
ਪੰਚਕੂਲਾ ਚੋਣ ਨਤੀਜੇ LIVE: ਪੰਚਕੂਲਾ ਨਗਰ ਨਿਗਮ ਚੋਣਾਂ ਦੇ ਨਤੀਜੇ ਅੱਜ (13 ਮਈ) ਐਲਾਨੇ ਜਾ ਰਹੇ ਹਨ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਲਗਾਤਾਰ ਜਾਰੀ ਹੈ। ਇਸ ਦੌਰਾਨ ਜਿੱਥੇ ਪੰਚਕੂਲਾ ਮੇਅਰ ਦੀ ਸੀਟ 'ਤੇ ਬੀਜੇਪੀ ਦਾ ਦਬਦਬਾ ਦਿਖਾਈ ਦੇ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਵਾਰਡਾਂ ਵਿੱਚ ਵੀ ਭਾਜਪਾ ਜ਼ਬਰਦਸਤ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ। ਪੰਚਕੂਲਾ ਦੇ 20 ਵਾਰਡਾਂ ਵਿੱਚੋਂ ਹੁਣ ਤੱਕ 4 ਵਾਰਡਾਂ ਵਿੱਚ ਭਾਜਪਾ ਨੇ ਜਿੱਤ ਹਾਸਲ ਕਰ ਲਈ ਹੈ, ਜਦਕਿ ਕਈ ਹੋਰ ਵਾਰਡਾਂ ਵਿੱਚ ਬੀਜੇਪੀ ਲਗਾਤਾਰ ਲੀਡ ਬਣਾਈ ਹੋਏ ਹੈ।
ਪੰਚਕੂਲਾ ਦੇ ਕਿਹੜੇ ਵਾਰਡਾਂ ਵਿੱਚ ਜਿੱਤੀ ਬੀਜੇਪੀ?
ਅਧਿਕਾਰਤ ਤੌਰ 'ਤੇ ਜਾਰੀ ਨਤੀਜਿਆਂ ਅਨੁਸਾਰ, ਭਾਜਪਾ ਨੇ ਪੰਚਕੂਲਾ ਦੇ ਵਾਰਡ ਨੰਬਰ 6, 8, 9 ਅਤੇ 10 ਵਿੱਚ ਜਿੱਤ ਦਰਜ ਕੀਤੀ ਹੈ:
ਵਾਰਡ ਨੰਬਰ 6: ਭਾਜਪਾ ਦੇ ਨੌਜਵਾਨ ਉਮੀਦਵਾਰ ਪਾਰਥ ਗੁਪਤਾ 866 ਵੋਟਾਂ ਨਾਲ ਜੇਤੂ ਰਹੇ ਹਨ। ਦੱਸਣਯੋਗ ਹੈ ਕਿ ਪਾਰਥ ਗੁਪਤਾ ਪੰਚਕੂਲਾ ਦੇ ਸਾਬਕਾ ਵਿਧਾਇਕ ਅਤੇ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਗਿਆਨਚੰਦ ਗੁਪਤਾ ਦੇ ਪੋਤੇ ਹਨ। ਪਾਰਥ ਗੁਪਤਾ ਦੀ ਇਹ ਪਹਿਲੀ ਚੋਣ ਸੀ, ਜਿਸ ਵਿੱਚ ਉਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਇਸ ਦੇ ਨਾਲ ਹੀ ਉਹ ਪੰਚਕੂਲਾ ਦੇ ਸਭ ਤੋਂ ਘੱਟ ਉਮਰ ਦੇ ਕੌਂਸਲਰ (21 ਸਾਲ) ਵੀ ਬਣ ਗਏ ਹਨ।
ਵਾਰਡ ਨੰਬਰ 8: ਭਾਜਪਾ ਦੇ ਰਾਜ ਕੁਮਾਰ ਜੈਨ 948 ਵੋਟਾਂ ਦੇ ਫਰਕ ਨਾਲ ਜੇਤੂ ਰਹੇ।
ਵਾਰਡ ਨੰਬਰ 9: ਭਾਜਪਾ ਦੇ ਹਰਿੰਦਰ ਮਲਿਕ ਨੇ 1623 ਵੋਟਾਂ ਨਾਲ ਜਿੱਤ ਹਾਸਲ ਕੀਤੀ।
ਵਾਰਡ ਨੰਬਰ 10: ਭਾਜਪਾ ਦੇ ਸ਼ੇਖਰ 59 ਵੋਟਾਂ ਨਾਲ ਜੇਤੂ ਰਹੇ ਹਨ।
ਭਾਜਪਾ ਅਜੇ ਵੀ ਕਈ ਹੋਰ ਵਾਰਡਾਂ ਵਿੱਚ ਅੱਗੇ ਚੱਲ ਰਹੀ ਹੈ। ਰੁਝਾਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਪੰਚਕੂਲਾ ਦੇ ਜ਼ਿਆਦਾਤਰ ਵਾਰਡਾਂ 'ਤੇ ਭਾਜਪਾ ਆਪਣਾ ਕਬਜ਼ਾ ਜਮਾਏਗੀ।
ਫਿਲਹਾਲ ਪੰਚਕੂਲਾ ਦੇ ਸਾਰੇ ਵਾਰਡਾਂ ਦੀ ਤਸਵੀਰ ਕੁਝ ਹੀ ਘੰਟਿਆਂ ਵਿੱਚ ਸਾਫ਼ ਹੋ ਜਾਵੇਗੀ। ਦੱਸ ਦੇਈਏ ਕਿ ਇਸ ਵਾਰ ਕੌਂਸਲਰ ਦੇ ਅਹੁਦੇ ਲਈ ਪੰਚਕੂਲਾ ਦੇ 20 ਵਾਰਡਾਂ ਵਿੱਚ 87 ਉਮੀਦਵਾਰ ਮੈਦਾਨ ਵਿੱਚ ਸਨ।