Arth Parkash : Latest Hindi News, News in Hindi
ਪਵਨ ਦੀਵਨ ਦੀ ਪੋਸਟਰ ਮੁਹਿੰਮ: ਪੁੱਛਿਆ - ਪੰਜਾਬ ਦੀਆਂ ਮਹਿਲਾਵਾਂ ਦੇ 48,000 ਰੁਪਏ ਕਿੱਥੇ ਹਨ? ਪਵਨ ਦੀਵਨ ਦੀ ਪੋਸਟਰ ਮੁਹਿੰਮ: ਪੁੱਛਿਆ - ਪੰਜਾਬ ਦੀਆਂ ਮਹਿਲਾਵਾਂ ਦੇ 48,000 ਰੁਪਏ ਕਿੱਥੇ ਹਨ?
Thursday, 05 Mar 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪਵਨ ਦੀਵਨ ਦੀ ਪੋਸਟਰ ਮੁਹਿੰਮ: ਪੁੱਛਿਆ - ਪੰਜਾਬ ਦੀਆਂ ਮਹਿਲਾਵਾਂ ਦੇ 48,000 ਰੁਪਏ ਕਿੱਥੇ ਹਨ?

ਲੁਧਿਆਣਾ, 5 ਮਾਰਚ: ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੀਤੇ ਵਾਅਦੇ ਨੂੰ ਪੂਰਾ ਨਾ ਕਰਨ ਦੇ ਵਿਰੋਧ ਵਿੱਚ, ਜ਼ਿਲ੍ਹਾ ਕਾਂਗਰਸ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਲੁਧਿਆਣਾ ਪੱਛਮੀ ਹਲਕੇ ਵਿੱਚ ਪੋਸਟਰ ਲਗਵਾ ਕੇ ਪ੍ਰਦਰਸ਼ਨ ਸ਼ੁਰੂ ਕੀਤਾ ਹੈ। ਇਸ ਮੁਹਿੰਮ ਰਾਹੀਂ ਉਨ੍ਹਾਂ ਨੇ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਦੀਆਂ ਮਹਿਲਾਵਾਂ ਨੂੰ ਨਾ ਮਿਲੇ 48,000 ਰੁਪਏ ਬਾਰੇ ਜਵਾਬਦੇਹੀ ਦੀ ਮੰਗ ਕੀਤੀ ਹੈ। ਦੀਵਾਨ ਨੇ ਹਰ 18 ਸਾਲ ਤੋਂ ਉਪਰ ਦੀ ਮਹਿਲਾ ਨੂੰ ਮਹੀਨਾ 1,000 ਰੁਪਏ ਦੇਣ ਦੇ ਵਾਅਦੇ ਨੂੰ ਯਾਦ ਦਿਵਾਉਂਦੇ ਹੋਏ, ਮੁੱਖ ਮੰਤਰੀ ਭਗਵੰਤ ਮਾਨ ‘ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਝੂਠੇ ਭਰੋਸਿਆਂ ਰਾਹੀਂ ਪੰਜਾਬ ਦੀਆਂ ਮਹਿਲਾਵਾਂ ਨਾਲ ਧੋਖਾ ਕੀਤਾ ਹੈ। ਇਸ ਪੋਸਟਰ ਮੁਹਿੰਮ ਰਾਹੀਂ ਪੰਜਾਬ ਸਰਕਾਰ ਤੋਂ ਸਿੱਧਾ ਸਵਾਲ ਪੁੱਛਿਆ ਗਿਆ ਹੈ: “ਚਾਰ ਸਾਲ ਬੀਤ ਗਏ – 48,000 ਰੁਪਏ ਕਿੱਥੇ ਹਨ?”

ਇਸ ਮੌਕੇ ਦੀਵਾਨ ਨੇ ਆਪਣੀ ਮੁਹਿੰਮ ਦੇ ਕਾਰਨਾਂ ਬਾਰੇ ਜਾਣਕਾਰੀ ਦਿੰਦਿਆਂ, ਦੱਸਿਆ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਲਗਭਗ 1.31 ਕਰੋੜ ਯੋਗ ਮਹਿਲਾ ਲਾਭਪਾਤਰੀਆਂ ਨਾਲ “ਸ਼ਰਮਨਾਕ ਧੋਖਾ” ਕੀਤਾ ਹੈ। ਉਨ੍ਹਾਂ ਕਿਹਾ ਕਿ ਆਪ ਨੇ ਵੋਟਰਾਂ ਨੂੰ ਲੁਭਾਉਣ ਵਾਲੇ, ਲੇਕਿਨ ਝੂਠੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹਰ ਮਹਿਲਾ ਨੂੰ ਮਹੀਨਾ 1,000 ਰੁਪਏ ਦੇਣ ਦਾ ਵਾਅਦਾ ਪੂਰਾ ਨਾ ਹੋਣ ਕਾਰਨ ਸੂਬੇ ਭਰ ਵਿਚ ਭਾਰੀ ਰੋਸ ਹੈ, ਕਿਉਂਕਿ ਇਹ ਸਿਰਫ਼ ਪ੍ਰਸ਼ਾਸਕੀ ਨਾਕਾਮੀ ਹੀ ਨਹੀਂ, ਸਗੋਂ ਜਾਣਬੁੱਝ ਕੇ ਕੀਤਾ ਗਿਆ ਧੋਖਾ ਹੈ, ਜਿਸ ਨਾਲ ਲੋਕਾਂ ਦਾ ਭਰੋਸਾ ਟੁੱਟਿਆ ਹੈ ਅਤੇ ਸਰਕਾਰ ਦੀ ਸਾਖ ਘਟ ਗਈ ਹੈ।

ਉਨ੍ਹਾਂ ਕਿਹਾ ਕਿ ਅਸਲਿਅਤ ਵਿਚ ਪੰਜਾਬ ਦੀ ਅਰਥ ਵਿਵਸਥਾ ਡਗਮਗਾ ਰਹੀ ਹੈ ਅਤੇ ਮਾਨ ਸਰਕਾਰ ਕੋਲ ਨਾ ਤਾਂ ਇਰਾਦਾ ਹੈ ਅਤੇ ਨਾ ਹੀ ਸਰੋਤ ਹਨ ਕਿ ਉਹ ਆਪਣੇ ਵਾਅਦੇ ਪੂਰੇ ਕਰ ਸਕੇ। ਇਨ੍ਹਾਂ ਦਾ ਅਧੂਰਾ ਵਾਅਦਾ ਧੋਖੇ ਅਤੇ ਕੁਰਾਜਗਾਰੀ ਦਾ ਪ੍ਰਤੀਕ ਬਣ ਚੁੱਕਾ ਹੈ। ਆਪ ਸਰਕਾਰ ‘ਤੇ ਸਿੱਧਾ ਹਮਲਾ ਬੋਲਦਿਆਂ, ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ ਅੱਜ ਤੱਕ ਇਹ ਆਰਥਿਕ ਸਹਾਇਤਾ ਨਹੀਂ ਦਿੱਤੀ ਗਈ ਹੈ,  ਜਿਸ ਨਾਲ ਸਾਬਤ ਹੁੰਦਾ ਹੈ ਕਿ ਆਪ ਸਿਰਫ਼ ਝੂਠੇ ਵਾਅਦੇ ਕਰਨ ਵਾਲੀ ਪਾਰਟੀ ਹੈ।

ਦੀਵਾਨ ਨੇ ਮੰਗ ਕੀਤੀ ਹੈ ਕਿ ਜੇਕਰ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਨ ਸਰਕਾਰ ਆਉਣ ਵਾਲੇ ਪੰਜਾਬ ਬਜਟ ਵਿੱਚ 1,000 ਰੁਪਏ ਮਹੀਨਾਵਾਰ ਭੱਤਾ ਐਲਾਨਦੀ ਹੈ, ਤਾਂ ਉਸਨੂੰ ਹਰ ਯੋਗ ਮਹਿਲਾ ਨੂੰ ਪਿਛਲੇ ਚਾਰ ਸਾਲਾਂ ਦੀ 48,000 ਰੁਪਏ ਦੀ ਬਕਾਇਆ ਰਕਮ ਵੀ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਮਸਲਾ ਸਿਰਫ਼ ਇਕ ਟੁੱਟੇ ਵਾਅਦੇ ਦਾ ਨਹੀਂ, ਸਗੋਂ 1.31 ਕਰੋੜ ਮਹਿਲਾਵਾਂ ਨਾਲ ਨਿਆਂ ਅਤੇ ਜਵਾਬਦੇਹੀ ਦਾ ਹੈ।

ਦੀਵਾਨ ਨੇ ਚੇਤਾਵਨੀ ਦਿੱਤੀ ਕਿ ਪੰਜਾਬ ਦੀਆਂ ਮਹਿਲਾਵਾਂ ਰਸਮੀ ਕਾਰਵਾਈਆਂ ਜਾਂ ਫਿਰ ਚੋਣਾਂ ਦੇ ਦਿਖਾਵਿਆਂ ਨਾਲ ਸੰਤੁਸ਼ਟ ਨਹੀਂ ਹੋਣਗੀਆਂ। ਉਹ ਆਪਣੇ ਹੱਕ ਦੀ ਪੂਰੀ ਰਕਮ ਦੀ ਮੰਗ ਕਰਨਗੀਆਂ ਅਤੇ ਆਪ ਸਰਕਾਰ ਨੂੰ ਆਪਣੇ ਵਾਅਦੇ ਪੂਰੇ ਨਾ ਕਰਨ ਲਈ ਜਵਾਬਦੇਹ ਠਹਿਰਾਉਣਗੀਆਂ।

ਜਿਥੇ ਹੋਰਨਾਂ ਤੋਂ ਇਲਾਵਾ, ਇੰਦਰਜੀਤ ਕਪੂਰ ਟੋਨੀ, ਜਸਵਿੰਦਰ ਸਿੰਘ ਨਾਮਧਾਰੀ, ਰੋਹਿਤ ਪਾਹਵਾ, ਗੁਰਚਰਨ ਸਿੰਘ ਸੈਣੀ ਉਰਫ ਬੰਟੀ, ਗੁਰਸ਼ਰਨ ਸਿੰਘ, ਰਜਨੀਸ਼ ਸਿੰਗਲਾ, ਨਿਰਭੈ ਸਿੰਘ ਰੰਗੂਵਾਲ, ਵਰੁਣ ਸ਼ਰਮਾ, ਹਰਭਗਤ ਸਿੰਘ ਗਰੇਵਾਲ, ਜਤਿੰਦਰ ਕੁਮਾਰ ਅਤੇ ਰਜਤ ਸ਼ਰਮਾ ਲੱਕੀ ਵੀ ਮੌਜੂਦ ਰਹੇ।