
ਅਰਥ ਪ੍ਰਕਾਸ਼ ਪ੍ਰਤੀਨਿਧ, ਚੰਡੀਗੜ੍ਹ: ਈਡੀ (ED) ਨੇ ਕਰੋੜਾਂ ਰੁਪਏ ਦੇ ਕਥਿਤ ਘੁਟਾਲੇ ਵਿੱਚ ਕਾਰਵਾਈ ਕਰਦੇ ਹੋਏ ਰਾਇਲ ਐਸਟੇਟ ਗਰੁੱਪ ਦੇ ਮਾਲਕ ਪ੍ਰਵੀਨ ਕੰਸਲ ਅਤੇ ਨੀਰਜ ਕੰਸਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਯਾਦ ਰਹੇ ਕਿ ਪਿਛਲੇ ਦਿਨੀਂ ਜਾਂਚ ਏਜੰਸੀਆਂ ਨੇ ਜ਼ੀਰਕਪੁਰ-ਅੰਬਾਲਾ ਹਾਈਵੇਅ ਸਥਿਤ 'ਰਾਇਲ ਆਕਸਫੋਰਡ ਸਟ੍ਰੀਟ' ਦਫ਼ਤਰ ਸਮੇਤ ਕਈ ਕਾਰੋਬਾਰੀ ਟਿਕਾਣਿਆਂ ਦੀ ਤਲਾਸ਼ੀ ਵੀ ਲਈ ਸੀ। ਸੈਕਟਰ-20 ਦੇ ਜਿਸ ਰਿਹਾਇਸ਼ੀ ਪਰਿਸਰ ਵਿੱਚ ਜਾਂਚ ਹੋਈ ਸੀ, ਉਹ ਰੀਅਲ ਐਸਟੇਟ ਕਾਰੋਬਾਰੀ ਪ੍ਰਵੀਨ ਕੰਸਲ ਉਰਫ਼ ਰੌਕੀ ਨਾਲ ਜੁੜਿਆ ਦੱਸਿਆ ਜਾ ਰਿਹਾ ਸੀ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਅਤੇ ਚੰਗ਼ੀਗੜ੍ਹ ਵਿੱਚ ਰਾਇਲ ਐਸਟੇਟ ਗਰੁੱਪ ਅਤੇ 'ਚੰਡੀਗੜ੍ਹ ਰਾਇਲ ਸਿਟੀ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ' (CRCPL) ਨਾਲ ਜੁੜੇ ਨੌਂ ਟਿਕਾਣਿਆਂ 'ਤੇ ਇੱਕੋ ਵੇਲੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਈਡੀ ਨੇ ਕੰਪਨੀ ਦੇ ਡਾਇਰੈਕਟਰਾਂ, ਸੀਏ (CA), ਅਕਾਊਂਟੈਂਟਸ ਅਤੇ ਹੋਰ ਸਬੰਧਤ ਲੋਕਾਂ ਸਮੇਤ ਕਰੀਬ 20 ਵਿਅਕਤੀਆਂ ਦੇ ਟਿਕਾਣਿਆਂ ਦੀ ਤਲਾਸ਼ੀ ਲੈ ਕੇ ਅਹਿਮ ਦਸਤਾਵੇਜ਼, ਡਿਜੀਟਲ ਉਪਕਰਨ ਅਤੇ ਵਿੱਤੀ ਰਿਕਾਰਡ ਜ਼ਬਤ ਕੀਤੇ ਸਨ।
ਜ਼ਿਕਰਯੋਗ ਹੈ ਕਿ ਈਡੀ ਦੀ ਇਹ ਕਾਰਵਾਈ ਮੰਗਲਵਾਰ ਸਵੇਰੇ ਕਰੀਬ ਛੇ ਵਜੇ ਸ਼ੁਰੂ ਹੋਈ ਸੀ। ਜਾਂਚ ਏਜੰਸੀਆਂ ਦੀਆਂ ਟੀਮਾਂ ਨੇ ਚੰਡੀਗੜ੍ਹ ਦੇ ਸੈਕਟਰ-20 ਦੀ ਕੋਠੀ ਨੰਬਰ-3053, ਜ਼ੀਰਕਪੁਰ, ਮੋਹਾਲੀ, ਬਨੂੜ ਅਤੇ ਡੇਰਾਬੱਸੀ ਸਮੇਤ ਕਈ ਥਾਵਾਂ 'ਤੇ ਇੱਕੋ ਵੇਲੇ ਦਸਤਕ ਦਿੱਤੀ ਸੀ। ਅਧਿਕਾਰੀਆਂ ਮੁਤਾਬਕ ਇਸ ਕਾਰਵਾਈ ਵਿੱਚ ਈਡੀ ਦੇ ਨਾਲ ਕੇਂਦਰੀ ਜੀਐੱਸਟੀ (GST) ਅਤੇ ਆਮਦਨ ਕਰ (Income Tax) ਵਿਭਾਗ ਦੀਆਂ ਟੀਮਾਂ ਵੀ ਸ਼ਾਮਲ ਸਨ।
ਈਡੀ ਚੰਡੀਗੜ੍ਹ ਜ਼ੋਨਲ ਆਫ਼ਿਸ-1 ਨੇ ਇਹ ਕਾਰਵਾਈ 'ਮਨੀ ਲਾਂਡਰਿੰਗ ਰੋਕੂ ਐਕਟ' (PMLA), 2002 ਦੀ ਧਾਰਾ-17 ਤਹਿਤ ਕੀਤੀ ਹੈ। ਅਧਿਕਾਰੀਆਂ ਅਨੁਸਾਰ ਇਹ ਜਾਂਚ ਪੰਜਾਬ ਪੁਲਿਸ ਵੱਲੋਂ 19 ਜੁਲਾਈ 2025 ਨੂੰ ਦਰਜ ਕੀਤੀ ਗਈ ਇੱਕ ਐੱਫਆਈਆਰ (FIR) ਦੇ ਆਧਾਰ 'ਤੇ ਸ਼ੁਰੂ ਕੀਤੀ ਗਈ ਸੀ।