
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਬੁੱਧਵਾਰ, 13 ਮਈ ਨੂੰ ਬਾਰ੍ਹਵੀਂ ਜਮਾਤ ਦਾ ਪ੍ਰੀਖਿਆ ਨਤੀਜਾ ਐਲਾਨ ਦਿੱਤਾ ਹੈ। ਵਿਦਿਆਰਥੀ ਆਪਣਾ ਨਤੀਜਾ ਬੋਰਡ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਦੇਖ ਸਕਦੇ ਹਨ। ਇਸ ਵਾਰ ਪ੍ਰੀਖਿਆ ਵਿੱਚ ਕੁੱਲ 2 ਲੱਖ 65 ਹਜ਼ਾਰ 417 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ਵਿੱਚੋਂ 2 ਲੱਖ 42 ਹਜ਼ਾਰ 755 ਵਿਦਿਆਰਥੀ ਸਫਲ ਰਹੇ। ਕੁੱਲ ਨਤੀਜਾ 91.46 ਫੀਸਦੀ ਦਰਜ ਕੀਤਾ ਗਿਆ।
ਮਾਨਸਾ ਦੀ ਸੁਪਨੀਤ ਕੌਰ ਨੇ 100 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਲੁਧਿਆਣਾ ਦੀ ਸੁਹਾਨੀ ਚੌਹਾਨ ਨੇ ਦੂਜਾ ਅਤੇ ਵਿਨੀਤ ਜੌਹਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਤਿੰਨਾਂ ਹੀ ਵਿਦਿਆਰਥੀਆਂ ਨੇ 100 ਫੀਸਦੀ ਅੰਕ ਪ੍ਰਾਪਤ ਕੀਤੇ ਹਨ।
ਜਾਣੋ ਕਿਵੇਂ ਦੇਖ ਸਕਦੇ ਹੋ ਨਤੀਜਾ
ਇਸ ਵਾਰ ਵਿਦਿਆਰਥੀਆਂ ਨੂੰ ਨਤੀਜਾ ਦੇਖਣ ਲਈ ਦੋ ਆਸਾਨ ਤਰੀਕੇ ਦਿੱਤੇ ਗਏ ਹਨ। ਵਿਦਿਆਰਥੀ ਆਪਣਾ ਰੋਲ ਨੰਬਰ ਭਰ ਕੇ ਨਤੀਜਾ ਦੇਖ ਸਕਦੇ ਹਨ, ਇਸ ਤੋਂ ਇਲਾਵਾ ਨਾਮ ਭਰ ਕੇ ਵੀ ਨਤੀਜੇ ਦੀ ਜਾਂਚ ਕੀਤੀ ਜਾ ਸਕਦੀ ਹੈ।
ਵੈੱਬਸਾਈਟ 'ਤੇ ਨਤੀਜਾ ਦੇਖੋ:
ਨਤੀਜਾ ਦੇਖਣ ਲਈ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਬੋਰਡ ਦੀ ਅਧਿਕਾਰਤ ਵੈੱਬਸਾਈਟ PSEB Result 'ਤੇ ਜਾਣਾ ਹੋਵੇਗਾ। ਉੱਥੇ ਮੁੱਖ ਪੰਨੇ 'ਤੇ 12ਵੀਂ ਜਮਾਤ ਦੇ ਨਤੀਜੇ ਦਾ ਲਿੰਕ ਦਿਖਾਈ ਦੇਵੇਗਾ। ਲਿੰਕ ਖੋਲ੍ਹਣ ਤੋਂ ਬਾਅਦ ਵਿਦਿਆਰਥੀਆਂ ਨੂੰ ਰੋਲ ਨੰਬਰ ਜਾਂ ਨਾਮ ਭਰਨਾ ਹੋਵੇਗਾ। ਇਸ ਤੋਂ ਬਾਅਦ ਆਪਣੀ ਸਟ੍ਰੀਮ (ਵਿਸ਼ਾ ਵਰਗ) ਚੁਣ ਕੇ 'Find Result' ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ। ਅਜਿਹਾ ਕਰਦੇ ਹੀ ਮਾਰਕਸ਼ੀਟ ਸਕ੍ਰੀਨ 'ਤੇ ਦਿਖਾਈ ਦੇਵੇਗੀ। ਵਿਦਿਆਰਥੀ ਚਾਹੁਣ ਤਾਂ ਆਪਣੀ ਡਿਟੇਲ ਮਾਰਕਸ਼ੀਟ (DMC) ਡਾਊਨਲੋਡ ਜਾਂ ਪ੍ਰਿੰਟ ਵੀ ਕਰ ਸਕਦੇ ਹਨ।
ਮੋਬਾਈਲ ਰਾਹੀਂ ਨਤੀਜਾ ਦੇਖੋ:
ਜੇਕਰ ਵੈੱਬਸਾਈਟ 'ਤੇ ਜ਼ਿਆਦਾ ਟ੍ਰੈਫਿਕ ਹੋਣ ਕਾਰਨ ਨਤੀਜਾ ਦੇਖਣ 'ਚ ਮੁਸ਼ਕਲ ਆਉਂਦੀ ਹੈ, ਤਾਂ ਵਿਦਿਆਰਥੀਆਂ ਲਈ ਐਸ.ਐਮ.ਐਸ (SMS) ਸੇਵਾ ਦੀ ਸਹੂਲਤ ਵੀ ਉਪਲਬਧ ਰਹੇਗੀ। ਇਸ ਲਈ ਵਿਦਿਆਰਥੀਆਂ ਨੂੰ ਆਪਣੇ ਮੋਬਾਈਲ ਤੋਂ PB12 <ਰੋਲ ਨੰਬਰ> ਲਿਖ ਕੇ 5676750 ਨੰਬਰ 'ਤੇ ਭੇਜਣਾ ਹੋਵੇਗਾ। ਕੁਝ ਹੀ ਦੇਰ ਵਿੱਚ ਨਤੀਜਾ ਮੋਬਾਈਲ 'ਤੇ ਸੰਦੇਸ਼ ਦੇ ਰੂਪ ਵਿੱਚ ਮਿਲ ਜਾਵੇਗਾ।
ਅਧਿਕਾਰਤ ਵੈੱਬਸਾਈਟ ਦੀ ਹੀ ਵਰਤੋਂ ਕਰੋ
ਬੋਰਡ ਵੱਲੋਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਨਤੀਜਾ ਦੇਖਦੇ ਸਮੇਂ ਸਹੀ ਜਾਣਕਾਰੀ ਭਰਨ ਅਤੇ ਸਿਰਫ਼ ਅਧਿਕਾਰਤ ਵੈੱਬਸਾਈਟ ਦੀ ਹੀ ਵਰਤੋਂ ਕਰਨ। ਕਿਸੇ ਵੀ ਗਲਤ ਜਾਂ ਗੈਰ-ਅਧਿਕਾਰਤ ਜਾਣਕਾਰੀ ਤੋਂ ਬਚਣ ਲਈ ਵਿਦਿਆਰਥੀਆਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।