
ਪੰਜਾਬ ਸਰਕਾਰ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਰੱਖਿਆ ਕਾਰਨਾਂ ਤੇ ਇੰਟੈਲੀਜੈਂਸ ਦੇ ਹਵਾਲੇ ਨਾਲ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਪ੍ਰਵਾਨਗੀ ਮੰਗੀ ਹੈ। ਅੰਮ੍ਰਿਤਪਾਲ ਇਸ ਵੇਲੇ ਰਾਸ਼ਟਰੀ ਸੁਰੱਖਿਆ ਐਕਟ (NSA) ਤਹਿਤ ਅਸਾਮ ਦੀ ਡਿਬਰੂਗਡ਼੍ਹ ਜੇਲ੍ਹ ਵਿੱਚ ਬੰਦ ਹੈ। ਉਸ ਦੀ ਦੀ NSA ਤਹਿਤ ਹਿਰਾਸਤ 23 ਅਪਰੈਲ ਨੂੰ ਖ਼ਤਮ ਹੋ ਰਹੀ ਹੈ।
ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਨਵੀਂ ਪਟੀਸ਼ਨ ਦਾਖ਼ਲ ਕਰਕੇ ਦਾਅਵਾ ਕੀਤਾ ਕਿ ਉਹ ਅੰਮ੍ਰਿਤਪਾਲ ਸਿੰਘ ਨੂੰ ਗ੍ਰਿ਼ਫ਼ਤਾਰ ਕਰ ਕੇ ਅਸਾਮ ਦੀ ਡਿਬਰੂਗਡ਼੍ਹ ਜੇਲ੍ਹ ਵਿੱਚ ਹੀ ਰੱਖਣਾ ਚਾਹੁੰਦੀ ਹੈ। ਪੰਜਾਬ ਸਰਕਾਰ ਵੱਲੋਂ ਪੇਸ਼ ਵਕੀਲ ਨੇ ਚੀਫ਼ ਜਸਟਿਸ ਸ਼ੀਲ ਨਾਗੂ ਦੇ ਬੈਂਚ ਅੱਗੇ ਦਲੀਲ ਰੱਖੀ, ‘‘ਅਸੀਂ ਨਹੀਂ ਚਾਹੁੰਦੇ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਵਿੱਚ ਆਏ। ਅਸੀਂ ਉਸ ਨੂੰ ਗ੍ਰਿਫਤਾਰ ਕਰਨ ਤੇ ਉੱਥੇਹੀ ਰੱਖਣਾ ਚਾਹੁੰਦੇ ਹਾਂ। ਮੁਕੱਦਮੇ ਦੀ ਕਾਰਵਾਈ ਵਰਚੁਲੀ ਪੂਰੀ ਕੀਤੀ ਜਾਵੇਗੀ।’’ ਮਾਮਲੇ ’ਤੇ ਅੱਜ ਸੁਣਵਾਈ ਹੋ ਸਕਦੀ ਹੈ।