
ਸੋਨੀਪਤ ਮੇਅਰ ਚੋਣ ਨਤੀਜੇ 2026: ਸੋਨੀਪਤ ਨਗਰ ਨਿਗਮ ਦੇ ਮੇਅਰ ਦੀ ਚੋਣ ਵਿੱਚ ਭਾਜਪਾ ਨੇ ਵੱਡੀ ਜਿੱਤ ਦਰਜ ਕੀਤੀ ਹੈ। ਇੱਥੇ ਮੇਅਰ ਦੀ ਸੀਟ 'ਤੇ 'ਕਮਲ' ਖਿੜ ਗਿਆ ਹੈ। ਭਾਜਪਾ ਉਮੀਦਵਾਰ ਰਾਜੀਵ ਜੈਨ ਨੇ ਕਾਂਗਰਸ ਉਮੀਦਵਾਰ ਕਮਲ ਦੀਵਾਨ ਨੂੰ 23,247 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ।
ਰਾਜੀਵ ਜੈਨ ਨੂੰ ਕੁੱਲ 78,035 ਵੋਟਾਂ ਹਾਸਲ ਹੋਈਆਂ, ਜਦਕਿ ਕਮਲ ਦੀਵਾਨ ਨੂੰ 54,788 ਵੋਟਾਂ ਮਿਲੀਆਂ। ਦੂਜੇ ਪਾਸੇ, ਇਨੈਲੋ (INLD) ਉਮੀਦਵਾਰ ਆਨੰਦ ਕੁਮਾਰ ਨੂੰ ਸਿਰਫ਼ 5,210 ਵੋਟਾਂ ਹੀ ਮਿਲ ਸਕੀਆਂ। ਦੱਸ ਦੇਈਏ ਕਿ ਸੋਨੀਪਤ ਮੇਅਰ ਦੇ ਅਹੁਦੇ ਲਈ ਵੋਟਾਂ ਦੀ ਗਿਣਤੀ ਕੁੱਲ 14 ਰਾਊਂਡਾਂ ਵਿੱਚ ਪੂਰੀ ਕੀਤੀ ਗਈ।
ਸੋਨੀਪਤ ਮੇਅਰ ਸੀਟ 'ਤੇ ਰਾਜੀਵ ਜੈਨ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਭਾਜਪਾ ਵਰਕਰਾਂ ਅਤੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਅਤੇ ਜਸ਼ਨ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਵਰਕਰ ਇੱਕ-ਦੂਜੇ ਦਾ ਮਿਠਾਈ ਨਾਲ ਮੂੰਹ ਮਿੱਠਾ ਕਰਵਾ ਰਹੇ ਹਨ। ਸਥਾਨਕ ਆਗੂ ਅਤੇ ਵਰਕਰ ਰਾਜੀਵ ਜੈਨ ਨੂੰ ਵਧਾਈਆਂ ਦੇਣ ਪਹੁੰਚ ਰਹੇ ਹਨ। ਜ਼ਿਕਰਯੋਗ ਹੈ ਕਿ ਸੋਨੀਪਤ ਵਿੱਚ ਭਾਜਪਾ ਦੀ ਪਕੜ ਕਾਫ਼ੀ ਮਜ਼ਬੂਤ ਹੈ, ਇਸ ਲਈ ਪਹਿਲਾਂ ਹੀ ਇਹ ਉਮੀਦ ਜਤਾਈ ਜਾ ਰਹੀ ਸੀ ਕਿ ਮੇਅਰ ਦੀ ਸੀਟ 'ਤੇ ਭਾਜਪਾ ਹੀ ਕਬਜ਼ਾ ਕਰੇਗੀ।
ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਉਸ ਦੀ ਹਾਰ ਦਾ ਇੱਕ ਕਾਰਨ ਅੰਦਰੂਨੀ ਕਲੇਸ਼ ਵੀ ਮੰਨਿਆ ਜਾ ਰਿਹਾ ਹੈ, ਕਿਉਂਕਿ ਚੋਣਾਂ ਦੌਰਾਨ ਸੋਨੀਪਤ ਕਾਂਗਰਸ ਖੇਮੇ ਵਿੱਚ ਆਪਸੀ ਵਿਵਾਦ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ।
ਦੱਸ ਦੇਈਏ ਕਿ ਇਸ ਵਾਰ ਸੋਨੀਪਤ ਮੇਅਰ ਦੇ ਅਹੁਦੇ ਲਈ 9 ਉਮੀਦਵਾਰ ਮੈਦਾਨ ਵਿੱਚ ਉਤਰੇ ਸਨ। ਭਾਜਪਾ ਦੇ ਰਾਜੀਵ ਜੈਨ ਅਤੇ ਕਾਂਗਰਸ ਦੇ ਕਮਲ ਦੀਵਾਨ ਤੋਂ ਇਲਾਵਾ ਇਨੈਲੋ ਦੇ ਆਨੰਦ ਕੁਮਾਰ ਅਤੇ 6 ਆਜ਼ਾਦ ਉਮੀਦਵਾਰਾਂ ਨੇ ਵੀ ਇਸ ਚੋਣ ਵਿੱਚ ਹਿੱਸਾ ਲਿਆ ਸੀ।