
ਪ੍ਰੈੱਸ ਨੋਟ
ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (ਐੱਨਐੱਫਐੱਸਏ/NFSA) ਦੇ ਤਹਿਤ ਲਾਭ ਕੇਵਲ ਪਾਤਰ ਅਤੇ ਅਸਲ ਲਾਭਾਰਥੀਆਂ ਤੱਕ ਪਹੁੰਚਣ ਨੂੰ ਸੁਨਿਸ਼ਚਿਤ ਕਰਨ ਅਤੇ ਪਾਰਦਰਸ਼ਤਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਭਾਰਤ ਸਰਕਾਰ ਨੇ ਯੂ.ਟੀ. ਪ੍ਰਸ਼ਾਸਨ, ਚੰਡੀਗੜ੍ਹ ਨੂੰ 61,481 ਸ਼ੱਕੀ ਲਾਭਾਰਥੀਆਂ ਦੀ ਸੂਚੀ ਉਪਲਬਧ ਕਰਵਾਈ ਹੈ। ਇਹ ਸੂਚੀ ਆਰਸੀਐੱਮਐੱਸ (RCMS) ਡੇਟਾ ਦਾ ਭਾਰਤ ਸਰਕਾਰ ਦੀਆਂ ਵਿਭਿੰਨ ਏਜੰਸੀਆਂ ਦੇ ਡਾਟਾਬੇਸ ਜਿਵੇਂ ਸੈਂਟਰਲ ਬੋਰਡ ਆਵ੍ ਡਾਇਰੈਕਟ ਟੈਕਸ (ਸੀਬੀਡੀਟੀ/CBDT), ਸੈਂਟਰਲ ਬੋਰਡ ਆਵ੍ ਇਨਡਾਇਰੈਕਟ ਟੈਕਸ ਐਂਡ ਕਸਟਮਸ (ਸੀਬੀਆਈਸੀ/CBIC), ਕਾਰਪੋਰੇਟ ਮਾਮਲਿਆਂ ਦਾ ਮੰਤਰਾਲਾ, ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ, ਅਤੇ ਪੀਐੱਮ-ਕਿਸਾਨ (PM-KISAN) ਦੇ ਨਾਲ ਮਿਲਾਨ ਦੇ ਬਾਅਦ ਤਿਆਰ ਕੀਤੀ ਗਈ ਹੈ।
ਸ਼ੱਕੀ ਲਾਭਾਰਥੀਆਂ ਦੀ ਪਹਿਚਾਣ ਅੱਠ ਪ੍ਰਮੁੱਖ ਸੰਕੇਤਕਾਂ (ਕੇਪੀਆਈਜ਼/KPIs) ਦੇ ਅਧਾਰ 'ਤੇ ਕੀਤੀ ਗਈ ਹੈ, ਜਿਨ੍ਹਾਂ ਵਿੱਚ ਆਧਾਰ ਸਥਿਤੀ ਵਿੱਚ ਸੰਦੇਹ, ਡੁਪਲੀਕੇਟ ਲਾਭਾਰਥੀ, ਕੁੱਲ ਵਾਰਸ਼ਿਕ ਟਰਨਓਵਰ, ਆਮਦਨ ਸਮੂਹ, ਡਾਇਰੈਕਟਰ ਦੇ ਰੂਪ ਵਿੱਚ ਵਿਅਕਤੀਗਤ ਸਥਿਤੀ, ਜ਼ਮੀਨ ਹੋਲਡਿੰਗ, 100 ਸਾਲਾਂ ਤੋਂ ਅਧਿਕ ਉਮਰ ਦਾ ਰਾਸ਼ਨ ਕਾਰਡ (ਆਰਸੀ/RC) ਮੈਂਬਰ ਅਤੇ ਵਾਹਨ ਮਾਲਕੀ ਸ਼ਾਮਲ ਹਨ।
ਇਸ ਦੇ ਬਾਅਦ ਖੁਰਾਕ ਅਤੇ ਸਪਲਾਈ ਅਤੇ ਉਪਭੋਗਤਾ ਮਾਮਲੇ ਵਿਭਾਗ, ਯੂ.ਟੀ. ਚੰਡੀਗੜ੍ਹ ਦੁਆਰਾ ਸ਼ਨਾਖ਼ਤ ਕੀਤੇ ਗਏ ਲਾਭਾਰਥੀਆਂ ਦੀ ਇੱਕ ਵਿਆਪਕ ਫੀਲਡ ਤਸਦੀਕੀਕਰਨ ਮੁਹਿੰਮ ਚਲਾਈ ਗਈ।
ਤਸਦੀਕ ਕਰਨ ਦੇ ਦੌਰਾਨ ਕੁਝ ਲਾਭਾਰਥੀ ਪਹਿਲੀ ਨਜ਼ਰੇ ਅਪਾਤਰ ਪਾਏ ਗਏ ਹਨ।
ਅਪਾਤਰਤਾ ਦੇ ਪ੍ਰਮੁੱਖ ਕਾਰਨਾਂ ਵਿੱਚ ਲਾਭਾਰਥੀਆਂ ਦੀ ਡੁਪਲੀਕੇਸ਼ਨ, ਪਰਿਵਾਰ ਦੀ ਵਾਰਸ਼ਿਕ ਆਮਦਨ ₹1.5 ਲੱਖ ਤੋਂ ਅਧਿਕ ਹੋਣਾ ਅਤੇ ਆਧਾਰ ਸਬੰਧੀ ਵਿਸੰਗਤੀਆਂ ਸ਼ਾਮਲ ਹਨ।
ਸਬੰਧਿਤ ਲਾਭਾਰਥੀਆਂ ਨਾਲ ਉਨ੍ਹਾਂ ਦੇ ਦਰਜ ਕੀਤੇ ਪਤਿਆਂ 'ਤੇ ਸੰਪਰਕ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੀ ਸੰਭਾਵਿਤ ਅਪਾਤਰਤਾ ਬਾਰੇ ਸੂਚਿਤ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਨੂੰ ਅੰਤਿਮ ਅਵਸਰ ਪ੍ਰਦਾਨ ਕੀਤਾ ਜਾਂਦਾ ਹੈ ਕਿ ਉਹ ਇਸ ਨੋਟਿਸ ਦੇ ਜਾਰੀ ਹੋਣ ਦੀ ਮਿਤੀ ਤੋਂ ਇੱਕ ਹਫ਼ਤੇ ਦੇ ਅੰਦਰ-ਅੰਦਰ ਆਪਣੇ ਇਤਰਾਜ਼/ਸਪਸ਼ਟੀਕਰਣ ਸਬੰਧਿਤ ਪ੍ਰਮਾਣ-ਪੱਤਰਾਂ ਸਹਿਤ
ਖੁਰਾਕ ਅਤੇ ਸਪਲਾਈ ਦਫ਼ਤਰ, ਸੈਕਟਰ 17, ਚੰਡੀਗੜ੍ਹ ਵਿਖੇ ਪ੍ਰਸਤੁਤ ਕਰਨ।
ਅਜਿਹੇ ਲਾਭਾਰਥੀਆਂ ਦੀ ਸੂਚੀ ਵਿਭਾਗ ਦੀ ਅਧਿਕਾਰਿਤ ਵੈੱਬਸਾਇਟ 'ਤੇ ਉਪਲਬਧ ਹੈ। ਜੇਕਰ ਨਿਰਧਾਰਿਤ ਮਿਆਦ ਦੇ ਅੰਦਰ ਕੋਈ ਇਤਰਾਜ਼ ਪ੍ਰਾਪਤ ਨਹੀਂ ਹੁੰਦਾ ਹੈ, ਤਾਂ ਸਬੰਧਿਤ ਲਾਭਾਰਥੀ /ਪਰਿਵਾਰ ਦਾ ਨਾਮ ਪ੍ਰਚਲਿਤ ਨਿਯਮਾਂ ਦੇ ਅਨੁਸਾਰ ਐੱਨਐੱਫਐੱਸਏ (NFSA) ਲਾਭਾਰਥੀ ਸੂਚੀ ਵਿੱਚੋਂ ਹਟਾ ਦਿੱਤਾ ਜਾਵੇਗਾ।
ਇਹ ਸੂਚਨਾ ਜਨ ਹਿਤ ਵਿੱਚ ਜਾਰੀ ਕੀਤੀ ਜਾਂਦੀ ਹੈ।