
ਚੰਡੀਗੜ੍ਹ: ਸ਼ੁੱਕਰਵਾਰ ਯਾਨੀ ਅੱਜ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਮਿਲੇਗੀ, ਪਰ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਅਤੇ ਗੜ੍ਹੇਮਾਰੀ ਮੁਸ਼ਕਲ ਵੀ ਖੜ੍ਹੀ ਕਰ ਸਕਦੀ ਹੈ। ਮੌਸਮ ਵਿਭਾਗ ਨੇ ਰੈੱਡ ਅਲਰਟ ਜਾਰੀ ਕਰਦਿਆਂ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ।
ਆਈ.ਐਮ.ਡੀ. (IMD) ਮੁਤਾਬਕ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਮੀਂਹ ਪੈਣ ਦੇ ਆਸਾਰ ਹਨ। ਤੇਜ਼ ਹਨੇਰੀ ਵੀ ਚੱਲ ਸਕਦੀ ਹੈ। ਸ਼ੁੱਕਰਵਾਰ ਨੂੰ ਗੜ੍ਹੇਮਾਰੀ ਦੀ ਸੰਭਾਵਨਾ ਵੀ ਜਤਾਈ ਗਈ ਹੈ। ਸ਼ਨੀਵਾਰ ਨੂੰ ਵੀ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲਿਆ। ਸਵੇਰੇ ਤੇਜ਼ ਹਵਾਵਾਂ ਅਤੇ ਬੱਦਲਾਂ ਨੇ ਭਿਆਨਕ ਗਰਮੀ ਤੋਂ ਰਾਹਤ ਦਿਵਾਈ, ਪਰ ਦੁਪਹਿਰ ਹੁੰਦੇ-ਹੁੰਦੇ ਹੁੰਮਸ ਅਤੇ ਤੇਜ਼ ਧੁੱਪ ਨੇ ਫਿਰ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ। ਇਸ ਤੋਂ ਬਾਅਦ ਸ਼ਾਮ ਨੂੰ ਫਿਰ ਬੱਦਲ ਛਾ ਗਏ।
ਹਨੇਰੀ, ਤੂਫ਼ਾਨ ਜਾਂ ਗੜ੍ਹੇਮਾਰੀ ਦੌਰਾਨ ਘਰੋਂ ਬਾਹਰ ਨਿਕਲਣ ਤੋਂ ਬਚੋ।
ਖ਼ਰਾਬ ਮੌਸਮ ਦੇ ਸਮੇਂ ਸਾਰੇ ਖੇਤੀਬਾੜੀ ਕਾਰਜ ਤੁਰੰਤ ਰੋਕ ਦਿਓ ਅਤੇ ਸੁਰੱਖਿਅਤ ਥਾਂ 'ਤੇ ਰਹੋ।
ਹਨੇਰੀ ਜਾਂ ਮੀਂਹ ਦੌਰਾਨ ਰੁੱਖਾਂ ਦੇ ਹੇਠਾਂ ਆਸਰਾ ਨਾ ਲਓ।
ਤੇਜ਼ ਹਵਾ, ਹਨੇਰੀ ਜਾਂ ਮੀਂਹ ਦੌਰਾਨ ਕੀਟਨਾਸ਼ਕਾਂ ਅਤੇ ਖਾਦਾਂ ਦਾ ਛਿੜਕਾਅ ਨਾ ਕਰੋ।
ਬਿਜਲੀ ਚਮਕਣ ਦੌਰਾਨ ਖੁੱਲ੍ਹੇ ਮੈਦਾਨਾਂ ਅਤੇ ਉੱਚੀਆਂ ਥਾਵਾਂ ਤੋਂ ਦੂਰ ਰਹੋ।
ਮੌਸਮ ਖ਼ਰਾਬ ਹੋਣ 'ਤੇ ਪਸ਼ੂਆਂ ਨੂੰ ਵੀ ਸੁਰੱਖਿਅਤ ਥਾਂ 'ਤੇ ਬੰਨ੍ਹ ਕੇ ਰੱਖੋ।