Arth Parkash : Latest Hindi News, News in Hindi
ਦਿਲ ਵਿੱਚ ਛੇਦ ਨਾਲ ਸਾਲਾਂ ਤੱਕ ਜੂਝਦੀ ਰਹੀ ਗੁਰਪ੍ਰੀਤ ਕੌਰ; ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਦਿੱਤਾ ਨਵਾਂ ਜੀਵਨ* ਦਿਲ ਵਿੱਚ ਛੇਦ ਨਾਲ ਸਾਲਾਂ ਤੱਕ ਜੂਝਦੀ ਰਹੀ ਗੁਰਪ੍ਰੀਤ ਕੌਰ; ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਦਿੱਤਾ ਨਵਾਂ ਜੀਵਨ*
Sunday, 31 May 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਿਲ ਵਿੱਚ ਛੇਦ ਨਾਲ ਸਾਲਾਂ ਤੱਕ ਜੂਝਦੀ ਰਹੀ ਗੁਰਪ੍ਰੀਤ ਕੌਰ; ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਦਿੱਤਾ ਨਵਾਂ ਜੀਵਨ*

 

ਚੰਡੀਗੜ੍ਹ; 01 ਜੂਨ 2026

 

ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਪੰਜਾਬ ਦੇ ਲੋਕਾਂ ਨੂੰ ਇਲਾਜ ਦੇ ਖ਼ਰਚ ਦੀ ਚਿੰਤਾ ਤੋਂ ਬਿਨਾਂ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ। ਇਸ ਯੋਜਨਾ ਅਧੀਨ ਹਰ ਪਾਤਰ ਪਰਿਵਾਰ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਦਿੱਤਾ ਜਾਂਦਾ ਹੈ।

 

ਇਸ ਯੋਜਨਾ ਨੂੰ ਲੋਕਾਂ ਵੱਲੋਂ ਵਿਆਪਕ ਸਮਰਥਨ ਮਿਲਿਆ ਹੈ ਅਤੇ ਹੁਣ ਤੱਕ ਇਸ ਵਿੱਚ 45 ਲੱਖ ਤੋਂ ਵੱਧ ਲੋਕਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਖ਼ਾਸ ਤੌਰ ’ਤੇ ਮੈਡੀਕਲ ਐਮਰਜੈਂਸੀ ਦੀਆਂ ਸਥਿਤੀਆਂ ਵਿੱਚ ਹਜ਼ਾਰਾਂ ਪਰਿਵਾਰਾਂ ਨੂੰ ਇਸ ਦਾ ਲਾਭ ਮਿਲਿਆ ਹੈ ਅਤੇ ਕਈ ਲਾਭਪਾਤਰੀਆਂ ਨੇ ਇਸ ਲਈ ਧੰਨਵਾਦ ਪ੍ਰਗਟ ਕੀਤਾ ਹੈ।

 

ਅਜਿਹੀ ਹੀ ਇੱਕ ਲਾਭਪਾਤਰੀ ਹੈ ਬਠਿੰਡਾ ਦੀ 37 ਸਾਲਾ ਗੁਰਪ੍ਰੀਤ ਕੌਰ, ਜਿਨ੍ਹਾਂ ਦੀ ਜ਼ਿੰਦਗੀ ਦਿਲ ਦੀ ਇੱਕ ਗੰਭੀਰ ਬੀਮਾਰੀ ਕਾਰਨ ਅਚਾਨਕ ਸੰਕਟ ਵਿੱਚ ਆ ਗਈ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਦਿਲ ਵਿੱਚ ਇੱਕ ਵੱਡਾ ਛੇਦ ਹੈ, ਤਾਂ ਉਨ੍ਹਾਂ ਨੂੰ ਨਾ ਸਿਰਫ਼ ਸਿਹਤ ਸੰਬੰਧੀ ਗੰਭੀਰ ਚੁਣੌਤੀ ਦਾ ਸਾਹਮਣਾ ਕਰਨਾ ਪਿਆ, ਸਗੋਂ ਇਲਾਜ ਦੇ ਭਾਰੀ ਖ਼ਰਚ ਦੀ ਚਿੰਤਾ ਵੀ ਉਨ੍ਹਾਂ ਨੂੰ ਸਤਾਉਣ ਲੱਗੀ। ਪਰ ਏਮਸ ਬਠਿੰਡਾ ਵਿੱਚ ਸਫਲ ਇਲਾਜ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਸਹਿਯੋਗ ਨਾਲ ਉਨ੍ਹਾਂ ਨੂੰ ਜੀਵਨ ਦਾ ਨਵਾਂ ਮੌਕਾ ਮਿਲਿਆ।

 

ਜ਼ਿਆਦਾਤਰ ਲੋਕਾਂ ਲਈ ਦਿਲ ਦੀ ਧੜਕਣ ਇੱਕ ਅਜਿਹੀ ਚੀਜ਼ ਹੈ ਜਿਸ ਬਾਰੇ ਉਹ ਕਦੀ ਸੋਚਦੇ ਵੀ ਨਹੀਂ। ਇਹ ਜੀਵਨ ਦੇ ਹਰ ਸੁਖ-ਦੁੱਖ ਨਾਲ ਚੁੱਪਚਾਪ ਚਲਦੀ ਰਹਿੰਦੀ ਹੈ। ਪਰ ਗੁਰਪ੍ਰੀਤ ਕੌਰ ਦੀ ਹਰ ਧੜਕਣ ਅਣਜਾਣੇ ਹੀ ਇੱਕ ਛਿਪੇ ਹੋਏ ਖ਼ਤਰੇ ਨੂੰ ਆਪਣੇ ਨਾਲ ਲੈ ਕੇ ਚੱਲ ਰਹੀ ਸੀ।

 

ਹੁਣ ਤੱਕ ਗੁਰਪ੍ਰੀਤ ਦੀ ਜ਼ਿੰਦਗੀ ਪਰਿਵਾਰ ਪ੍ਰਤੀ ਆਪਣੀਆਂ ਆਮ ਜ਼ਿੰਮੇਵਾਰੀਆਂ ਦੇ ਆਲੇ-ਦੁਆਲੇ ਘੁੰਮਦੀ ਸੀ। ਉਹ ਆਪਣੇ ਪਰਿਵਾਰ ਦੀ ਦੇਖਭਾਲ ਕਰਦੀ ਸੀ, ਘਰ ਸੰਭਾਲਦੀ ਸੀ ਅਤੇ ਹਰ ਆਮ ਇਨਸਾਨ ਵਾਂਗ ਭਵਿੱਖ ਲਈ ਸੁਹਣੀਆਂ ਆਸਾਂ ਨਾਲ ਅੱਗੇ ਵਧ ਰਹੀ ਸੀ। ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਜਨਮ ਤੋਂ ਹੀ ਦਿਲ ਦੀ ਇੱਕ ਬੀਮਾਰੀ ਨਾਲ ਜੂਝ ਰਹੀ ਸੀ, ਜੋ ਸਾਲਾਂ ਤੱਕ ਸਾਹਮਣੇ ਹੀ ਨਾ ਆਈ।

 

ਜਾਂਚ ਦੌਰਾਨ ਡਾਕਟਰਾਂ ਨੇ ਪਾਇਆ ਕਿ ਗੁਰਪ੍ਰੀਤ ਦੇ ਦਿਲ ਦੇ ਉੱਪਰੀ ਦੋਹਾਂ ਹਿੱਸਿਆਂ ਵਿਚਕਾਰ 22 ਮਿਲੀਮੀਟਰ ਦਾ ਵੱਡਾ ਐਟਰੀਅਲ ਸੈਪਟਲ ਡਿਫੈਕਟ (ਏਐਸਡੀ) ਸੀ। ਇਸ ਕਾਰਨ ਖੂਨ ਦੇ ਪ੍ਰਵਾਹ ਵਿੱਚ ਗੜਬੜੀ ਆ ਗਈ ਅਤੇ ਦਿਲ ’ਤੇ ਵਾਧੂ ਦਬਾਅ ਪੈ ਰਿਹਾ ਸੀ। ਜੇ ਇਸ ਦਾ ਇਲਾਜ ਨਾ ਹੁੰਦਾ ਤਾਂ ਅੱਗੇ ਚੱਲ ਕੇ ਇਹ ਦਿਲ ਦੇ ਫੇਲ੍ਹ ਹੋਣ ਵਰਗੀਆਂ ਗੰਭੀਰ ਜਟਿਲਤਾਵਾਂ ਦਾ ਕਾਰਨ ਬਣ ਸਕਦਾ ਸੀ।

 

ਬੀਮਾਰੀ ਦਾ ਪਤਾ ਲੱਗਦੇ ਹੀ ਪਰਿਵਾਰ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣ ਗਿਆ। ਇੱਕ ਪਾਸੇ ਉਨ੍ਹਾਂ ਦੀ ਸਿਹਤ ਦੀ ਚਿੰਤਾ ਸੀ, ਦੂਜੇ ਪਾਸੇ ਇਲਾਜ ਦੇ ਖ਼ਰਚ ਦਾ ਬੋਝ ਵੀ ਸੀ। ਗੁਰਪ੍ਰੀਤ ਕੌਰ ਨੇ ਦੱਸਿਆ,“ਸਭ ਤੋਂ ਪਹਿਲਾਂ ਮੇਰੇ ਮਨ ਵਿੱਚ ਇਲਾਜ ਦੇ ਖ਼ਰਚ ਦਾ ਹੀ ਖ਼ਿਆਲ ਆਇਆ। ਮੈਨੂੰ ਚਿੰਤਾ ਸੀ ਕਿ ਅਸੀਂ ਇਹ ਖ਼ਰਚ ਕਿਵੇਂ ਝੱਲਾਂਗੇ। ਅਜਿਹਾ ਲੱਗ ਰਿਹਾ ਸੀ ਜਿਵੇਂ ਸਾਡਾ ਪਰਿਵਾਰ ਇੱਕ ਬਹੁਤ ਮੁਸ਼ਕਲ ਮੋੜ ’ਤੇ ਖੜ੍ਹਾ ਹੋਵੇ।”

 

ਏਮਸ ਬਠਿੰਡਾ ਦੇ ਮਾਹਿਰਾਂ ਨੇ ਇਸ ਖਾਮੀ ਨੂੰ ਠੀਕ ਕਰਨ ਲਈ ਵਿਸ਼ੇਸ਼ ਪ੍ਰਕਿਰਿਆ ਦੀ ਸਲਾਹ ਦਿੱਤੀ। ਹਸਪਤਾਲ ਦੇ ਰਿਕਾਰਡ ਮੁਤਾਬਕ, 5 ਮਈ 2026 ਨੂੰ ਕਾਰਡਿਯਕ ਕੈਥੇਟਰਾਈਜ਼ੇਸ਼ਨ ਲੈਬ ਵਿੱਚ ਜਨਰਲ ਐਨੇਸਥੀਸੀਆ ਹੇਠ ਇਹ ਪ੍ਰਕਿਰਿਆ ਕੀਤੀ ਗਈ। ਇਸ ਦੌਰਾਨ 24 ਮਿਲੀਮੀਟਰ ਦਾ ਐਮਪਲੈਟਜ਼ਰ ਸੈਪਟਲ ਓਕਲੂਡਰ ਡਿਵਾਈਸ ਲਗਾ ਕੇ ਦਿਲ ਦੇ ਛੇਦ ਨੂੰ ਬੰਦ ਕੀਤਾ ਗਿਆ।

 

ਪਰਿਵਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ’ਤੇ ਭਰੋਸਾ ਕੀਤਾ, ਜਿਸ ਨੇ ਕਰੀਬ ਇੱਕ ਲੱਖ ਰੁਪਏ ਦੀ ਇਲਾਜ ਲਾਗਤ ਨੂੰ ਕਵਰ ਕੀਤਾ। ਇਹ ਪ੍ਰਕਿਰਿਆ ਖ਼ਤਰਿਆਂ ਨਾਲ ਭਰੀ ਹੋਈ ਸੀ। ਸਹਿਮਤੀ ਦਸਤਾਵੇਜ਼ਾਂ ਵਿੱਚ ਸੰਭਾਵਿਤ ਦਿਲੀ ਜਟਿਲਤਾਵਾਂ, ਹੀਮੋਡਾਇਨਾਮਿਕ ਅਸਥਿਰਤਾ ਅਤੇ ਗੰਭੀਰ ਚਿਕਿਤਸਕ ਸਹਾਇਤਾ ਦੀ ਲੋੜ ਵਰਗੀਆਂ ਚਿੰਤਾਵਾਂ ਦਾ ਜ਼ਿਕਰ ਸੀ।

 

ਕਾਰਡਿਯਕ ਕੈਥੇਟਰਾਈਜ਼ੇਸ਼ਨ ਲੈਬ ਦੇ ਬਾਹਰ ਪਰਿਵਾਰਕ ਮੈਂਬਰ ਹੱਥ ਜੋੜ ਕੇ ਅਰਦਾਸ ਕਰਦੇ ਹੋਏ ਉਡੀਕ ਕਰ ਰਹੇ ਸਨ। ਗੁਰਪ੍ਰੀਤ ਕੌਰ ਦੇ ਪਤੀ ਉਹ ਪਲ ਯਾਦ ਕਰਦੇ ਹੋਏ ਕਹਿੰਦੇ ਹਨ,“ਅਸੀਂ ਸਿਰਫ਼ ਅਰਦਾਸ ਹੀ ਕਰ ਸਕਦੇ ਸੀ। ਹਰ ਮਿੰਟ ਬਹੁਤ ਲੰਮਾ ਲੱਗ ਰਿਹਾ ਸੀ। ਜਦੋਂ ਡਾਕਟਰ ਬਾਹਰ ਆਏ ਅਤੇ ਦੱਸਿਆ ਕਿ ਸਭ ਕੁਝ ਸਫ਼ਲ ਰਿਹਾ, ਤਾਂ ਅਜਿਹਾ ਲੱਗਾ ਜਿਵੇਂ ਸਾਡੇ ਸਿਰ ਤੋਂ ਬਹੁਤ ਵੱਡਾ ਬੋਝ ਉੱਤਰ ਗਿਆ ਹੋਵੇ।”

 

ਇਹ ਪ੍ਰਕਿਰਿਆ ਪੂਰੀ ਤਰ੍ਹਾਂ ਸਫ਼ਲ ਰਹੀ ਅਤੇ ਕੋਈ ਜਟਿਲਤਾ ਸਾਹਮਣੇ ਨਹੀਂ ਆਈ। ਗੁਰਪ੍ਰੀਤ ਲਈ ਇਹ ਸਿਹਤਮੰਦ ਭਵਿੱਖ ਵੱਲ ਇੱਕ ਨਵੀਂ ਸ਼ੁਰੂਆਤ ਸੀ।

 

 

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਿਲਿਆ ਆਰਥਿਕ ਸਹਾਰਾ ਬਹੁਤ ਮਹੱਤਵਪੂਰਨ ਸੀ, ਜਿਸ ਨੇ ਪਰਿਵਾਰ ਨੂੰ ਅਜਿਹੇ ਭਾਰੀ ਖ਼ਰਚ ਤੋਂ ਬਚਾ ਲਿਆ ਜੋ ਉਨ੍ਹਾਂ ਲਈ ਅਸਹਿਣਯੋਗ ਹੋ ਸਕਦਾ ਸੀ।

 

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਜਨਤਕ ਸਿਹਤ ਸਹਾਇਤਾ ਦੇ ਅਸਲ ਉਦੇਸ਼ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ,“ਕਿਸੇ ਵੀ ਪਰਿਵਾਰ ਨੂੰ ਆਰਥਿਕ ਤੰਗੀ ਕਾਰਨ ਮਿਆਰੀ ਇਲਾਜ ਤੋਂ ਵੰਚਿਤ ਨਹੀਂ ਰਹਿਣਾ ਚਾਹੀਦਾ। ਗੁਰਪ੍ਰੀਤ ਦੀ ਸਿਹਤਯਾਬੀ ਇਸ ਗੱਲ ਦਾ ਸਬੂਤ ਹੈ ਕਿ ਸਮੇਂ ਸਿਰ ਮੈਡੀਕਲ ਸਹੂਲਤ ਅਤੇ ਆਰਥਿਕ ਸੁਰੱਖਿਆ ਨਾ ਸਿਰਫ਼ ਜ਼ਿੰਦਗੀਆਂ ਬਚਾ ਸਕਦੀ ਹੈ, ਸਗੋਂ ਪਰਿਵਾਰਾਂ ਦੀ ਇੱਜ਼ਤ ਵੀ ਕਾਇਮ ਰੱਖ ਸਕਦੀ ਹੈ।” ਅੱਜ ਗੁਰਪ੍ਰੀਤ, ਮੁੱਖ ਮੰਤਰੀ ਸਿਹਤ ਯੋਜਨਾ ਦੇ ਹਜ਼ਾਰਾਂ ਹੋਰ ਲਾਭਪਾਤਰੀਆਂ ਵਾਂਗ, ਨਵੀਂ ਉਮੀਦ ਨਾਲ ਸਿਹਤਮੰਦ ਹੋਣ ਦੀ ਰਾਹ ’ਤੇ ਹੈ।

 

ਰਾਜ ਸਿਹਤ ਏਜੰਸੀ, ਪੰਜਾਬ ਦੇ ਤਾਜ਼ਾ ਅੰਕੜਿਆਂ ਅਨੁਸਾਰ, ਇਸ ਯੋਜਨਾ ਤਹਿਤ ਹੁਣ ਤੱਕ 1,75,210 ਮਰੀਜ਼ਾਂ ਨੂੰ ਲਾਭ ਮਿਲਿਆ ਹੈ ਅਤੇ ਕੁੱਲ 3,43,370 ਇਲਾਜ ਕੀਤੇ ਜਾ ਚੁੱਕੇ ਹਨ। ਇਸ ਯੋਜਨਾ ’ਤੇ ਹੁਣ ਤੱਕ 581.90 ਕਰੋੜ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ, ਜੋ ਰਾਜ ਵਿੱਚ ਕੈਸ਼ਲੈੱਸ ਸਿਹਤ ਸੇਵਾਵਾਂ ਪ੍ਰਤੀ ਸਰਕਾਰ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦਾ ਹੈ।