Arth Parkash : Latest Hindi News, News in Hindi
ਸੋਮਨਾਥ ਤੋਂ ਸਿੰਦੂਰ ਤੱਕ : ਮੁੜ ਸੁਰਜੀਤ ਹੋ ਰਹੇ ਭਾਰਤ ਦੀ ਭਾਵਨਾ ਸੋਮਨਾਥ ਤੋਂ ਸਿੰਦੂਰ ਤੱਕ : ਮੁੜ ਸੁਰਜੀਤ ਹੋ ਰਹੇ ਭਾਰਤ ਦੀ ਭਾਵਨਾ
Saturday, 09 May 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸੋਮਨਾਥ ਤੋਂ ਸਿੰਦੂਰ ਤੱਕ :  ਮੁੜ ਸੁਰਜੀਤ ਹੋ ਰਹੇ ਭਾਰਤ ਦੀ ਭਾਵਨਾ

 

 

 

75 ਵਰ੍ਹੇ ਪਹਿਲਾਂ ਕੀਤਾ ਗਿਆ ਸ਼ਾਨਦਾਰ ਸੋਮਨਾਥ ਮੰਦਿਰ ਦਾ ਪੁਨਰ-ਜਾਗਰਣ ਅਤੇ ਪ੍ਰਾਣ- ਪ੍ਰਤਿਸ਼ਠਾ ਭਾਰਤ ਦੇ ਸੱਭਿਅਤਾਗਤ ਗੌਰਵ ਦੀ ਮੁੜ-ਸਥਾਪਨਾ ਦਾ ਫੈਸਲਾਕੁੰਨ ਪਲ ਸੀ। ਇਸ ਨੇ ਭਾਰਤ ਦੀ ਉਸ ਦ੍ਰਿੜ੍ਹਤਾ ਅਤੇ ਸੰਕਲਪ ਨੂੰ ਮੁੜ –ਸਥਾਪਿਤ ਕੀਤਾ, ਜੋ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ 2047 ਮਿਸ਼ਨ ਦਾ ਮੂਲ ਅਧਾਰ ਹੈ।

ਇਸ ਪਵਿੱਤਰ ਪ੍ਰਾਪਤੀ ਦੀ 75ਵੀਂ ਵਰ੍ਹੇਗੰਢ ਰਾਸ਼ਟਰ ਨੂੰ ਭਾਰਤੀ ਸੱਭਿਆਚਾਰ ਦੀ ਮਜ਼ਬੂਤ ਨੀਂਹ ਅਤੇ ਸ਼ਕਤੀ ‘ਤੇ ਸਰਬਉੱਚ ਭਰੋਸਾ ਪ੍ਰਦਾਨ ਕਰਦੀ ਹੈ, ਜੋ ਕਿ 1,000 ਵਰ੍ਹਿਆਂ ਤੱਕ ਕੱਟੜਪੰਥੀਆਂ ਦੁਆਰਾ ਮੰਦਿਰ ‘ਤੇ ਕੀਤੇ ਗਏ ਭਿਆਨਕ ਹਮਲਿਆਂ ਨੂੰ ਝਲਣ ਤੋਂ ਬਾਅਦ ਵੀ ਹੋਰ ਜ਼ਿਆਦਾ ਮਜ਼ਬੂਤ ਹੋ ਕੇ ਉਭਰੀ।

ਗੁਜਰਾਤ ਦੇ ਸ਼ਾਂਤ ਸਮੁੰਦਰ ਕਿਨਾਰੇ ‘ਤੇ ਸਥਿਤ ਇਹ ਮੰਦਿਰ ਹਰ ਹਮਲੇ ਤੋਂ ਬਾਅਦ ਖੰਡਹਰਾਂ ਤੋਂ ਆਪਣੀ ਪੂਰੀ ਸ਼ਾਨ ਨਾਲ ਮੁੜ ਉੱਠ ਖੜ੍ਹਾ ਹੋਇਆ। ਕਈ ਮਾਇਨਿਆਂ ਵਿੱਚ ਇਸ ਦਾ ਇਤਿਹਾਸ ਭਾਰਤ ਦੇ ਅਤੀਤ ਦਾ ਪ੍ਰਤੀਬਿੰਬ ਹੈ, ਜਿੱਥੇ ਸਾਡੇ ਸ਼ਾਂਤੀ ਪਸੰਦ ਲੋਕਾਂ ਨੇ ਆਪਣੀ ਆਸਥਾ, ਸੱਭਿਆਚਾਰ ਅਤੇ ਵਿਰਾਸਤ ‘ਤੇ ਹੋਏ ਭਿਆਨਕ ਹਮਲਿਆਂ ਤੋਂ ਬਾਅਦ ਫਿਰ ਵੀ ਮਜ਼ਬੂਤੀ ਨਾਲ ਵਾਪਸੀ ਕੀਤੀ।

ਜਿਵੇਂ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, ਜਿਸ ਤਰ੍ਹਾਂ ਨਾਲ ਸੋਮਨਾਥ ਨੂੰ ਖਤਮ ਕਰਨ ਲਈ ਵਾਰ-ਵਾਰ ਸਾਜਿਸ਼ਾਂ ਰਚੀਆਂ ਅਤੇ ਯਤਨ ਕੀਤੇ, ਉਸੇ ਤਰ੍ਹਾਂ ਵਿਦੇਸ਼ੀ ਹਮਲਾਵਰਾਂ ਨੇ ਸਦੀਆਂ ਤੱਕ ਭਾਰਤ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਵੀ ਨਾ ਤਾਂ ਇਹ ਪੂਜਨੀਕ ਤੀਰਥ ਨਸ਼ਟ ਹੋਇਆ ਅਤੇ ਨਾ ਹੀ ਭਾਰਤ।

ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਕਿ ਸੋਮਨਾਥ ‘ਤੇ ਹਮਲਿਆਂ ਦਾ ਉਦੇਸ਼ ਲੁੱਟ-ਖੋਹ ਤੋਂ ਵੱਧ ਖਤਰਨਾਕ ਸੀ। ਉਨ੍ਹਾਂ ਕਿਹਾ ਕਿ, “ਜੇਕਰ ਹਮਲੇ ਸਿਰਫ਼ ਲੁੱਟ ਲਈ ਹੁੰਦੇ, ਤਾਂ ਇੱਕ ਹਜ਼ਾਰ ਵਰ੍ਹੇ ਪਹਿਲਾਂ ਹੋਈ ਪਹਿਲੀ ਵੱਡੀ ਲੁੱਟ ਤੋਂ ਬਾਅਦ ਹੀ ਰੁੱਕ ਗਏ ਹੁੰਦੇ। ਪਰ ਅਜਿਹਾ ਨਹੀਂ ਹੋਇਆ। ਸੋਮਨਾਥ ਦੀ ਪਵਿੱਤਰ ਮੂਰਤੀ ਨੂੰ ਅਪਵਿੱਤਰ ਕੀਤਾ ਗਿਆ, ਮੰਦਿਰ ਦੇ ਸਰੂਪ ਨੂੰ ਵਾਰ-ਵਾਰ ਬਦਲਿਆ ਗਿਆ। ਅਤੇ ਸਾਨੂੰ ਇਹ ਸਿਖਾਇਆ ਗਿਆ ਕਿ ਸੋਮਨਾਥ ਨੂੰ ਸਿਰਫ਼ ਲੁੱਟ-ਖੋਹ ਲਈ ਖਤਮ ਕੀਤਾ ਗਿਆ ਸੀ। ਨਫ਼ਰਤ, ਜ਼ੁਲਮ ਅਤੇ ਦਹਿਸ਼ਤ ਦਾ ਇਹ ਬੇਰਹਿਮ ਇਤਿਹਾਸ ਸਾਡੇ ਤੋਂ ਲੁਕਾਇਆ ਗਿਆ ਸੀ।”

ਨਹਿਰੂ ਦਾ ਵਿਰੋਧ – ਸੁਤੰਤਰਤਾ ਤੋਂ ਬਾਅਦ ਸਰਦਾਰ ਪਟੇਲ ਨੇ ਸੋਮਨਾਥ ਦੇ ਮੁੜ-ਨਿਰਮਾਣ ਦੇ ਮਿਸ਼ਨ ਦੀ ਅਗਵਾਈ ਕੀਤੀ। ਇਹ ਨਵੇਂ ਸੁਤੰਤਰ ਭਾਰਤ ਵਿੱਚ ਰਾਸ਼ਟਰੀ ਆਤਮ-ਵਿਸ਼ਵਾਸ ਦੇ ਸ਼ੁਰੂਆਤੀ ਪ੍ਰਗਟਾਵਿਆਂ ਵਿੱਚੋਂ ਇੱਕ ਸੀ। ਪਰ ਇਸ ਯਤਨ ਦੀ ਰਾਹ ਵਿੱਚ ਵੀ ਰੁਕਾਵਟਾਂ ਆਈਆਂ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਇਸ ਦੇ ਇਤਿਹਾਸਕ ਉਦਘਾਟਨ ਸਮਾਰੋਹ ਵਿੱਚ ਉਸ ਸਮੇਂ ਦੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ, ਦੇ ਸ਼ਾਮਲ ਹੋਣ ਦਾ ਰਸਮੀ ਤੌਰ ‘ਤੇ ਵਿਰੋਧ ਕੀਤਾ। ਇਸ ਦੇ ਬਾਵਜੂਦ ਰਾਸ਼ਟਰਪਤੀ ਨੇ 11 ਮਈ, 1951 ਨੂੰ ਮੰਦਿਰ ਦਾ ਉਦਘਾਟਨ ਕੀਤਾ।

ਸਦੀਆਂ ਦੇ ਬੇਰਹਿਮ ਜ਼ੁਲਮਾਂ ਤੋਂ ਬਾਅਦ, ਇਸ ਪੁਨਰ-ਨਿਰਮਾਣ ਨੇ ਭਾਰਤ ਦੀ ਸੱਭਿਆਚਾਰਕ ਪੁਨਰ-ਜਾਗਰਣ ਅਤੇ ਸੱਭਿਆਚਾਰ ਦੇ ਮਾਣ ਦੇ ਬੀਜ ਬੀਜੇ। ਕਾਸ਼ੀ ਵਿਸ਼ਵਨਾਥ ਅਤੇ ਉਜੈਨ ਦੇ ਮਹਾਕਾਲੇਸ਼ਵਰ ਮੰਦਿਰਾਂ ਦੀ ਮੁੜ-ਬਹਾਲੀ ਤੋਂ ਲੈ ਕੇ ਅਯੋਧਿਆ ਵਿੱਚ ਸ਼ਾਨਦਾਰ ਰਾਮ ਮੰਦਿਰ ਤੱਕ; ਕੇਦਾਰਨਾਥ ਦੀ ਪੁਨਰ-ਸੁਰਜੀਤੀ ਤੋਂ ਲੈ ਕੇ ਅਣਗਿਣਤ ਵਿਰਾਸਤੀ ਸਥਾਨਾਂ ਦੀ ਸੰਭਾਲ ਤੱਕ ਭਾਰਤ —ਆਪਣੀ ਸੱਭਿਅਤਾ ਦੀ ਕਹਾਣੀ ਨੂੰ ਮਾਣ ਅਤੇ ਉਦੇਸ਼ ਨਾਲ ਮੁੜ ਦੋਹਰਾ ਰਿਹਾ ਹੈ। ਇਨ੍ਹਾਂ ਯਤਨਾਂ ਨਾਲ ਸੈਲਾਨੀਆਂ ਦੀ ਗਿਣਤੀ ਵਧ ਰਹੀ ਹੈ ਅਤੇ ਸਥਾਨਕ ਲੋਕਾਂ ਲਈ ਰੁਜ਼ਗਾਰ ਅਤੇ ਕਾਰੋਬਾਰ ਦੇ ਕਈ ਮੌਕੇ ਪੈਦਾ ਹੋ ਰਹੇ ਹਨ।

ਆਲਮੀ ਪਛਾਣ- ਸੋਮਨਾਥ ਦੀ ਹੀ ਤਰ੍ਹਾਂ ਭਾਰਤ ਵੀ ਹੋਰ ਜ਼ਿਆਦਾ ਮਜ਼ਬੂਤ ਹੋ ਕੇ ਉਭਰਿਆ ਹੈ। ਇਹ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਹੋਣ ਦੇ ਨਾਲ-ਨਾਲ ਆਪਣੀ ਅਮੀਰ ਵਿਰਾਸਤ ਅਤੇ ਆਧੁਨਿਕਤਾ ਦੇ ਮਿਸਾਲੀ ਸੰਗਮ ਦੇ ਲਈ ਆਲਮੀ ਪਛਾਣ ਬਣਾ ਰਿਹਾ ਹੈ। 2014 ਵਿੱਚ ਜਦੋਂ ਦੇਸ਼ ਭਾਰੀ ਬਹੁਮਤ ਨਾਲ ਮੋਦੀ ਸਰਕਾਰ ਨੂੰ ਸੱਤਾ ਵਿੱਚ ਲਿਆਇਆ, ਤਾਂ ਸੰਯੁਕਤ ਰਾਸ਼ਟਰ ਮਹਾਸਭਾ ਨੇ ਰਿਕਾਰਡ 175 ਦੇਸ਼ਾਂ ਦੇ ਸਮਰਥਨ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਪਾਸ ਕੀਤਾ। ਯੋਗਾ ਅੱਜ ਇੱਕ ਗਲੋਬਲ ਵੈਲਨੈੱਸ ਮੁਹਿੰਮ ਬਣ ਚੁੱਕੀ ਹੈ, ਜਿਸ ਨੇ ਦੁਨੀਆ ਦੇ ਸਾਰੇ ਸੱਭਿਆਚਾਰਾਂ ਦੇ ਲੋਕਾਂ ਨੂੰ ਲਾਭ ਪਹੁੰਚਾਇਆ ਹੈ।

ਇੱਕ ਦਹਾਕੇ ਬਾਅਦ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪੱਛਮੀ ਏਸ਼ੀਆ ਵਿੱਚ ਸੰਯੁਕਤ ਅਰਬ ਅਮੀਰਾਤ ਸਰਕਾਰ ਦੁਆਰਾ ਤੋਹਫੇ ਵਿੱਚ ਦਿੱਤੀ ਗਈ ਜ਼ਮੀਨ ‘ਤੇ ਬਣੇ ਇੱਕ ਸ਼ਾਨਦਾਰ ਮੰਦਿਰ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਬਹਿਰੀਨ ਵਿਖੇ 200 ਵਰ੍ਹੇ ਪੁਰਾਣੇ ਮੰਦਿਰ ਦੇ ਪੁਨਰ-ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ ਸੀ। ਉਹ ਨਿਯਮਿਤ ਤੌਰ ‘ਤੇ ਪ੍ਰਵਾਸੀ ਭਾਰਤੀਆਂ ਨਾਲ ਸੰਵਾਦ ਕਰਦੇ ਹਨ ਜਿਸ ਨਾਲ ਉਹ ਭਾਰਤੀ ਸੱਭਿਆਚਾਰਕ ਵਿਰਾਸਤ ਦਾ ਗੌਰਵਸ਼ਾਲੀ ਦੂਤ ਬਣ ਜਾਂਦੇ ਹਨ।

ਆਯੁਸ਼ ਅਤੇ ਯੋਗਾ ਦਾ ਵਿਸ਼ਵੀਕਰਣ - ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨਾ ਅਤੇ ਰਵਾਇਤੀ ਗਿਆਨ ਪ੍ਰਣਾਲੀਆਂ ਨਾਲ ਜੁੜੇ ਪੇਸ਼ੇਵਰਾਂ ਲਈ ਆਲਮੀ ਮੌਕੇ ਪੈਦਾ ਕਰਨਾ, ਹਾਲ ਹੀ ਦੇ ਵਰ੍ਹਿਆਂ ਵਿੱਚ ਭਾਰਤ ਦੁਆਰਾ ਵਿਕਸਿਤ ਦੇਸ਼ਾਂ ਨਾਲ ਕੀਤੇ ਗਏ ਮੁਕਤ ਵਪਾਰ ਸਮਝੌਤਿਆਂ (FTAs) ਦਾ ਮਹੱਤਵਪੂਰਨ ਹਿੱਸਾ ਰਿਹਾ ਹੈ। ਸਾਡੇ ਕਾਰੀਗਰਾਂ, ਕਾਮਿਆਂ, ਕਿਸਾਨਾਂ, ਮਛੇਰਿਆਂ, ਛੋਟੇ ਕਾਰੋਬਾਰਾਂ ਅਤੇ ਸਟਾਰਟਅੱਪਸ ਲਈ ਲਾਭਦਾਇਕ ਆਲਮੀ ਮੌਕਿਆਂ ਦੀ ਸਿਰਜਣਾ ਕਰਨ ਦੇ ਨਾਲ-ਨਾਲ ਇਹ ਸਮਝੌਤੇ ਪ੍ਰਧਾਨ ਮੰਤਰੀ ਦੇ "ਵਿਕਾਸ ਭੀ, ਵਿਰਾਸਤ ਭੀ" ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹਨ।

ਹਾਲ ਹੀ ਵਿੱਚ ਨਿਊਜ਼ੀਲੈਂਡ ਦੇ ਨਾਲ ਸੰਪੰਨ ਐੱਫਟੀਏ ਰਵਾਇਤੀ ਮੈਡੀਕਲ ਅਤੇ ਹੌਲਿਸਟਿਕ ਹੈਲਥਕੇਅਰ ਸਰਵਿਸਿਜ਼ ਵਿੱਚ ਭਾਰਤ ਦੀ ਆਲਮੀ ਪਹੁੰਚ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਇਸ ਵਿੱਚ ਆਯੁਸ਼ ਡਾਕਟਰਾਂ ਅਤੇ ਯੋਗਾ ਟ੍ਰੇਨਰਾਂ ਦੇ ਨਾਲ-ਨਾਲ ਭਾਰਤੀ ਸੱਭਿਆਚਾਰਕ ਅਤੇ ਗਿਆਨ ਅਧਾਰਿਤ ਪੇਸ਼ੇਵਰਾਂ ਨੂੰ ਨਿਊਜ਼ੀਲੈਂਡ ਵਿੱਚ ਕੰਮ ਕਰਨ ਲਈ ਵੀਜ਼ਾ ਕੋਟਾ ਪ੍ਰਦਾਨ ਕੀਤਾ ਗਿਆ ਹੈ।

ਇਹ ਐੱਫਟੀਏ ਆਯੁਰਵੇਦ, ਯੋਗਾ ਅਤੇ ਹੋਰ ਰਵਾਇਤੀ ਮੈਡੀਕਲ ਸਰਵਿਸਿਜ਼ ਦੇ ਵਪਾਰ ਲਈ ਅਨੁਕੂਲ ਵਾਤਾਵਰਣ ਤਿਆਰ ਕਰਦਾ ਹੈ ਅਤੇ ਆਯੁਸ਼ ਨੂੰ ਸਮਕਾਲੀ ਅਤੇ ਆਲਮੀ ਤੌਰ ‘ਤੇ ਪ੍ਰਾਸੰਗਿਕ ਸਿਹਤ ਸਮਾਧਾਨ ਦੇ ਰੂਪ ਵਿੱਚ ਸਥਾਪਿਤ ਕਰਦਾ ਹੈ।

ਬ੍ਰਿਟੇਨ, ਯੂਰੋਪੀਅਨ ਯੂਨੀਅਨ ਅਤੇ ਆਸਟ੍ਰੇਲੀਆ ਦੇ ਨਾਲ ਹੋਏ ਵਪਾਰ ਸਮਝੌਤਿਆਂ ਵਿੱਚ ਵੀ ਇਸੇ ਤਰ੍ਹਾਂ ਦੇ ਪ੍ਰਬੰਧ ਹਨ। ਯੂਰੋਪੀਅਨ ਯੂਨੀਅਨ ਦੇ ਨਾਲ ਐੱਫਟੀਏ ਆਯੁਸ਼ ਡਾਕਟਰਾਂ ਨੂੰ ਭਾਰਤ ਵਿੱਚ ਪ੍ਰਾਪਤ ਕਾਰੋਬਾਰੀ ਯੋਗਤਾ ਦੇ ਅਧਾਰ ‘ਤੇ ਯੂਰੋਪੀਅਨ ਦੇਸ਼ਾਂ ਵਿੱਚ ਸੇਵਾਵਾਂ ਦੇਣ ਦੀ ਪ੍ਰਵਾਨਗੀ ਦੇਵੇਗਾ। ਇਹ ਯੂਰੋਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਵਿੱਚ ਆਯੁਸ਼ ਵੈਲਨੈੱਸ ਸੈਂਟਰ ਅਤੇ ਕਲੀਨਿਕ ਬਣਾਉਣ ਵਿੱਚ ਵੀ ਮਦਦ ਕਰਦਾ ਹੈ।

ਨਵੀਆਂ ਚੁਣੌਤੀਆਂ ‘ਤੇ ਜਿੱਤ – ਜਿੱਥੇ ਇੱਕ ਪਾਸੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਦੁਨੀਆ ਦਾ ਧਿਆਨ ਆਕਰਸ਼ਿਤ ਕਰ ਰਹੀ ਹੈ, ਇਸ ਦੇ ਨਾਲ ਹੀ, ਦੇਸ਼ ਕੱਟੜਪੰਥੀਆਂ ਦਾ ਨਿਸ਼ਾਨਾ ਬਣਿਆ ਹੋਇਆ ਹੈ, ਜੋ ਅੱਤਵਾਦ ਅਤੇ ਘੁਸਪੈਠ ਰਾਹੀਂ ਭਾਰਤ ਦੀ ਸਦਭਾਵਨਾਪੂਰਨ ਵਿਰਾਸਤ ਨੂੰ ਵਿਗਾੜ ਰਹੇ ਹਨ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ਹੇਠ, ਨਵਾਂ ਭਾਰਤ ਅਜਿਹੀਆਂ ਚੁਣੌਤੀਆਂ ਦਾ ਜ਼ੋਰਦਾਰ ਜਵਾਬ ਦਿੰਦਾ ਹੈ। ‘ਆਪ੍ਰੇਸ਼ਨ ਸਿੰਦੂਰ’ ਰਾਹੀਂ ਭਾਰਤ ਨੇ ਅੱਤਵਾਦੀਆਂ ਅਤੇ ਸਰਹੱਦ ਪਾਰ ਮੌਜੂਦ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਢੁਕਵਾਂ ਸਬਕ ਸਿਖਾਇਆ। ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਪੱਛਮ ਬੰਗਾਲ ਦੇ ਵੋਟਰਾਂ ਨੇ ਉਨ੍ਹਾਂ ਪਾਰਟੀਆਂ ਨੂੰ ਨਕਾਰ ਦਿੱਤਾ, ਜੋ ਘੁਸਪੈਠੀਆਂ ਦਾ ਸਮਰਥਨ ਕਰ ਰਹੀਆਂ ਸਨ, ਵੋਟ ਬੈਂਕ ਦੀ ਰਾਜਨੀਤੀ ਕਰ ਰਹੀਆਂ ਸਨ ਅਤੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਕਮਜ਼ੋਰ ਕਰ ਰਹੀਆਂ ਸਨ। ਇਹ ਜ਼ਿਕਰਯੋਗ ਹੈ ਕਿ ਆਪ੍ਰੇਸ਼ਨ ਸਿੰਦੂਰ ਅਤੇ ਸੋਮਨਾਥ ਮੰਦਿਰ ਦਾ ਪੁਨਰ-ਨਿਰਮਾਣ, ਦੋਵਾਂ ਦੀ ਵਰ੍ਹੇਗੰਢ ਵਿੱਚ ਕੁਝ ਦਿਨਾਂ ਦਾ ਹੀ ਅੰਤਰ ਹੈ। ਇਹ ਦੋਵੇਂ ਭਾਰਤ ਦੀ ਦ੍ਰਿੜ੍ਹਤਾ ਅਤੇ ਸਖਤੀ ਨੂੰ ਦਰਸਾਉਂਦੀਆਂ ਹਨ।

ਸੋਮਨਾਥ ਦੀ ਕਹਾਣੀ ਆਖਰਕਾਰ ਰਾਜਨੀਤੀ ਤੋਂ ਕਿਤੇ ਅੱਗੇ ਹੈ। ਇਹ ਇੱਕ ਅਜਿਹੀ ਸੱਭਿਅਤਾ ਦੀ ਕਹਾਣੀ ਹੈ, ਜਿਸ ਨੇ ਕਦੇ ਆਤਮ-ਸਮਰਪਣ ਨਹੀਂ ਕੀਤਾ। ਆਪਣੇ ਪੁਨਰ-ਨਿਰਮਾਣ ਦੇ 75 ਵਰ੍ਹਿਆਂ ਬਾਅਦ, ਅੱਜ ਸੋਮਨਾਥ ਸਿਰਫ਼ ਮੰਦਿਰ ਨਹੀਂ, ਸਗੋਂ ਭਾਰਤ ਦੀ ਦ੍ਰਿੜ੍ਹਤਾ, ਨਿਰੰਤਰਤਾ ਅਤੇ ਰਾਸ਼ਟਰੀ ਆਤਮ-ਵਿਸ਼ਵਾਸ਼ ਦਾ ਸਦੀਵੀ ਪ੍ਰਤੀਕ ਬਣ ਕੇ ਖੜ੍ਹਿਆ ਹੈ।

(ਲੇਖਕ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਹਨ।)