
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਦੇ ਇਤਿਹਾਸ ਵਿੱਚ ਇੱਕ ਵੱਡੇ ਖੇਡ ਸਮਾਗਮ ਦੌਰਾਨ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਜੇਤੂ 87 ਖਿਡਾਰੀਆਂ ਅਤੇ 1,070 ਮੈਡਲ ਜੇਤੂ ਖਿਡਾਰੀਆਂ ਨੂੰ 32.05 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਪਿੰਡਾਂ ਤੋਂ ਲੈ ਕੇ ਅੰਤਰਰਾਸ਼ਟਰੀ ਖੇਡ ਮੈਦਾਨਾਂ ਤੱਕ ਸੂਬੇ ਵਿੱਚ ਖੇਡਾਂ ਲਈ ਕਈ ਵੱਡੇ ਐਲਾਨ ਕੀਤੇ। ਪੰਜਾਬ ਨੂੰ ਇੱਕ ਉੱਭਰਦੀ ਖੇਡ ਸ਼ਕਤੀ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਾ ਸਿਰਫ਼ ਓਲੰਪਿਕ ਅਤੇ ਏਸ਼ੀਆਈ ਖੇਡਾਂ ਦੇ ਮੈਡਲ ਜੇਤੂਆਂ ਨੂੰ 1-1 ਕਰੋੜ ਰੁਪਏ ਨਾਲ ਸਨਮਾਨਿਤ ਕੀਤਾ ਹੈ, ਸਗੋਂ 9 ਖਿਡਾਰੀਆਂ ਨੂੰ ਨੌਕਰੀਆਂ ਵੀ ਪ੍ਰਦਾਨ ਕੀਤੀਆਂ ਹਨ। ਪਹਿਲੀ ਵਾਰ ਟੂਰਨਾਮੈਂਟ ਦੀ ਤਿਆਰੀ ਲਈ 220 ਖਿਡਾਰੀਆਂ ਨੂੰ ਸਿੱਧੇ ਬੈਂਕ ਖਾਤਿਆਂ ਰਾਹੀਂ 8.61 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ।
ਅੱਜ ਇੱਥੇ ਸੈਕਟਰ-35 ਦੇ ਮਿਊਂਸੀਪਲ ਭਵਨ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਖੇਡਾਂ ਦੇ ਖੇਤਰ ਵਿੱਚ ਆਏ ਇਨਕਲਾਬੀ ਬਦਲਾਅ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਲ 2026-27 ਲਈ 1,763 ਕਰੋੜ ਰੁਪਏ ਦੇ ਇਤਿਹਾਸਕ ਖੇਡ ਬਜਟ ਅਤੇ ਜ਼ਮੀਨੀ ਪੱਧਰ 'ਤੇ ਖੇਡ ਪ੍ਰਤਿਭਾ ਨੂੰ ਨਿਖਾਰਨ ਲਈ 1,300 ਕਰੋੜ ਰੁਪਏ ਦੀ ਲਾਗਤ ਨਾਲ 3,148 ਪੇਂਡੂ ਖੇਡ ਮੈਦਾਨ ਵਿਕਸਤ ਕਰਨ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਸ਼ਿਪ ਟਰਾਫੀ ਦੀ ਮੇਜ਼ਬਾਨੀ ਕਰੇਗਾ ਅਤੇ 1 ਨਵੰਬਰ ਨੂੰ ਪੰਜਾਬ ਦਿਵਸ ਦੇ ਮੌਕੇ 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਰੋਮਾਂਚਕ ਮੁਕਾਬਲਾ ਹੋਵੇਗਾ। ਪਿਛਲੀਆਂ ਸਰਕਾਰਾਂ 'ਤੇ ਤਨਜ਼ ਕਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੇਸ਼ ਲਈ ਅਣਗਿਣਤ ਚੈਂਪੀਅਨ ਪੈਦਾ ਕਰਨ ਦੇ ਬਾਵਜੂਦ, ਪੰਜਾਬ ਨੂੰ ਪਹਿਲਾਂ ਕਦੇ ਵੀ ਕਿਸੇ ਵੱਡੇ ਖੇਡ ਸਮਾਗਮ ਦੀ ਮੇਜ਼ਬਾਨੀ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਖੇਡ ਸੰਘਾਂ 'ਤੇ ਅਸਲ ਖਿਡਾਰੀਆਂ ਦੀ ਬਜਾਏ ਸਿਆਸੀ ਪਹੁੰਚ ਵਾਲੇ ਲੋਕਾਂ ਦਾ ਦਬਦਬਾ ਰਿਹਾ।
ਇਸ ਸ਼ਾਨਦਾਰ ਸਨਮਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਦਿਨ ਪੰਜਾਬ ਲਈ ਇੱਕ ਇਤਿਹਾਸਕ ਪਲ ਹੈ ਕਿਉਂਕਿ 87 ਖਿਡਾਰੀਆਂ ਨੂੰ ਵੱਕਾਰੀ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ, ਜਦਕਿ ਵੱਖ-ਵੱਖ ਖੇਡਾਂ ਦੇ 1,070 ਮੈਡਲ ਜੇਤੂ ਖਿਡਾਰੀਆਂ ਦਾ ਵੀ ਸਨਮਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ, "ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਰਕਾਰ ਨੇ ਖਿਡਾਰੀਆਂ ਵਿੱਚ 32.05 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਹੈ। ਪੰਜਾਬ ਸਰਕਾਰ ਨੇ ਨਾ ਸਿਰਫ਼ ਓਲੰਪਿਕ ਅਤੇ ਏਸ਼ੀਆਈ ਖੇਡਾਂ ਦੇ ਮੈਡਲ ਜੇਤੂਆਂ ਨੂੰ 1-1 ਕਰੋੜ ਰੁਪਏ ਦਿੱਤੇ ਹਨ, ਸਗੋਂ 9 ਮੈਡਲ ਜੇਤੂ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਹਨ।"
ਮੁੱਖ ਮੰਤਰੀ ਨੇ ਕਿਹਾ, "ਪੰਜਾਬ ਦੇ ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀਆਂ ਪ੍ਰਾਪਤੀਆਂ ਰਾਹੀਂ ਦੇਸ਼ ਅਤੇ ਸੂਬੇ ਦਾ ਨਾਂ ਚਮਕਾਇਆ ਹੈ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਨ੍ਹਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਹੋਈਏ ਅਤੇ ਇਹ ਯਕੀਨੀ ਬਣਾਈਏ ਕਿ ਉਨ੍ਹਾਂ ਨੂੰ ਉਹ ਸਨਮਾਨ, ਮਾਨਤਾ ਅਤੇ ਸਹਿਯੋਗ ਮਿਲੇ ਜਿਸ ਦੇ ਉਹ ਹੱਕਦਾਰ ਹਨ।"
ਪੰਜਾਬ ਸਰਕਾਰ ਦੀ ਖੇਡ ਨੀਤੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਪਹਿਲੀ ਵਾਰ ਪੰਜਾਬ ਦੇ 220 ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ਦੀ ਤਿਆਰੀ ਲਈ 8.61 ਕਰੋੜ ਰੁਪਏ ਦਿੱਤੇ ਗਏ। ਉਨ੍ਹਾਂ ਅੱਗੇ ਕਿਹਾ, "ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਅਤੇ ਐਥਲੀਟਾਂ ਦੇ ਵਿਕਾਸ ਲਈ ਵਿੱਤੀ ਸਾਲ 2026-27 ਵਾਸਤੇ 1,763 ਕਰੋੜ ਰੁਪਏ ਦਾ ਰਿਕਾਰਡ ਖੇਡ ਬਜਟ ਅਲਾਟ ਕੀਤਾ ਹੈ। ਪਿੰਡਾਂ ਵਿੱਚ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਅੱਗੇ ਲਿਆਉਣ ਲਈ 1,300 ਕਰੋੜ ਰੁਪਏ ਦੀ ਲਾਗਤ ਨਾਲ 3,148 ਪੇਂਡੂ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ। ਇਹ ਮੈਦਾਨ ਪਿੰਡਾਂ ਦੇ ਉੱਭਰਦੇ ਖਿਡਾਰੀਆਂ ਲਈ ਚਾਨਣ ਮੁਨਾਰਾ ਬਣਨਗੇ।"
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਸ਼ਿਪ ਟਰਾਫੀ ਦੀ ਮੇਜ਼ਬਾਨੀ ਕਰੇਗਾ, ਜੋ ਕਿ ਸੂਬੇ ਦੀ ਖੇਡ ਵਿਰਾਸਤ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਅੱਗੇ ਐਲਾਨ ਕੀਤਾ ਕਿ ਇਸ ਟੂਰਨਾਮੈਂਟ ਦੌਰਾਨ ਬਹੁਤ ਹੀ ਉਡੀਕਿਆ ਜਾਣ ਵਾਲਾ ਭਾਰਤ-ਪਾਕਿਸਤਾਨ ਮੈਚ ਪੰਜਾਬ ਦਿਵਸ 'ਤੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ, "ਪੰਜਾਬ ਨੇ ਦੇਸ਼ ਨੂੰ ਅਣਗਿਣਤ ਮੈਡਲ ਅਤੇ ਚੈਂਪੀਅਨ ਦਿੱਤੇ ਹਨ, ਫਿਰ ਵੀ ਪਿਛਲੀਆਂ ਸਰਕਾਰਾਂ ਨੇ ਕਦੇ ਇਹ ਯਕੀਨੀ ਨਹੀਂ ਬਣਾਇਆ ਕਿ ਸੂਬੇ ਨੂੰ ਵੱਡੇ ਅੰਤਰਰਾਸ਼ਟਰੀ ਖੇਡ ਸਮਾਗਮਾਂ ਦੀ ਮੇਜ਼ਬਾਨੀ ਮਿਲੇ। ਅਸੀਂ ਉਸ ਮਾਨਸਿਕਤਾ ਨੂੰ ਬਦਲ ਦਿੱਤਾ ਹੈ ਅਤੇ ਪੰਜਾਬ ਨੂੰ ਭਾਰਤ ਦੇ ਖੇਡ ਨਕਸ਼ੇ ਦੇ ਕੇਂਦਰ ਵਿੱਚ ਲਿਆਂਦਾ ਹੈ।"
ਪੁਰਾਣੇ ਸਿਸਟਮ 'ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਖੇਡ ਸੰਘਾਂ 'ਤੇ ਪਹਿਲਾਂ ਸਿਆਸੀ ਲੋਕਾਂ ਦਾ ਕਬਜ਼ਾ ਸੀ, ਪਰ ਪੰਜਾਬ ਸਰਕਾਰ ਨੇ ਉਸ ਰੁਝਾਨ ਨੂੰ ਖ਼ਤਮ ਕਰਕੇ ਮੈਰਿਟ ਦੇ ਆਧਾਰ 'ਤੇ ਆਮ ਖਿਡਾਰੀਆਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ।
ਪੰਜਾਬ ਨੂੰ ਖੇਡਾਂ ਦੀ ਮਹਾਸ਼ਕਤੀ ਬਣਾਉਣ ਲਈ ਵੱਡੀ ਪਹਿਲਕਦਮੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਟੀ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਪ੍ਰਦਾਨ ਕਰਕੇ ਅਤੇ ਵੱਡੇ ਪੱਧਰ 'ਤੇ ਨਕਦ ਇਨਾਮ ਵੰਡ ਕੇ ਸਾਲ 2019 ਤੋਂ 2023 ਤੱਕ ਦੇ ਬਕਾਇਆ ਸਨਮਾਨਾਂ ਦੇ ਦਹਾਕਿਆਂ ਪੁਰਾਣੇ ਬੈਕਲਾਗ ਨੂੰ ਸਫ਼ਲਤਾਪੂਰਵਕ ਖ਼ਤਮ ਕਰ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਖਿਡਾਰੀਆਂ ਨੂੰ ਸਿਰਫ਼ ਜਿੱਤਣ ਤੋਂ ਬਾਅਦ ਹੀ ਇਨਾਮ ਦੇਣ ਦੀ ਪੁਰਾਣੀ ਪ੍ਰਥਾ ਨੂੰ ਵੀ ਬਦਲ ਦਿੱਤਾ ਹੈ। ਹੁਣ ਐਥਲੀਟਾਂ ਨੂੰ ਟੂਰਨਾਮੈਂਟਾਂ ਤੋਂ ਪਹਿਲਾਂ ਹੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਉੱਚ ਪੱਧਰ 'ਤੇ ਤਿਆਰੀ ਕਰ ਸਕਣ। ਉਨ੍ਹਾਂ ਕਿਹਾ, "ਸਾਡੇ ਖਿਡਾਰੀਆਂ ਦੀ ਮਦਦ ਲਈ ਪੰਜਾਬ ਸਰਕਾਰ ਨੇ ਸਿਖਲਾਈ ਅਤੇ ਉੱਚ ਪੱਧਰੀ ਖੇਡ ਸਾਜ਼ੋ-ਸਾਮਾਨ ਦੀ ਖਰੀਦ ਲਈ ਨਵੇਂ ਸ਼ੁਰੂ ਕੀਤੇ ਖੇਡ ਪੋਰਟਲ ਰਾਹੀਂ 15 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਸਿੱਧੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਹੈ। ਇਸ ਪੋਰਟਲ ਵਿੱਚ ਫੈਂਸਿੰਗ (ਤਲਵਾਰਬਾਜ਼ੀ), ਕਾਇਆਕਿੰਗ, ਸ਼ੂਟਿੰਗ (ਨਿਸ਼ਾਨੇਬਾਜ਼ੀ) ਅਤੇ ਆਰਚਰੀ (ਤੀਰਅੰਦਾਜ਼ੀ) ਵਰਗੀਆਂ ਖੇਡਾਂ ਲਈ ਵਿਸ਼ੇਸ਼ ਗ੍ਰਾਂਟਾਂ ਵੀ ਸ਼ਾਮਲ ਹਨ ਅਤੇ ਇਹ ਖਿਡਾਰੀਆਂ ਨੂੰ ਕਾਰਪੋਰੇਟ ਸਪਾਂਸਰਾਂ ਨਾਲ ਜੋੜਨ ਵਿੱਚ ਮਦਦ ਕਰੇਗਾ।"
ਚੋਟੀ ਦੇ ਸਨਮਾਨਿਤ ਖਿਡਾਰੀਆਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਅਤੇ ਅਮਨਜੋਤ ਕੌਰ ਨੂੰ ਵਿਸ਼ਵ ਕੱਪ ਜਿੱਤਣ ਲਈ ਡੇਢ-ਡੇਢ ਕਰੋੜ ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਨਿਸ਼ਾਨੇਬਾਜ਼ੀ ਵਿੱਚ ਵਿਸ਼ਵ ਚੈਂਪੀਅਨਸ਼ਿਪ ਦੇ ਮੈਡਲ ਜੇਤੂ ਅਮਨਪ੍ਰੀਤ ਸਿੰਘ ਨੂੰ 1.54 ਕਰੋੜ ਰੁਪਏ ਅਤੇ ਨੀਰਜ ਕੁਮਾਰ ਨੂੰ 1.52 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ, ਜਦਕਿ ਕਿਰਨਦੀਪ ਕੌਰ ਅਤੇ ਕ੍ਰਿਤਿਕਾ ਸ਼ਰਮਾ ਨੇ 50-50 ਲੱਖ ਰੁਪਏ ਪ੍ਰਾਪਤ ਕੀਤੇ।
ਉੱਭਰਦੇ ਨਿਸ਼ਾਨੇਬਾਜ਼ ਵਿਜੇਵੀਰ ਸਿੱਧੂ ਨੂੰ 28.50 ਲੱਖ ਰੁਪਏ, ਵੁਸ਼ੂ ਖਿਡਾਰੀ ਕੁਸ਼ਲ ਕੁਮਾਰ ਨੂੰ 25 ਲੱਖ ਰੁਪਏ, ਜਦਕਿ ਪੈਰਾ-ਪਾਵਰਲਿਫਟਿੰਗ ਵਿਸ਼ਵ ਚੈਂਪੀਅਨ ਪਰਮਜੀਤ ਕੁਮਾਰ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਅੰਤਰਰਾਸ਼ਟਰੀ ਪ੍ਰਾਪਤੀਆਂ ਲਈ 55 ਲੱਖ ਰੁਪਏ ਦਿੱਤੇ ਗਏ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਖੇਡਾਂ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੇ ਸਨਮਾਨ ਵਿੱਚ ਕਈ ਸਾਲਾਂ ਦੇ ਬਕਾਇਆ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਵੰਡੇ ਗਏ ਹਨ। ਉਨ੍ਹਾਂ ਦੱਸਿਆ ਕਿ ਸਾਲ 2018-19 ਦੇ ਪੁਰਸਕਾਰ ਜੇਤੂਆਂ ਵਿੱਚ ਹਾਕੀ ਖਿਡਾਰੀ ਰਮਨਦੀਪ ਸਿੰਘ, ਜੂਡੋ ਖਿਡਾਰੀ ਕਿਰਨਜੀਤ ਸਿੰਘ, ਕਬੱਡੀ ਖਿਡਾਰੀ ਹਰਵਿੰਦਰ ਕੌਰ, ਰੋਇੰਗ ਖਿਡਾਰੀ ਜਸਪ੍ਰੀਤ ਸਿੰਘ, ਨਿਸ਼ਾਨੇਬਾਜ਼ ਅੰਗਦ ਵੀਰ ਸਿੰਘ ਬਾਜਵਾ, ਵੇਟਲਿਫਟਰ ਪ੍ਰਦੀਪ ਸਿੰਘ, ਪਹਿਲਵਾਨ ਹਰਪ੍ਰੀਤ ਸਿੰਘ ਅਤੇ ਤੈਰਾਕ ਚਾਹਤ ਅਰੋੜਾ ਸ਼ਾਮਲ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਸਾਲ 2020 ਵਿੱਚ ਤੀਰਅੰਦਾਜ਼ੀ ਵਿੱਚ ਸੰਗਮਪ੍ਰੀਤ ਸਿੰਘ ਬਿਸਲਾ, ਐਥਲੈਟਿਕਸ ਵਿੱਚ ਟਵਿੰਕਲ ਚੌਧਰੀ, ਬੇਸਬਾਲ ਵਿੱਚ ਵੀਰਪਾਲ, ਬਾਸਕਟਬਾਲ ਵਿੱਚ ਅੰਮ੍ਰਿਤਪਾਲ ਸਿੰਘ, ਕਾਇਆਕਿੰਗ ਅਤੇ ਕੈਨੋਇੰਗ ਵਿੱਚ ਅਵਤਾਰ ਸਿੰਘ, ਸਾਈਕਲਿੰਗ ਵਿੱਚ ਅਮਰਜੀਤ ਸਿੰਘ, ਫੈਂਸਿੰਗ ਵਿੱਚ ਇਨਾ ਅਰੋੜਾ ਅਤੇ ਹੈਂਡਬਾਲ ਵਿੱਚ ਹਰਜਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਦੱਸਿਆ ਕਿ 2021 ਦੇ ਤੀਰਅੰਦਾਜ਼ੀ ਚੈਂਪੀਅਨ ਸੁਖਬੀਰ ਸਿੰਘ, ਐਥਲੀਟ ਕਿਰਪਾਲ ਸਿੰਘ, ਬੇਸਬਾਲ ਖਿਡਾਰੀ ਅਮਨਜੀਤ ਕੌਰ ਬੈਂਸ, ਕਾਇਆਕਿੰਗ ਖਿਡਾਰੀ ਪ੍ਰਿਅੰਕਾ ਦੇਵੀ, ਸਾਈਕਲ ਸਵਾਰ ਨਮਨ ਕਪਿਲ, ਫੈਂਸਰ ਉਦੈਵੀਰ ਸਿੰਘ ਅਤੇ ਹੈਂਡਬਾਲ ਖਿਡਾਰੀ ਮਨਦੀਪ ਕੌਰ ਨੂੰ ਸਨਮਾਨਿਤ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਰਜੁਨ ਪੁਰਸਕਾਰ ਜੇਤੂਆਂ ਅਤੇ ਓਲੰਪਿਕ ਹਾਕੀ ਸਿਤਾਰਿਆਂ ਨੂੰ ਇੱਕ ਵਿਸ਼ੇਸ਼ ਸ਼੍ਰੇਣੀ ਸਮਰਪਿਤ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਬਹੁਤੇ ਪੰਜਾਬ ਵਿੱਚ ਉੱਚ ਸਰਕਾਰੀ ਅਹੁਦਿਆਂ 'ਤੇ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਨਮਾਨਿਤ ਸਮੂਹ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਨਾਲ ਓਲੰਪਿਕ ਮੈਡਲ ਜੇਤੂ ਗੁਰਜੰਟ ਸਿੰਘ ਅਤੇ ਰੁਪਿੰਦਰ ਪਾਲ ਸਿੰਘ ਸ਼ਾਮਲ ਹਨ, ਜੋ ਦੋਵੇਂ ਪੀਸੀਐਸ (PCS) ਅਧਿਕਾਰੀ ਵਜੋਂ ਸੇਵਾ ਨਿਭਾ ਰਹੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਓਲੰਪਿਕ ਹਾਕੀ ਸਿਤਾਰਿਆਂ ਮਨਦੀਪ ਸਿੰਘ, ਹਾਰਦਿਕ ਸਿੰਘ, ਵਰੁਣ ਕੁਮਾਰ, ਸ਼ਮਸ਼ੇਰ ਸਿੰਘ, ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਅਤੇ ਦਿਲਪ੍ਰੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ, ਜੋ ਪੰਜਾਬ ਪੁਲਿਸ ਵਿੱਚ ਡੀਐਸਪੀ (DSP) ਵਜੋਂ ਸੇਵਾ ਨਿਭਾ ਰਹੇ ਹਨ।
ਇਸ ਸਮਾਗਮ ਵਿੱਚ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਪੰਜਾਬ ਦੀ ਪਹਿਲੀ ਮਹਿਲਾ ਮੁੱਕੇਬਾਜ਼ ਸਿਮਰਨਜੀਤ ਕੌਰ ਬਾਠ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਰੀਰਕ ਚੁਣੌਤੀਆਂ ਦੇ ਬਾਵਜੂਦ ਦੇਸ਼ ਨੂੰ ਵਿਸ਼ਵ ਪੱਧਰ 'ਤੇ ਪਛਾਣ ਦਿਵਾਉਣ ਵਾਲੇ ਪੰਜਾਬ ਦੇ ਪੈਰਾ-ਐਥਲੀਟਾਂ ਦਾ ਵੀ ਸਨਮਾਨ ਕੀਤਾ ਗਿਆ।
ਸਮਾਗਮ ਦੌਰਾਨ ਸਨਮਾਨਿਤ ਕੀਤੇ ਗਏ ਪ੍ਰਮੁੱਖ ਪੈਰਾ-ਐਥਲੀਟਾਂ ਵਿੱਚ ਏਸ਼ੀਆਈ ਖੇਡਾਂ ਦੇ ਸਵਰਨ ਮੈਡਲ ਜੇਤੂ ਮੁਹੰਮਦ ਯਾਸਰ, ਤੈਰਾਕ ਵੈਭਵ ਰਾਜੋਰੀਆ, ਪਹਿਲਵਾਨ ਸੁਰੇਂਦਰ ਕੰਬੋਜ, ਪੈਰਾ-ਬੈਡਮਿੰਟਨ ਖਿਡਾਰੀ ਪਲਕ ਕੋਹਲੀ ਅਤੇ ਪੈਰਾ-ਪਾਵਰਲਿਫਟਰ ਪਰਮਜੀਤ ਕੁਮਾਰ ਸ਼ਾਮਲ ਸਨ।
ਸਮਾਗਮ ਦੌਰਾਨ ਉਨ੍ਹਾਂ ਖਿਡਾਰੀਆਂ ਦੀਆਂ ਮਾਤਾਵਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਸਨਮਾਨ ਲੈਣ ਲਈ ਸਟੇਜ 'ਤੇ ਬੁਲਾਇਆ ਗਿਆ, ਜੋ ਆਪਣੀ ਸਿਖਲਾਈ (ਟ੍ਰੇਨਿੰਗ) ਕਾਰਨ ਸਮਾਗਮ 'ਚ ਸ਼ਾਮਲ ਨਹੀਂ ਹੋ ਸਕੇ ਸਨ। ਇਨ੍ਹਾਂ ਵਿੱਚ ਏਸ਼ੀਆਈ ਖੇਡਾਂ ਦੀ ਮੈਡਲ ਜੇਤੂ ਹਰਮਿਲਨ ਬੈਂਸ ਦੇ ਮਾਪੇ ਅਤੇ ਅਰਜੁਨ ਪੁਰਸਕਾਰ ਜੇਤੂ ਮਾਧੁਰੀ ਸਕਸੈਨਾ ਵੀ ਸ਼ਾਮਲ ਸਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖਿਡਾਰੀਆਂ ਦੇ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ "ਮਾਪਿਆਂ ਵੱਲੋਂ ਕੀਤੇ ਗਏ ਬਲੀਦਾਨ ਖੇਡਾਂ ਵਿੱਚ ਹਰ ਸਫ਼ਲਤਾ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦਾ ਸਮਰਪਣ, ਅਨੁਸ਼ਾਸਨ ਅਤੇ ਅਟੁੱਟ ਸਹਿਯੋਗ ਹੀ ਚੈਂਪੀਅਨ ਪੈਦਾ ਕਰਦਾ ਹੈ।"
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਖੇਡ ਬਜਟ 17 ਗੁਣਾ ਵਧਾ ਦਿੱਤਾ ਹੈ ਅਤੇ ਸਾਲ 2019 ਤੋਂ 2023 ਤੱਕ 87 ਨਾਮਵਰ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਪ੍ਰਦਾਨ ਕੀਤੇ ਗਏ ਹਨ।
ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਅੱਜ ਪੰਜਾਬ ਅਤੇ ਖੇਡ ਜਗਤ ਲਈ ਇੱਕ ਇਤਿਹਾਸਕ ਦਿਨ ਹੈ ਕਿਉਂਕਿ ਉਨ੍ਹਾਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾ ਰਹੀ ਹੈ ਜਿਨ੍ਹਾਂ ਨੇ ਆਪਣੇ ਮਾਪਿਆਂ, ਪੰਜਾਬ ਅਤੇ ਦੇਸ਼ ਦਾ ਨਾਂ ਦੁਨੀਆ ਭਰ ਵਿੱਚ ਰੌਸ਼ਨ ਕੀਤਾ ਹੈ। ਹਰੇਕ ਪੁਰਸਕਾਰ ਜੇਤੂ ਨੂੰ ਬਲੇਜ਼ਰ, ਸਕ੍ਰੋਲ (ਮਾਨ-ਪੱਤਰ) ਅਤੇ ਘੋੜੇ 'ਤੇ ਸਵਾਰ ਮਹਾਰਾਜਾ ਰਣਜੀਤ ਸਿੰਘ ਦੀ ਯਾਦਗਾਰੀ ਚਿੰਨ੍ਹ (ਟਰਾਫੀ) ਅਤੇ 5 ਲੱਖ ਰੁਪਏ ਦੀ ਨਕਦ ਰਾਸ਼ੀ ਦਿੱਤੀ ਗਈ।" ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਸ ਵੱਕਾਰੀ ਪੁਰਸਕਾਰ ਲਈ 87 ਜੇਤੂਆਂ ਨੂੰ 4.35 ਕਰੋੜ ਰੁਪਏ ਵੰਡੇ ਗਏ ਹਨ।
ਭਾਰਤੀ ਖੇਡਾਂ ਵਿੱਚ ਪੰਜਾਬ ਦੇ ਵਡਮੁੱਲੇ ਯੋਗਦਾਨ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ, ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਭਾਰਤੀ ਬਾਸਕਟਬਾਲ ਟੀਮ ਦੇ ਕਪਤਾਨ ਪਲਪ੍ਰੀਤ ਸਿੰਘ ਬਰਾੜ ਸਮੇਤ ਦੇਸ਼ ਨੂੰ ਕਈ ਕਪਤਾਨ ਦਿੱਤੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਗੁਰਪ੍ਰੀਤ ਸਿੰਘ ਸੰਧੂ ਨੇ ਪਿਛਲੇ ਸਾਲ ਭਾਰਤੀ ਫੁੱਟਬਾਲ ਟੀਮ ਦੀ ਕਪਤਾਨੀ ਕੀਤੀ ਸੀ ਅਤੇ ਪੰਜਾਬੀ ਕ੍ਰਿਕਟਰ ਗੁਰਨੂਰ ਬਰਾੜ ਨੂੰ ਹਾਲ ਹੀ ਵਿੱਚ ਭਾਰਤੀ ਕ੍ਰਿਕਟ ਟੀਮ ਲਈ ਚੁਣਿਆ ਗਿਆ ਸੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪੈਰਿਸ ਓਲੰਪਿਕ ਦੇ ਕਾਂਸੀ ਦਾ ਮੈਡਲ ਜੇਤੂ ਹਾਕੀ ਖਿਡਾਰੀਆਂ ਨੂੰ 1-1 ਕਰੋੜ ਰੁਪਏ ਨਾਲ ਸਨਮਾਨਿਤ ਕੀਤਾ ਹੈ, ਜਦਕਿ ਏਸ਼ੀਆਈ ਖੇਡਾਂ ਦੇ ਸਵਰਨ ਮੈਡਲ ਜੇਤੂਆਂ ਨੂੰ ਵੀ 1-1 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ ਹੈ।
ਉਨ੍ਹਾਂ ਅੱਗੇ ਕਿਹਾ ਕਿ 9 ਓਲੰਪਿਕ ਮੈਡਲ ਜੇਤੂ ਖਿਡਾਰੀਆਂ ਨੂੰ ਪੀਸੀਐਸ (PCS) ਅਤੇ ਡੀਐਸਪੀ (DSP) ਅਧਿਕਾਰੀ ਵਜੋਂ ਨਿਯੁਕਤ ਕੀਤਾ ਗਿਆ ਹੈ, ਜਦਕਿ 2022 ਤੋਂ ਪੰਜਾਬ ਸਰਕਾਰ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਅਤੇ ਪੈਰਾ-ਐਥਲੀਟਾਂ ਵਿੱਚ 106.20 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਲ 2023 ਤੋਂ ਖੇਡਾਂ ਦੀ ਤਿਆਰੀ ਦੇ ਮਕਸਦ ਲਈ 220 ਅੰਤਰਰਾਸ਼ਟਰੀ ਖਿਡਾਰੀਆਂ ਨੂੰ 8.61 ਕਰੋੜ ਰੁਪਏ ਪ੍ਰਦਾਨ ਕੀਤੇ ਗਏ ਹਨ, ਜਦਕਿ ਖੇਡ ਸੰਸਥਾਵਾਂ ਨੂੰ ਖੇਡ ਸਾਜ਼ੋ-ਸਾਮਾਨ ਦੀ ਖਰੀਦ ਲਈ ਡੀਬੀਟੀ (DBT) ਰਾਹੀਂ 15 ਕਰੋੜ ਰੁਪਏ ਦਿੱਤੇ ਗਏ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਦੱਸਿਆ ਕਿ ਪੰਜਾਬ ਭਰ ਦੇ 6,000 ਪਿੰਡਾਂ ਵਿੱਚ 17,000 ਖੇਡ ਕਿੱਟਾਂ ਵੰਡੀਆਂ ਜਾ ਰਹੀਆਂ ਹਨ ਅਤੇ ਜਿਮ ਸਥਾਪਤ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਟੇਟ ਇੰਸਟੀਚਿਊਟ ਆਫ਼ ਸਪੋਰਟਸ ਵਿੱਚ ਖਿਡਾਰੀਆਂ ਲਈ ਖ਼ੁਰਾਕ ਭੱਤਾ 248 ਰੁਪਏ ਤੋਂ ਵਧਾ ਕੇ 480 ਰੁਪਏ ਪ੍ਰਤੀ ਦਿਨ ਕਰ ਦਿੱਤਾ ਗਿਆ ਹੈ, ਜਦਕਿ ਜ਼ਿਲ੍ਹਾ ਸੈਂਟਰ ਆਫ਼ ਐਕਸੀਲੈਂਸ ਵਿੱਚ ਇਹ ਭੱਤਾ 225 ਰੁਪਏ ਤੋਂ ਵਧਾ ਕੇ 350 ਰੁਪਏ ਪ੍ਰਤੀ ਦਿਨ ਕਰ ਦਿੱਤਾ ਗਿਆ ਹੈ।
ਪੰਜਾਬ ਦੀ ਬੇਮਿਸਾਲ ਹਾਕੀ ਵਿਰਾਸਤ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ 50 ਤੋਂ ਵੱਧ ਪੰਜਾਬੀ ਹਾਕੀ ਖਿਡਾਰੀਆਂ ਨੇ ਓਲੰਪਿਕ ਮੈਡਲ ਜਿੱਤੇ ਹਨ, ਜਦਕਿ 10 ਪੰਜਾਬੀ ਖਿਡਾਰੀਆਂ ਨੇ ਵੱਖ-ਵੱਖ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕੀਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਸੰਸਾਰਪੁਰ, ਖੁਸਰੋਪੁਰ ਅਤੇ ਮਿੱਠਾਪੁਰ ਵਰਗੇ ਪਿੰਡਾਂ ਨੇ 20 ਤੋਂ ਵੱਧ ਓਲੰਪੀਅਨ ਪੈਦਾ ਕਰਕੇ ਵਿਸ਼ਵ ਹਾਕੀ ਵਿੱਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।"
ਮੁੱਖ ਮੰਤਰੀ ਨੇ ਯਾਦ ਦਿਵਾਇਆ ਕਿ ਭਾਰਤ ਨੇ 41 ਸਾਲਾਂ ਦੇ ਵਕਫੇ ਤੋਂ ਬਾਅਦ ਟੋਕੀਓ ਓਲੰਪਿਕ 2021 ਵਿੱਚ ਹਾਕੀ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਸੀ, ਜਿਸ ਵਿੱਚ ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਵਿੱਚ 9 ਪੰਜਾਬੀ ਖਿਡਾਰੀ ਸਨ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਨੇ ਪੈਰਿਸ ਓਲੰਪਿਕ 2024 ਵਿੱਚ ਫਿਰ ਕਾਂਸੀ ਦਾ ਮੈਡਲ ਜਿੱਤਿਆ, ਜਿਸਦੀ ਟੀਮ ਵਿੱਚ 10 ਪੰਜਾਬੀ ਖਿਡਾਰੀ ਸਨ ਅਤੇ ਇਸਦੀ ਕਪਤਾਨੀ ਹਰਮਨਪ੍ਰੀਤ ਸਿੰਘ ਨੇ ਕੀਤੀ, ਜੋ ਟੂਰਨਾਮੈਂਟ ਦੇ ਸਭ ਤੋਂ ਵੱਧ ਸਕੋਰਰ ਵਜੋਂ ਵੀ ਉੱਭਰੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਨੇ ਖਿਡਾਰੀਆਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਇੱਕ ਨਵਾਂ "ਆਊਟਸਟੈਂਡਿੰਗ ਸਪੋਰਟਸਪਰਸਨ" (Outstanding Sportsperson) ਕੈਡਰ ਬਣਾਇਆ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਡਾਂ ਵਿੱਚ 500 ਸੀਟਾਂ ਸਿਰਜੀਆਂ ਗਈਆਂ ਹਨ, ਜਦਕਿ 45 ਜੂਨੀਅਰ ਕੋਚ ਅਤੇ ਤਿੰਨ ਕੋਚ ਪਹਿਲਾਂ ਹੀ ਰੈਗੂਲਰ (ਨਿਯਮਿਤ) ਤੌਰ 'ਤੇ ਭਰਤੀ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ, ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਖੇਡ ਵਿਗਿਆਨ ਲਈ ਵੱਖਰਾ ਸਪੋਰਟਸ ਮੈਡੀਸਨ ਕੈਡਰ ਸਥਾਪਤ ਕੀਤਾ ਹੈ। ਵੱਖ-ਵੱਖ ਸ਼੍ਰੇਣੀਆਂ ਵਿੱਚ 112 ਸੀਟਾਂ ਲਈ ਭਰਤੀ ਪਹਿਲਾਂ ਹੀ ਮੁਕੰਮਲ ਹੋ ਚੁੱਕੀ ਹੈ, ਜਦਕਿ 206 ਫਿਜ਼ੀਕਲ ਟ੍ਰੇਨਰ ਸੀਟਾਂ ਲਈ ਭਰਤੀ ਜਾਰੀ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਜ਼ਮੀਨੀ ਪੱਧਰ 'ਤੇ ਹੁਨਰ ਖੋਜ ਪ੍ਰੋਗਰਾਮ ਤਹਿਤ ਪੰਜਾਬ ਭਰ ਵਿੱਚ ਨੌਜਵਾਨ ਪ੍ਰਤਿਭਾ ਨੂੰ ਨਿਖਾਰਨ ਲਈ 253 ਨਰਸਰੀ ਕੋਚਾਂ ਅਤੇ 26 ਖੇਡ ਸੁਪਰਵਾਈਜ਼ਰਾਂ ਦੇ ਨਾਲ 253 ਖੇਡ ਨਰਸਰੀਆਂ ਸਥਾਪਤ ਕੀਤੀਆਂ ਗਈਆਂ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿੱਤ ਤੋਂ ਬਾਅਦ ਹੀ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੇ ਪੁਰਾਣੇ ਮਾਡਲ ਤੋਂ ਹਟ ਕੇ ਇੱਕ ਵੱਖਰੀ ਪਹੁੰਚ ਅਪਣਾਈ ਹੈ, ਜਿਸ ਤਹਿਤ ਵੱਡੇ ਟੂਰਨਾਮੈਂਟਾਂ ਤੋਂ ਪਹਿਲਾਂ ਹੀ ਐਥਲੀਟਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਖਿਡਾਰੀਆਂ ਨੂੰ ਮੁਕਾਬਲਿਆਂ ਦੀ ਤਿਆਰੀ ਕਰਨ ਅਤੇ ਉੱਚ ਪੱਧਰੀ ਸਾਜ਼ੋ-ਸਾਮਾਨ ਲੈਣ ਵਿੱਚ ਮਦਦ ਕਰਨ ਲਈ ਨਵੇਂ ਸ਼ੁਰੂ ਕੀਤੇ ਖੇਡ ਪੋਰਟਲ ਰਾਹੀਂ 15 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਪਹਿਲਾਂ ਹੀ ਸਿੱਧੀ ਵੰਡੀ ਜਾ ਚੁੱਕੀ ਹੈ। ਪੋਰਟਲ ਵਿੱਚ ਸ਼ੂਟਿੰਗ, ਤਲਵਾਰਬਾਜ਼ੀ, ਕਾਇਆਕਿੰਗ ਅਤੇ ਤੀਰਅੰਦਾਜ਼ੀ ਵਰਗੀਆਂ ਖੇਡਾਂ ਲਈ ਵਿਸ਼ੇਸ਼ ਗ੍ਰਾਂਟਾਂ ਸ਼ਾਮਲ ਹਨ, ਜਦਕਿ ਐਥਲੀਟਾਂ ਨੂੰ ਲੰਬੇ ਸਮੇਂ ਦੀ ਸਹਾਇਤਾ ਲਈ ਕਾਰਪੋਰੇਟ ਸਪਾਂਸਰਾਂ ਨਾਲ ਜੁੜਨ ਵਿੱਚ ਵੀ ਮਦਦ ਕੀਤੀ ਜਾ ਰਹੀ ਹੈ।
ਸਾਲ 2026-27 ਲਈ 1,763 ਕਰੋੜ ਰੁਪਏ ਦਾ ਰਿਕਾਰਡ ਖੇਡ ਬਜਟ ਅਲਾਟ ਕੀਤਾ ਗਿਆ ਹੈ। ਪਿੰਡਾਂ ਵਿੱਚ ਖੇਡ ਪ੍ਰਤਿਭਾ ਨੂੰ ਨਿਖਾਰਨ ਲਈ 1,300 ਕਰੋੜ ਰੁਪਏ ਦੀ ਲਾਗਤ ਨਾਲ 3,148 ਪੇਂਡੂ ਖੇਡ ਮੈਦਾਨ ਵਿਕਸਤ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਅੱਗੇ ਐਲਾਨ ਕੀਤਾ ਕਿ 6,000 ਪਿੰਡਾਂ ਵਿੱਚ ਜਿਮ ਸਥਾਪਤ ਕੀਤੇ ਜਾ ਰਹੇ ਹਨ, 17,000 ਖੇਡ ਕਿੱਟਾਂ ਵੰਡੀਆਂ ਜਾ ਰਹੀਆਂ ਹਨ ਅਤੇ ਪੰਜਾਬ ਭਰ ਦੇ ਖਿਡਾਰੀਆਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਇੱਕ ਨਵਾਂ "ਆਊਟਸਟੈਂਡਿੰਗ ਸਪੋਰਟਸਪਰਸਨ" ਕੈਡਰ ਤਿਆਰ ਕੀਤਾ ਗਿਆ ਹੈ।
ਇਸ ਦੌਰਾਨ ਮੁੱਖ ਮੰਤਰੀ ਨੇ ਚੰਡੀਗੜ੍ਹ ਦੇ ਸੈਕਟਰ 42 ਵਿਖੇ 43 ਕਰੋੜ 66 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ 'ਯੁਵਾ ਭਵਨ' (Youth Bhavan) ਦਾ ਵਰਚੁਅਲ ਤੌਰ 'ਤੇ ਨੀਂਹ ਪੱਥਰ ਰੱਖਿਆ। ਯੁਵਕ ਸੇਵਾਵਾਂ ਵਿਭਾਗ ਵੱਲੋਂ ਬਣਾਏ ਜਾ ਰਹੇ ਇਸ ਯੁਵਾ ਭਵਨ ਵਿੱਚ 200 ਨੌਜਵਾਨਾਂ ਲਈ ਹੋਸਟਲ, 400 ਸੀਟਾਂ ਵਾਲਾ ਆਡੀਟੋਰੀਅਮ, ਕਾਨਫਰੰਸ ਹਾਲ, ਸੈਮੀਨਾਰ ਹਾਲ ਅਤੇ ਮੈਸ ਆਦਿ ਦੀਆਂ ਸਹੂਲਤਾਂ ਹੋਣਗੀਆਂ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਖਿਡਾਰੀਆਂ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ 'ਪੰਜਾਬ ਸਪੋਰਟਸ ਪੋਰਟਲ' ਦੀ ਸ਼ੁਰੂਆਤ ਕੀਤੀ। ਖਿਡਾਰੀਆਂ ਵੱਲੋਂ ਲੰਬੇ ਸਮੇਂ ਤੋਂ ਅਜਿਹੇ ਪੋਰਟਲ ਦੀ ਮੰਗ ਕੀਤੀ ਜਾ ਰਹੀ ਸੀ। ਇਸ ਪੋਰਟਲ ਰਾਹੀਂ ਦੇਸ਼-ਵਿਦੇਸ਼ ਦੇ ਕਿਸੇ ਵੀ ਕੋਨੇ ਤੋਂ ਖਿਡਾਰੀ ਜਾਣਕਾਰੀ ਹਾਸਲ ਕਰ ਸਕਦੇ ਹਨ ਅਤੇ ਹੋਰ ਸਹੂਲਤਾਂ ਦਾ ਲਾਭ ਉਠਾ ਸਕਦੇ ਹਨ।