Arth Parkash : Latest Hindi News, News in Hindi
ਪੀਆਈਬੀ ਚੰਡੀਗੜ੍ਹ ਵੱਲੋਂ ਪੱਤਰਕਾਰ ਵਫ਼ਦ ਨੇ ਜੋਧਪੁਰ ਵਿੱਚ ਕਾਜਰੀ ਅਤੇ ਆਫਰੀ ਦਾ ਕੀਤਾ ਦੌਰਾ ਪੀਆਈਬੀ ਚੰਡੀਗੜ੍ਹ ਵੱਲੋਂ ਪੱਤਰਕਾਰ ਵਫ਼ਦ ਨੇ ਜੋਧਪੁਰ ਵਿੱਚ ਕਾਜਰੀ ਅਤੇ ਆਫਰੀ ਦਾ ਕੀਤਾ ਦੌਰਾ
Sunday, 08 Mar 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪੀਆਈਬੀ ਚੰਡੀਗੜ੍ਹ ਵੱਲੋਂ ਪੱਤਰਕਾਰ ਵਫ਼ਦ ਨੇ ਜੋਧਪੁਰ ਵਿੱਚ ਕਾਜਰੀ ਅਤੇ ਆਫਰੀ ਦਾ ਕੀਤਾ ਦੌਰਾ

ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿੱਚ ਕਾਜਰੀ ਨਿਭਾ ਰਿਹਾ ਹੈ ਮਹੱਤਵਪੂਰਨ ਭੂਮਿਕਾ : ਸ਼੍ਰੀ ਤੰਵਰ, ਨਿਦੇਸ਼ਕ ਕਾਜਰੀ

ਮੋਟੇ ਅਨਾਜ ਤੋਂ ਬਿਸਕੁਟ ਅਤੇ ਕੁਰਕੁਰੇ ਬਣਾਉਣ ਦੀ ਕਾਜਰੀ ਵੱਲੋਂ ਦਿੱਤੀ ਜਾਂਦੀ ਹੈ ਸਿਖਲਾਈ

ਵਣ ਸੰਭਾਲ ਅਤੇ ਵਿਸਥਾਰ ਵਿੱਚ ਆਫਰੀ ਦੀ ਮਹੱਤਵਪੂਰਨ ਭੂਮਿਕਾ: ਸ਼੍ਰੀ ਤ੍ਰਿਪਾਠੀ, ਨਿਦੇਸ਼ਕ ਆਫਰੀ

ਚੰਡੀਗੜ੍ਹ/ਜੋਧਪੁਰ, 9 ਮਾਰਚ 2026

ਪੱਤਰ ਸੂਚਨਾ ਦਫ਼ਤਰ (ਪੀਆਈਬੀ), ਚੰਡੀਗੜ੍ਹ ਵੱਲੋਂ ਸੀਨੀਅਰ ਪੱਤਰਕਾਰਾਂ ਦਾ ਇੱਕ ਵਫ਼ਦ 8 ਤੋਂ 14 ਮਾਰਚ ਦੌਰਾਨ ਰਾਜਸਥਾਨ ਦੇ ਦੌਰੇ ’ਤੇ ਹੈ। ਇਸ ਦੌਰਾਨ ਅੱਜ 9 ਮਾਰਚ ਨੂੰ ਵਫ਼ਦ ਨੇ ਕਾਜਰੀ ਅਤੇ ਆਫਰੀ ਦਾ ਦੌਰਾ ਕੀਤਾ।

ਵਫ਼ਦ ਨੇ ਕੇਂਦਰੀ ਖੁਸ਼ਕ ਖੇਤਰ ਖੋਜ ਸੰਸਥਾਨ (ਕਾਜਰੀ) ਤੋਂ ਆਪਣੇ ਦੌਰੇ ਦੀ ਸ਼ੁਰੂਆਤ ਕੀਤੀ। ਇਸ ਮੌਕੇ ਕਾਜਰੀ ਦੇ ਨਿਦੇਸ਼ਕ ਡਾ. ਸੁਰੇਸ਼ਪਾਲ ਸਿੰਘ ਤੰਵਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਜਰੀ ਥਾਰ ਮਾਰੂਥਲ ਅਤੇ ਲੇਹ ਵਰਗੇ ਠੰਢੇ ਰੇਗਿਸਤਾਨੀ ਖੇਤਰਾਂ ਵਿੱਚ ਖੇਤੀਬਾੜੀ ਦੇ ਵਿਕਾਸ ਲਈ ਕੰਮ ਕਰ ਰਿਹਾ ਹੈ। ਸੰਸਥਾਨ ਨੇ ਟਿੱਬਾ ਸਥਿਰੀਕਰਣ, ਕੁਦਰਤੀ ਸਰੋਤਾਂ ਦਾ ਪ੍ਰਬੰਧਨ, ਜਲ ਪ੍ਰਬੰਧਨ, ਬਾਗਬਾਨੀ, ਪਸ਼ੂਪਾਲਣ ਆਦਿ ਖੇਤਰਾਂ ਵਿੱਚ ਖੋਜ ਕਰਕੇ ਕਈ ਤਕਨੀਕਾਂ ਵਿਕਸਿਤ ਕੀਤੀਆਂ ਹਨ ਅਤੇ ਇਹ ਤਕਨੀਕਾਂ ਪਿੰਡਾਂ ਅਤੇ ਢਾਣੀਆਂ ਤੱਕ ਪਹੁੰਚਾਈਆਂ ਹਨ, ਜਿਸ ਨਾਲ ਖੇਤਰ ਵਿੱਚ ਖੇਤੀਬਾੜੀ ਉਤਪਾਦਨ ਵਧਿਆ ਹੈ ਅਤੇ ਹਰਿਆਲੀ ਦਾ ਵਿਸਤਾਰ ਹੋਇਆ ਹੈ।

ਘੱਟ ਪਾਣੀ, ਘੱਟ ਲਾਗਤ ਅਤੇ ਘੱਟ ਖਰਚ ਵਿੱਚ ਪੈਦਾ ਹੋਣ ਵਾਲੀਆਂ ਹਾੜੀ ਅਤੇ ਸਾਉਣੀ ਦੀਆਂ ਵੱਖ-ਵੱਖ ਫਸਲਾਂ ਦੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ, ਜਿਸ ਨਾਲ ਉਤਪਾਦਨ ਵਿੱਚ ਵਾਧਾ ਹੋਇਆ ਹੈ ਅਤੇ ਕਿਸਾਨਾਂ ਦੀ ਆਮਦਨ ਵਧੀ ਹੈ। ਉਨ੍ਹਾਂ ਕਿਹਾ ਕਿ ਤਾਲਮੇਲ ਵਾਲੀ ਖੇਤੀ ਪ੍ਰਣਾਲੀ ਦਾ ਇੱਕ ਮਾਡਲ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਅਨਾਜ, ਫਲ, ਚਾਰਾ, ਰੁੱਖ, ਔਸ਼ਧੀ ਪੌਦੇ ਆਦਿ ਦੇ ਜ਼ਰੀਏ ਕਿਸਾਨ ਨੂੰ ਸਾਲ ਭਰ ਆਮਦਨ ਪ੍ਰਾਪਤ ਹੁੰਦੀ ਰਹਿੰਦੀ ਹੈ।

ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਕਾਜਰੀ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਮੋਟੇ ਅਨਾਜ ਨੂੰ ਵਿਸ਼ਵ ਪੱਧਰ ’ਤੇ ਵਧਾਉਣ ਲਈ ਕਾਜਰੀ ਮਿਲੇਟਸ ਤੋਂ ਵੱਖ-ਵੱਖ ਉਤਪਾਦ ਜਿਵੇਂ ਮੋਟੇ ਅਨਾਜ ਦੇ ਬਿਸਕੁਟ, ਕੁਰਕੁਰੇ ਅਤੇ ਚਾਕਲੇਟ ਸਮੇਤ ਹੋਰ ਉਤਪਾਦ ਤਿਆਰ ਕਰ ਰਿਹਾ ਹੈ। ਇਸ ਦੇ ਨਾਲ ਹੀ ਸੰਸਥਾਨ ਦੀ ਪ੍ਰਯੋਗਸ਼ਾਲਾ ਵਿੱਚ ਵੱਖ-ਵੱਖ ਰਾਜਾਂ ਤੋਂ ਆਉਣ ਵਾਲੇ ਉੱਦਮੀਆਂ ਨੂੰ ਆਪਣੇ ਸਟਾਰਟਅਪ ਸਥਾਪਿਤ ਕਰਨ ਲਈ ਸਿਖਲਾਈ ਵੀ ਦਿੱਤੀ ਜਾਂਦੀ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਣ ਦੇ ਨਾਲ ਨਾਲ ਹੁਨਰ ਵਿਕਾਸ ਰਾਹੀਂ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਵੀ ਸਕਾਰਾਤਮਕ ਬਦਲਾਅ ਆ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਕਾਜਰੀ ਦੇ ਖੇਤੀ ਵਿਗਿਆਨੀ ਏਆਈ ਅਧਾਰਿਤ ਖੇਤੀ, ਉੱਨਤ ਜਲ ਪ੍ਰਬੰਧਨ ਅਤੇ ਟਿਕਾਊ ਖੇਤੀ ਵਿਧੀਆਂ ’ਤੇ ਵੀ ਕੰਮ ਕਰ ਰਹੇ ਹਨ, ਜਿਸ ਦਾ ਮੰਤਵ ਫਸਲ ਉਤਪਾਦਨ ਵਧਾਉਣਾ ਅਤੇ ਜਲਵਾਯੂ ਤਬਦੀਲੀ ਦੀਆਂ ਚੁਣੌਤੀਆਂ ਦਾ ਟਾਕਰਾ ਕਰਨਾ ਹੈ।

ਉਨ੍ਹਾਂ ਸੰਸਥਾਨ ਦੀਆਂ ਖੋਜ ਪ੍ਰਾਪਤੀਆਂ ਅਤੇ ਗਤੀਵਿਧੀਆਂ ਬਾਰੇ ਦੱਸਦਿਆਂ ਬਦਲਵੇਂ ਚਾਰਾ ਮਾਡਲ, ਉੱਨਤ ਕਿਸਮਾਂ ਦੇ ਬੀਜ ਉਤਪਾਦਨ, ਫਸਲ ਵਾਟਿਕਾ, ਪੋਸ਼ਣ ਅਤੇ ਪਸ਼ੂ ਆਹਾਰ ਨਾਲ ਸਬੰਧਿਤ ਕੰਮਾਂ ਬਾਰੇ ਵਿਸਥਾਰਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੰਸਥਾਨ ਦੇ ਏਟਿਕ ਕੇਂਦਰ ਰਾਹੀਂ ਕਿਸਾਨਾਂ ਨੂੰ ਸਿਹਤਮੰਦ ਅਤੇ ਗੁਣਵੱਤਾ ਵਾਲੇ ਪੌਦੇ ਅਤੇ ਬੀਜ ਆਦਿ ਉਪਲਬਧ ਕਰਵਾਏ ਜਾਂਦੇ ਹਨ।

ਕਾਜਰੀ ਦੇ ਮੁੱਖ ਵਿਗਿਆਨੀ ਸ਼੍ਰੀ ਪੀ. ਆਰ. ਮੇਘਵਾਲ ਨੇ ਖੁਸ਼ਕ ਖੇਤਰ ਦੀਆਂ ਬਾਗਬਾਨੀ ਫਸਲਾਂ ਜਿਵੇਂ ਬੇਰ, ਆਂਵਲਾ, ਅਨਾਰ ਅਤੇ ਖਜੂਰ ਦੀ ਖੇਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਾਜਰੀ ਵੱਲੋਂ ਵਿਕਸਿਤ ਨਵੀਆਂ ਤਕਨੀਕਾਂ ਦੇ ਜ਼ਰੀਏ ਵੱਖ-ਵੱਖ ਫਸਲਾਂ ਦੀ ਉੱਨਤ ਪੈਦਾਵਾਰ ਹੋ ਰਹੀ ਹੈ। ਇਸ ਰਾਹੀਂ ਕਿਸਾਨਾਂ ਨੂੰ ਆਪਣੀ ਖੇਤੀ ਆਮਦਨ ਵਧਾਉਣ ਵਿੱਚ ਮਦਦ ਮਿਲ ਰਹੀ ਹੈ ਅਤੇ ਕਿਸਾਨ ਕਾਜਰੀ ਤੋਂ ਸਿਖਲਾਈ ਪ੍ਰਾਪਤ ਕਰਕੇ ਆਪਣੇ ਸਟਾਰਟਅੱਪ ਸ਼ੁਰੂ ਕਰ ਰਹੇ ਹਨ, ਜਿਸ ਨਾਲ ਸਵੈ ਰੋਜ਼ਗਾਰ ਦੇ ਨਾਲ ਨਾਲ ਉੱਦਮੀਆਂ ਦਾ ਹੁਨਰ ਵਿਕਾਸ ਵੀ ਹੋ ਰਿਹਾ ਹੈ।

ਕਾਜਰੀ ਦੇ ਮੁੱਖ ਵਿਗਿਆਨੀ ਡਾ. ਸੁਰੇਂਦਰ ਪੁਨੀਆ ਨੇ ਸੌਰ ਊਰਜਾ ਦੇ ਵੱਖ-ਵੱਖ ਪਲਾਂਟਾਂ ਅਤੇ ਐਗਰੋ-ਵੋਲਟਾਇਕ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ, ਜਿਸ ਰਾਹੀਂ ਇੱਕੋ ਜ਼ਮੀਨ ਤੋਂ ਬਿਜਲੀ, ਪਾਣੀ ਅਤੇ ਫਸਲ ਉਤਪਾਦਨ ਸੰਭਵ ਹੋ ਰਿਹਾ ਹੈ। ਵਿਗਿਆਨੀ ਡਾ. ਰਾਜਸ਼ੇਖਰ ਨੇ ਬਾਜਰਾ ਅਤੇ ਹੋਰ ਮੋਟੇ ਅਨਾਜਾਂ ਤੋਂ ਬਿਸਕੁਟ ਅਤੇ ਕੁਰਕੁਰੇ ਬਣਾਉਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ।

ਵਫ਼ਦ ਨੇ ਖੁਸ਼ਕ ਵਣ ਖੋਜ ਸੰਸਥਾਨ (ਆਫਰੀ) ਦਾ ਵੀ ਦੌਰਾ ਕੀਤਾ। ਇਸ ਮੌਕੇ ਆਫਰੀ ਦੇ ਨਿਦੇਸ਼ਕ ਡਾ. ਆਸ਼ੁਤੋਸ਼ ਕੁਮਾਰ ਤ੍ਰਿਪਾਠੀ ਨੇ ਦੱਸਿਆ ਕਿ ਆਫਰੀ ਵਣਾਂ ਸੀ ਸੰਭਾਲ ਅਤੇ ਪਸਾਰ ਲਈ ਵੱਖ-ਵੱਖ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਾਜਸਥਾਨ ਦੇ ਪਿੰਡਾਂ ਵਿੱਚ ਵੀ ਵਣਾਂ ਸੰਭਾਲ ਪ੍ਰਤੀ ਜਾਗਰੂਕਤਾ ਵਧ ਰਹੀ ਹੈ ਅਤੇ ਲੋਕ ਇਸ ਲਈ ਸਰਗਰਮ ਤੌਰ ’ਤੇ ਯਤਨ ਕਰ ਰਹੇ ਹਨ। ਮਾਰੂਥਲੀਕਰਨ ਨੂੰ ਰੋਕਣ ਲਈ ਵੀ ਆਫਰੀ ਕਈ ਮਹੱਤਵਪੂਰਨ ਪਹਿਲਕਦਮੀਆਂ ਕਰ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਆਫਰੀ ਵੱਖ-ਵੱਖ ਖੋਜ ਗਤੀਵਿਧੀਆਂ ਰਾਹੀਂ ਨਵੀਂ ਤਕਨੀਕਾਂ ਦੀ ਵਰਤੋਂ ਕਰਕੇ ਵਣ ਸੰਭਾਲ ਅਤੇ ਵਿਕਾਸ ਦੇ ਕੰਮਾਂ ਨੂੰ ਅੱਗੇ ਵਧਾ ਰਿਹਾ ਹੈ। ਮਿੱਟੀ ਦੀ ਸੰਭਾਲ ਦੇ ਤਹਿਤ ਆਫਰੀ ਵੱਲੋਂ ਰਾਜਸਥਾਨ, ਗੁਜਰਾਤ ਅਤੇ ਦਾਦਰਾ ਅਤੇ ਨਗਰ ਹਵੇਲੀ ਖੇਤਰ ਲਈ ਜਾਰੀ ਕੀਤੇ ਗਏ ਵਨ ਭੌਂ ਸਿਹਤ ਕਾਰਡ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਆਫਰੀ ਵੱਲੋਂ ਪਸਾਰ ਪ੍ਰੋਗਰਾਮਾਂ ਦੇ ਤਹਿਤ ਕਿਸਾਨਾਂ, ਆਮ ਜਨਤਾ ਅਤੇ ਸਕੂਲਾਂ ਵਿੱਚ ਵਾਤਾਵਰਣ ਜਾਗਰੂਕਤਾ ਲਈ ਕੁਦਰਤੀ, ਵੱਖ-ਵੱਖ ਸਿਖਲਾਈ ਪ੍ਰੋਗਰਾਮਾਂ ਅਤੇ ਰੁੱਖ ਉਤਪਾਦਕ ਮੇਲੇ ਵਰਗੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਵੱਖ-ਵੱਖ ਰਾਜਾਂ ਵਿੱਚ ਦਰੱਖਤ ਲਗਾਉਣ ਦੇ ਪ੍ਰੋਗਰਾਮਾਂ ਰਾਹੀਂ ਵਾਤਾਵਰਣ ਸੰਭਾਲ ਨੂੰ ਵੀ ਹੁਲਾਰਾ ਦਿੱਤਾ ਜਾ ਰਿਹਾ ਹੈ।

ਆਫਰੀ ਦੇ ਸੀਨੀਅਰ ਵਿਗਿਆਨੀ ‘ਜੀ’ ਡਾ. ਤਰੁਣ ਕਾਂਤ ਨੇ ਪੀਆਈਬੀ ਦੇ ਪੱਤਰਕਾਰ ਵਫ਼ਦ ਨੂੰ ਸੰਸਥਾਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਫਰੀ ਵੱਲੋਂ ਰੁੱਖ ਸੁਧਾਰ ਪ੍ਰੋਗਰਾਮ ਦੇ ਤਹਿਤ ਉੱਤਮ ਗੁਣਵੱਤਾ ਵਾਲੇ ਟਾਹਲੀ ਦੇ ਕਲੋਨ ਵਿਕਸਿਤ ਕੀਤੇ ਗਏ ਹਨ। ਉਨ੍ਹਾਂ ਖੇਜੜੀ 'ਚ ਰੁੱਖ ਸੁੱਕਣ ’ਤੇ ਆਫਰੀ ਵੱਲੋਂ ਕੀਤੀ ਖੋਜ ਅਤੇ ਉਸ ਦੇ ਹੱਲ ਬਾਰੇ ਵੀ ਜਾਣਕਾਰੀ ਦਿੱਤੀ। ਨਾਲ ਹੀ ਨੁਕਸਾਨੀਆਂ ਪਹਾੜੀਆਂ ਦੀ ਮੁੜ ਸੁਰਜੀਤੀ, ਲੂਣੀ ਭੂਮੀ ਦੇ ਪੁਨਰਵਾਸ ਅਤੇ ਟਿੱਬਾ ਸਥਿਰੀਕਰਨ ਦੇ ਖੇਤਰ ਵਿੱਚ ਆਫਰੀ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਬਾਰੇ ਵੀ ਜਾਣੂ ਕਰਵਾਇਆ।

ਭਾਰਤੀ ਜੰਗਲਾਤ ਸੇਵਾ ਦੇ ਅਧਿਕਾਰੀ ਸ਼੍ਰੀ ਰਮੇਸ਼ ਬਿਸ਼ਨੋਈ ਨੇ ਮੰਚ ਸੰਚਾਲਨ ਕਰਦੇ ਹੋਏ ਵਿਭਾਗ ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।

ਪੱਤਰਕਾਰ ਵਫ਼ਦ ਨੇ ਕਾਜਰੀ ਅਤੇ ਆਫਰੀ ਦੇ ਵੱਖ-ਵੱਖ ਖੋਜ ਖੇਤਰਾਂ ਦਾ ਦੌਰਾ ਕੀਤਾ ਅਤੇ ਵਿਗਿਆਨੀਆਂ ਤੋਂ ਖੇਤੀ ਤਕਨੀਕਾਂ ਅਤੇ ਨਵੀਨਤਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਅੰਤ ਵਿੱਚ ਮੀਡੀਆ ਅਤੇ ਸੰਚਾਰ ਅਧਿਕਾਰੀ ਸ਼੍ਰੀ ਆਸ਼ੀਸ਼ ਵਰਮਾ ਅਤੇ ਸ਼੍ਰੀ ਅਹਿਮਦ ਖਾਨ ਨੇ ਸੰਸਥਾਨਾਂ ਦੇ ਨਿਦੇਸ਼ਕ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।

****