Sanjeev Arora ED remand money laundering ਪੰਜਾਬ ਦੇ ਮੰਤਰੀ ਸੰਜੀਵ ਅਰੋੜਾ 7 ਦਿਨਾਂ ਦੇ ED ਰਿਮਾਂਡ 'ਤੇ ਭੇਜੇ ਗਏ, ਮਨੀ ਲਾਂਡਰਿੰਗ ਮਾਮਲੇ ਵਿੱਚ ਹੋਏ ਸਨ ਗ੍ਰਿਫਤਾਰ
Saturday, 09 May 2026 18:30 pm
Arth Parkash : Latest Hindi News, News in Hindi
ਸੰਜੀਵ ਅਰੋੜਾ ED ਰਿਮਾਂਡ 'ਤੇ: ਗੁਰੂਗ੍ਰਾਮ ਸੈਸ਼ਨ ਕੋਰਟ ਨੇ ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਦੇ ਤਹਿਤ ਚੱਲ ਰਹੇ ਇੱਕ ਮਾਮਲੇ ਵਿੱਚ 7 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਹਾਲਾਂਕਿ ED ਨੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ।
ਦੱਸ ਦੇਈਏ ਕਿ ਸ਼ਨੀਵਾਰ ਨੂੰ ED ਨੇ ਸੰਜੀਵ ਅਰੋੜਾ ਨੂੰ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਗੁਰੂਗ੍ਰਾਮ ਸਥਿਤ ED ਦਫ਼ਤਰ ਲਿਜਾਇਆ ਗਿਆ। ਫਿਲਹਾਲ ED ਦੀ ਟੀਮ ਉਨ੍ਹਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ।
'5 ਮਈ ਨੂੰ ਮਾਮਲਾ ਦਰਜ ਹੋਇਆ, ਪਰ ਕੋਈ FIR ਕਾਪੀ ਨਹੀਂ ਮਿਲੀ'
ਸੰਜੀਵ ਅਰੋੜਾ ਨੂੰ 7 ਦਿਨਾਂ ਦੇ ਰਿਮਾਂਡ 'ਤੇ ਭੇਜੇ ਜਾਣ ਬਾਰੇ ਉਨ੍ਹਾਂ ਦੇ ਵਕੀਲ ਅਰਜੁਨ ਨੇ ਕਿਹਾ, “10 ਦਿਨਾਂ ਦੇ ਰਿਮਾਂਡ ਲਈ ਅਰਜ਼ੀ ਦਾਇਰ ਕੀਤੀ ਗਈ ਸੀ, ਪਰ 7 ਦਿਨਾਂ ਦਾ ਰਿਮਾਂਡ ਮਨਜ਼ੂਰ ਹੋਇਆ ਹੈ... ED ਨੇ ਅਸਲ ਵਿੱਚ ਕੋਈ ਜਾਂਚ ਨਹੀਂ ਕੀਤੀ। ਉਨ੍ਹਾਂ ਨੇ 5 ਮਈ ਨੂੰ ਮਾਮਲਾ ਦਰਜ ਕੀਤਾ ਅਤੇ 9 ਮਈ ਦੀ ਸਵੇਰ ਨੂੰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਰਾਜਨੀਤੀ ਤੋਂ ਪ੍ਰੇਰਿਤ ਅਤੇ ਸੋਚੀ-ਸਮਝੀ ਸਾਜ਼ਿਸ਼ ਹੈ।”
ਉਨ੍ਹਾਂ ਨੇ ਇਹ ਵੀ ਇਲਜ਼ਾਮ ਲਾਇਆ, “... ਉਹ (ED) ਸਿੱਧੇ ਆਏ ਅਤੇ ਮੰਤਰੀ ਨੂੰ ਗ੍ਰਿਫਤਾਰ ਕਰ ਲਿਆ... ਸਾਨੂੰ ਅੱਜ ਤੱਕ FIR ਦੀ ਕਾਪੀ ਨਹੀਂ ਮਿਲੀ ਹੈ। ED ਨੇ ਤਲਾਸ਼ੀ ਹੁਕਮਾਂ ਦੌਰਾਨ ਇਹ FIR ਦਰਜ ਕੀਤੀ ਸੀ... ਅਦਾਲਤ ਨੇ ਉਨ੍ਹਾਂ ਦੀ ਦੁਬਾਰਾ ਪੇਸ਼ੀ ਲਈ 16 ਮਈ ਦੀ ਤਰੀਕ ਤੈਅ ਕੀਤੀ ਹੈ, ਜੋ ਗੁੜਗਾਓਂ ਵਿੱਚ ਹੋਵੇਗੀ।”
ਇੱਕ ਮਹੀਨੇ ਵਿੱਚ ਦੂਜੀ ਰੇਡ
ਦੱਸਣਯੋਗ ਹੈ ਕਿ ED ਨੇ 10 ਘੰਟੇ ਦੀ ਜਾਂਚ ਤੋਂ ਬਾਅਦ ਸ਼ਨੀਵਾਰ ਨੂੰ ਲੁਧਿਆਣਾ ਵੈਸਟ ਤੋਂ ਵਿਧਾਇਕ ਸੰਜੀਵ ਅਰੋੜਾ ਨੂੰ ਗ੍ਰਿਫਤਾਰ ਕੀਤਾ ਸੀ। ਇਹ ED ਵੱਲੋਂ ਉਨ੍ਹਾਂ ਦੇ ਘਰ ਅਤੇ ਟਿਕਾਣਿਆਂ 'ਤੇ ਤੀਜੀ ਅਤੇ ਇੱਕ ਮਹੀਨੇ ਅੰਦਰ ਦੂਜੀ ਛਾਪੇਮਾਰੀ ਸੀ। ਜਾਂਚ ਏਜੰਸੀ ਅਨੁਸਾਰ, ਅਰੋੜਾ ਅਤੇ ਉਨ੍ਹਾਂ ਨਾਲ ਜੁੜੀਆਂ ਕੰਪਨੀਆਂ 'ਤੇ ਕਰੀਬ ₹157.12 ਕਰੋੜ ਦੀ ਫਰਜ਼ੀ ਵਿਕਰੀ ਅਤੇ ਸ਼ੈੱਲ ਕੰਪਨੀਆਂ ਰਾਹੀਂ ਫਰਜ਼ੀ ਐਕਸਪੋਰਟ (ਨਿਰਯਾਤ) ਦਿਖਾਉਣ ਦੇ ਦੋਸ਼ ਹਨ।