਕ ਦੀ ਫਸਲ ਨੂੰ ਹਲਕਾ ਪਾਣੀ ਲਗਾਇਆ ਜਾਵੇ। ਸਿੰਚਾਈ ਕਰਦੇ ਸਮੇਂ ਹਵਾ ਦੀ ਗਤੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂ ਜੋ ਫਸਲ ਡਿੱਗਣ ਤੋਂ ਬਚ ਸਕੇ।

ਫਸਲ ਵਿਗਿਆਨ ਵਿਭਾਗ ਦੇ ਡਾ. ਹਰੀ ਰਾਮ ਮੁਖੀ ਅਨੁਸਾਰ ਜਿਹੜੀ ਕਣਕ ਗੋਭ ਵਾਲੇ ਪੱਤੇ ਦੀ ਅਵਸਥਾ ‘ਤੇ ਹੈ, ਉਸ ਨੂੰ ਉੱਚ ਤਾਪਮਾਨ ਤੋਂ ਬਚਾਉਣ ਲਈ 2% ਪੋਟਾਸ਼ੀਅਮ ਨਾਈਟ੍ਰੇਟ (13:0:45) ਦੀ ਸਪਰੇਅ ਲਾਭਕਾਰੀ ਰਹਿੰਦੀ ਹੈ। ਇਸ ਲਈ 4 ਕਿਲੋਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪਹਿਲੀ ਸਪਰੇਅ ਗੋਭ ਵਾਲਾ ਪੱਤਾ ਨਿਕਲਣ ਸਮੇਂ ਅਤੇ ਦੂਜੀ ਬੂਰ ਪੈਣ ਵੇਲੇ ਕੀਤੀ ਜਾ ਸਕਦੀ ਹੈ। ਸਪਰੇਅ ਹਮੇਸ਼ਾਂ ਸ਼ਾਮ ਦੇ ਸਮੇਂ ਕਰਨੀ ਚਾਹੀਦੀ ਹੈ।

ਮਾਹਿਰਾਂ ਅਨੁਸਾਰ ਹਲਕੀ ਸਿੰਚਾਈ ਅਤੇ ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇਅ ਨਾਲ ਵਧਦੇ ਤਾਪਮਾਨ ਦੇ ਮਾੜੇ ਪ੍ਰਭਾਵ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ।

ਫਾਰਮ ਸਲਾਹਕਾਰ ਸੇਵਾ ਕੇਂਦਰ ਗੰਗੀਆਂ ਦੀ ਪ੍ਰਮੁੱਖ ਪਸਾਰ ਵਿਗਿਆਨੀ ਡਾ. ਚਰਨਜੀਤ ਕੌਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਨੂੰ ਅਪਣਾ ਕੇ ਕਣਕ ਦੀ ਫਸਲ ਨੂੰ ਵੱਧਦੇ ਤਾਪਮਾਨ ਦੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ।