
ਡੇਰਾਬੱਸੀ 'ਚ ਕੂੜਾ ਸੰਕਟ: ਚੋਣ ਪ੍ਰਚਾਰ ਦੌਰਾਨ 'ਆਪ' ਉਮੀਦਵਾਰਾਂ ਨੂੰ ਝੱਲਣੀ ਪੈ ਰਹੀ ਜਨਤਾ ਦੀ ਨਾਰਾਜ਼ਗੀ; ਅਧਿਕਾਰੀਆਂ ਦਾ ਦਾਅਵਾ- ਰਾਤੋਂ-ਰਾਤ ਸਾਫ਼ ਹੋਵੇਗਾ ਸ਼ਹਿਰ
ਡੇਰਾਬੱਸੀ, 21 ਮਈ (ਜਸਵੀਰ ਸਿੰਘ)
ਨਗਰ ਕੌਂਸਲ ਡੇਰਾਬੱਸੀ ਦੀਆਂ ਚੋਣਾਂ ਦਾ ਪਾਰਾ ਜਿਵੇਂ-ਜਿਵੇਂ ਚੜ੍ਹਦਾ ਜਾ ਰਿਹਾ ਹੈ, ਤਿਵੇਂ-ਤਿਵੇਂ ਸਥਾਨਕ ਸਿਆਸਤ ਵਿੱਚ ਵੀ ਤਲਖ਼ੀ ਵਧਦੀ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਸਫ਼ਾਈ ਕਰਮਚਾਰੀਆਂ ਦੀ ਸੂਬਾ ਪੱਧਰੀ ਹੜਤਾਲ ਕਾਰਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲੱਗੇ ਕੂੜੇ ਦੇ ਵੱਡੇ-ਵੱਡੇ ਢੇਰਾਂ ਨੇ ਇਸ ਵੇਲੇ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਲਈ ਵੱਡੀ ਸਿਰਦਰਦੀ ਖੜ੍ਹੀ ਕਰ ਦਿੱਤੀ ਹੈ। ਹਾਲਾਤ ਇਹ ਬਣ ਗਏ ਹਨ ਕਿ ਵਾਰਡਾਂ ਵਿੱਚ ਡੋਰ-ਟੂ-ਡੋਰ ਪ੍ਰਚਾਰ ਅਤੇ ਨੁੱਕੜ ਮੀਟਿੰਗਾਂ ਦੌਰਾਨ ਉਮੀਦਵਾਰਾਂ ਨੂੰ ਸ਼ਹਿਰ ਵਾਸੀਆਂ ਦੇ ਤਿੱਖੇ ਸਵਾਲਾਂ ਅਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਚੋਣ ਮੁਹਿੰਮ ਦੀ ਰਫ਼ਤਾਰ ਮੱਠੀ ਪੈਂਦੀ ਨਜ਼ਰ ਆ ਰਹੀ ਹੈ।
ਜਨਤਾ ਦੇ ਸਵਾਲਾਂ ਨੇ ਉਮੀਦਵਾਰਾਂ ਨੂੰ ਪਾਇਆ ਵਖ਼ਤ
ਸ਼ਹਿਰ ਦੇ ਮੁੱਖ ਬਾਜ਼ਾਰਾਂ, ਰਿਹਾਇਸ਼ੀ ਇਲਾਕਿਆਂ ਅਤੇ ਮੁੱਖ ਸੜਕਾਂ ਦੇ ਕਿਨਾਰਿਆਂ 'ਤੇ ਖਿੱਲਰੇ ਕੂੜੇ ਅਤੇ ਉਸ ਵਿੱਚੋਂ ਉੱਠ ਰਹੀ ਬਦਬੂ ਕਾਰਨ ਸਥਾਨਕ ਲੋਕਾਂ ਦਾ ਜੀਣਾ ਮੁਹਾਲ ਹੋ ਚੁੱਕਾ ਹੈ। ਸ਼ਹਿਰ ਵਾਸੀਆਂ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਦੋਂ ਵੀ ਸੱਤਾਧਾਰੀ ਧਿਰ ਦੇ ਉਮੀਦਵਾਰ ਵੋਟਾਂ ਮੰਗਣ ਲਈ ਘਰ-ਘਰ ਜਾ ਰਹੇ ਹਨ, ਤਾਂ ਲੋਕ ਵਿਕਾਸ ਦੇ ਵੱਡੇ-ਵੱਡੇ ਦਾਅਵਿਆਂ ਦੇ ਸਾਹਮਣੇ ਸਫ਼ਾਈ ਵਰਗੀ ਬੁਨਿਆਦੀ ਸਮੱਸਿਆ ਨੂੰ ਰੱਖ ਕੇ ਜਵਾਬ ਮੰਗ ਰਹੇ ਹਨ। ਸੂਤਰਾਂ ਮੁਤਾਬਕ, ਮੌਜੂਦਾ ਹਾਲਾਤ ਵਿੱਚ ਜਨਤਾ ਦੀ ਨਾਰਾਜ਼ਗੀ ਕਾਰਨ ਉਮੀਦਵਾਰਾਂ ਲਈ ਵੋਟਰਾਂ ਨੂੰ ਸੰਤੁਸ਼ਟ ਕਰਨਾ ਕਾਫ਼ੀ ਮੁਸ਼ਕਿਲ ਹੋ ਰਿਹਾ ਹੈ।
ਵਿਰੋਧੀ ਪਾਰਟੀਆਂ ਨੇ ਘੇਰਿਆ, ਬਦਲਾਅ ਦੇ ਦਾਅਵਿਆਂ 'ਤੇ ਚੁੱਕੇ ਸਵਾਲ
ਦੂਜੇ ਪਾਸੇ, ਚੋਣ ਮੈਦਾਨ ਵਿੱਚ ਉਤਰੇ ਵਿਰੋਧੀ ਪਾਰਟੀਆਂ ਦੇ ਆਗੂਆਂ ਅਤੇ ਆਜ਼ਾਦ ਉਮੀਦਵਾਰਾਂ ਨੇ ਇਸ ਮੌਕੇ ਨੂੰ ਸਿਆਸੀ ਤੌਰ 'ਤੇ ਭੁਨਾਉਣਾ ਸ਼ੁਰੂ ਕਰ ਦਿੱਤਾ ਹੈ। ਵਿਰੋਧੀਆਂ ਨੇ ਇਸ ਗੰਦਗੀ ਦੇ ਸੰਕਟ ਨੂੰ ਆਪਣਾ ਮੁੱਖ ਚੋਣ ਮੁੱਦਾ ਬਣਾ ਲਿਆ ਹੈ ਅਤੇ ਸੱਤਾਧਾਰੀ ਧਿਰ ਦੇ "ਬਦਲਾਅ" ਅਤੇ "ਵਿਕਾਸ" ਦੇ ਢੋਲ ਦੀ ਪੋਲ ਖੋਲ੍ਹਣੀ ਸ਼ੁਰੂ ਕਰ ਦਿੱਤੀ ਹੈ। ਚੋਣ ਰੈਲੀਆਂ ਦੌਰਾਨ ਵਿਰੋਧੀ ਆਗੂਆਂ ਵੱਲੋਂ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਮੌਜੂਦਾ ਪ੍ਰਸ਼ਾਸਨ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਬਹਾਲ ਰੱਖਣ ਅਤੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਹੱਲ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਇਆ ਹੈ।
ਸਫ਼ਾਈ ਕਾਮਿਆਂ ਨਾਲ ਸਮਝੌਤਾ ਸਿਰੇ ਚੜ੍ਹਿਆ, ਰਾਤੋਂ-ਰਾਤ ਸਾਫ਼ ਹੋਵੇਗਾ ਸ਼ਹਿਰ: ਈ.ਓ.
ਇਸ ਪੂਰੇ ਮਾਮਲੇ ਸਬੰਧੀ ਜਦੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ (ਈ.ਓ.) ਰਵਨੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸ਼ਹਿਰ ਵਾਸੀਆਂ ਲਈ ਰਾਹਤ ਭਰੀ ਖ਼ਬਰ ਦਿੱਤੀ। ਉਨ੍ਹਾਂ ਦੱਸਿਆ ਕਿ ਸਫ਼ਾਈ ਸੇਵਕਾਂ ਦਾ ਸਰਕਾਰ ਨਾਲ ਸਮਝੌਤਾ ਹੋ ਗਿਆ ਹੈ। ਹਾਲਾਂਕਿ ਚੋਣ ਜ਼ਾਬਤਾ (Model Code of Conduct) ਲੱਗਾ ਹੋਣ ਕਾਰਨ ਸਮਝੌਤੇ ਦੀਆਂ ਸ਼ਰਤਾਂ ਨੂੰ ਅਧਿਕਾਰਤ ਤੌਰ 'ਤੇ ਨਸ਼ਰ (ਅਨਾਊਂਸ) ਨਹੀਂ ਕੀਤਾ ਜਾ ਸਕਦਾ, ਇਸ ਲਈ ਇਸ ਨੂੰ ਗੁਪਤ ਰੱਖਿਆ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਅੱਜ ਰਾਤ ਨੂੰ ਹੀ ਵਿਸ਼ੇਸ਼ ਮੁਹਿੰਮ ਚਲਾ ਕੇ ਪੂਰੇ ਸ਼ਹਿਰ ਦੀ ਸਫ਼ਾਈ ਕਰਵਾ ਦਿੱਤੀ ਜਾਵੇਗੀ ਅਤੇ ਲੋਕਾਂ ਨੂੰ ਗੰਦਗੀ ਤੋਂ ਜਲਦ ਹੀ ਨਿਜਾਤ ਮਿਲ ਜਾਵੇਗੀ।