Arth Parkash : Latest Hindi News, News in Hindi
ਪਲਮਨਰੀ ਮੈਡੀਸਿਨ ਵਿਚ ਫੇਫੜਿਆਂ ਅਤੇ ਸਾਹ ਦੀਆਂ ਬਿਮਾਰੀਆਂ ਦਾ ਵੀ ਇਲਾਜ : ਡਾ. ਸੌਰਭ ਫੂਟੇਲਾ  ਪਲਮਨਰੀ ਮੈਡੀਸਿਨ ਵਿਚ ਫੇਫੜਿਆਂ ਅਤੇ ਸਾਹ ਦੀਆਂ ਬਿਮਾਰੀਆਂ ਦਾ ਵੀ ਇਲਾਜ : ਡਾ. ਸੌਰਭ ਫੂਟੇਲਾ 
Monday, 01 Jun 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਟੀ.ਬੀ ਵਾਲਾ ਡਾਕਟਰ !! ਡਾਕਟਰ ਸੌਰਭ ਫੂਟੇਲਾ..

ਪਲਮਨਰੀ ਮੈਡੀਸਿਨ ਵਿਚ ਫੇਫੜਿਆਂ ਅਤੇ ਸਾਹ ਦੀਆਂ ਬਿਮਾਰੀਆਂ ਦਾ ਵੀ ਇਲਾਜ : ਡਾ. ਸੌਰਭ ਫੂਟੇਲਾ 

ਸਿਵਲ ਹਸਪਤਾਲ ਅਬੋਹਰ ਵਿਖੇ ਚੱਲ ਰਹੇ ਟੀ.ਬੀ ਹਸਪਤਾਲ ਵਿੱਚ ਲੋਕਾਂ ਦੀ ਆਉਣਾ ਫਿਰ ਤੋਂ ਵੱਧ ਗਿਆ ਹੈ, ਜਿਸ ਦਾ ਮੁਖ ਕਾਰਨ ਛਾਤੀ ਰੋਗਾਂ ਦੇ ਮਾਹਿਰ ਅਤੇ ਟੀ.ਬੀ ਹਸਪਤਾਲ ਦੇ ਇੰਚਾਰਜ ਡਾ. ਸੌਰਭ ਫੂਟੇਲਾ ਦਾ ਮੁੜ ਵਾਪਸ ਸਿਵਲ ਹਸਪਤਾਲ ਜੁਆਇਨ ਕਰਨਾ ਹੈ। ਜਿਕਰਯੋਗ ਹੈ ਕਿ ਡਾ. ਸੌਰਭ ਫੂਟੇਲਾ ਪਿਛਲੇ ਕਈ ਸਾਲਾਂ ਤੋਂ ਸਿਵਲ ਹਸਪਤਾਲ ਅਬੋਹਰ ਵਿਖੇ ਆਪਣੀ ਸੇਵਾਵਾਂ ਦੇ ਰਹੇ ਸਨ, ਪਰ ਨਵੰਬਰ 2025 ਵਿਚ ਵਾਧੂ ਤਜਰਬਾ ਹਾਸਿਲ ਕਰਨ ਲਈ ਉਹ ਐਮਜ਼ ਹਸਪਤਾਲ ਬਠਿੰਡਾ ਵਿਖੇ ਚਲੇ ਗਏ ਸਨ। ਇਸ ਬਾਰੇ ਗੱਲ ਕਰਦਿਆਂ ਡਾ. ਸੌਰਭ ਫੂਟੇਲਾ ਨੇ ਦੱਸਿਆ ਕਿ ਪਲਮਨਰੀ ਮੈਡੀਸਿਨ ਦਾ ਖੇਤਰ ਬਹੁਤ ਵਿਸ਼ਾਲ ਹੈ ਜਿਸ ਵਿਚ ਆਪਣੀ ਪ੍ਰੈਕਟੀਕਲ ਜਾਣਕਾਰੀ (ਵਿਵਹਾਰਿਕ ਤਜਰਬਾ)  ਅਪਡੇਟ ਕਰਦੇ ਰਹਿਣਾ ਬਹੁਤ ਜਰੂਰੀ ਹੈ ਅਤੇ ਆਪਣੇ ਤਜਰਬੇ ਨੂੰ ਵਧਾਉਣ ਲਈ ਉਹ ਐਮਜ਼ ਬਠਿੰਡਾ ਵਿਖੇ ਕੁਛ ਸਮਾਂ ਲਗਾ ਕੇ ਆਏ ਹਨ, ਤਾਂ ਜੋ ਇਹ ਅਬੋਹਰ ਸ਼ਹਿਰ ਦੇ ਲੋਕਾਂ ਦੇ ਕੰਮ ਆ ਸਕੇ।
 
ਲੋਕ ਉਹਨਾਂ ਨੂੰ ਟੀ.ਬੀ ਦਾ ਡਾਕਟਰ ਕਹਿੰਦੇ ਹਨ !!
ਹਸਪਤਾਲ ਵਿਖੇ ਆਉਣ ਵਾਲੇ ਲੋਕ ਉਹਨਾਂ ਨੂੰ ਟੀ.ਬੀ ਦਾ ਡਾਕਟਰ ਕਹਿੰਦੇ ਹਨ। ਜਦਕਿ ਪਲਮਨਰੀ ਮੈਡੀਸਿਨ ਵਿਚ ਫੇਫੜਿਆਂ ਅਤੇ ਸਾਹ ਨਲੀ ਨਾਲ ਜੁੜੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਪਲਮਨਰੀ ਮੈਡੀਸਿਨ ਦੇ ਫੀਲਡ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ ਇਸ ਨੂੰ ਚੇਸਟ ਮੈਡੀਸਿਨ ਜਾਂ ਰੇਸਪੀਰੇਟਰੀ ਮੈਡੀਸਿਨ ਵੀ ਕਿਹਾ ਜਾਂਦਾ ਹੈ। ਉਹਨਾਂ ਕਿਹਾ ਕਿ ਟੀ.ਬੀ ਤੋਂ ਇਲਾਵਾ ਫੇਫੜਿਆਂ ਦੀ ਇੰਫੈਕਸ਼ਨ ਜਿਵੇਂ ਨਿਮੋਨੀਆ, ਬਰੋਨਚਾਇਟਿਸ, ਫੇਫੜਿਆਂ ਵਿਚ ਪੱਸ ਪੈ ਜਾਣਾ, ਕ੍ਰੋਨਿਕ ਸਾਹ ਦੀਆਂ ਬਿਮਾਰੀਆਂ ਜਿਵੇ ਅਸਥਮਾ ਸੀ.ਓ.ਪੀ.ਡੀ, ਸਾਹ ਨਲੀ ਦਾ ਫੁਲ ਜਾਣਾ, ਧੂਲ ਮਿੱਟੀ ਆਦਿ ਚੀਜਾਂ ਤੋਂ ਐਲਰਜੀ, ਫੇਫੜਿਆਂ ਵਿਚ ਪਾਣੀ ਭਰ ਜਾਣਾ, ਫੇਫੜਿਆਂ ਦਾ ਸਿਕੁੜਨਾ ਜਾਂ ਫੈਲਣਾ, ਛਾਤੀ ਵਿਚ ਪੱਸ ਹੋਣਾ, ਫੇਫੜਿਆਂ ਵਿਚ ਜਾਲੇ ਬਣ ਜਾਣਾ, ਸ਼ਰੀਰ ਵਿਚ ਗੰਢ ਬਣਨਾ, ਫੇਫੜੇ ਸਖ਼ਤ ਹੋ ਜਾਣੇ, ਫੇਫੜਿਆਂ ਦਾ ਕੈਂਸਰ, ਫੇਫੜਿਆਂ ਦੀ ਨਸਾਂ ਵਿਚ ਹਾਈ ਬੀ.ਪੀ, ਨੀਂਦ ਵਿਚ ਰੁਕਾਵਟ, ਖਰਾਟੇ ਲੈਣਾ, ਸਾਹ ਲੈਣ ਵਿਚ ਆਕਸੀਜਨ ਦੀ ਕਮੀ, ਫੇਫੜਿਆਂ ਦੀ ਸਕੈਨਿੰਗ ਆਦਿ ਸਬ ਸ਼ਾਮਲ ਹੁੰਦਾ ਹੈ। ਟੀ.ਬੀ ਇਕ ਖ਼ਤਰਨਾਕ ਛੂਤ ਰੋਗ ਹੈ ਇਸ ਲਈ ਲੋਕਾਂ ਨੂੰ ਛਾਤੀ ਦੀਆਂ ਬਾਕੀ ਬਿਮਾਰੀਆਂ ਬਾਰੇ ਜਾਣਕਾਰੀ ਘੱਟ ਹੈ। 

ਟੀ.ਬੀ ਮਰੀਜਾਂ ਲਈ ਸਿਵਲ ਹਸਪਤਾਲ ਵਿੱਚ ਕਿਹੜੀ ਸੇਵਾਵਾਂ ਉਪਲੱਬਧ ਹਨ ?

ਉਹਨਾਂ ਕਿਹਾ ਕਿ ਸਿਵਲ ਹਸਪਤਾਲ ਵਿਚ ਟੀ.ਬੀ ਮਰੀਜਾਂ ਲਈ ਓ.ਪੀ.ਡੀ ਤੋਂ ਲੈ ਕੇ ਇਨਡੋਰ ਭਰਤੀ ਕਰਨ ਦੀ ਵੀ ਸੁਵਿਧਾ ਉਪਲਬਧ ਹੈ। ਉਹਨਾਂ ਵਲੋਂ ਵਾਰਡ ਵਿਚ ਭਰਤੀ ਮਰੀਜਾਂ ਦੀ ਸਵੇਰੇ ਸ਼ਾਮ ਜਾਂਚ ਕੀਤੀ ਜਾਂਦੀ ਹੈ। ਟੀ.ਬੀ ਤੋਂ ਇਲਾਵਾ ਫੇਫੜਿਆਂ ਵਿੱਚ ਫੰਗਸ, ਬਰੋਨਚਾਇਟਸ, ਸੀਓਪੀਡੀ, ਫੇਫੜਿਆਂ ਵਿੱਚ ਪਾਣੀ ਭਰ ਜਾਣਾ, ਫੇਫੜਿਆਂ ਦਾ ਫਟ ਜਾਣਾ ਨਾਲ ਸੰਬੰਧਿਤ ਮਰੀਜ਼ ਵੀ ਉਹਨਾਂ ਕੋਲ ਆਉਂਦੇ ਹਨ। ਉਹਨਾਂ ਦੱਸਿਆ ਕਿ ਸਤੰਬਰ ਅਕਤੂਬਰ ਅਤੇ ਨਵੰਬਰ 2025 ਦੌਰਾਨ ਉਹਨਾਂ ਦੀ ਓਪੀਡੀ ਲਗਭਗ 1050 ਮਰੀਜ਼ ਪ੍ਰਤੀ ਮਹੀਨਾ ਸੀ ਅਤੇ 40 ਮਰੀਜ਼ਾਂ ਪ੍ਰਤੀ ਮਹੀਨਾ ਦੀ ਇਨਡੋਰ ਓ.ਪੀ.ਡੀ ਸੀ। ਪਿਛਲੇ ਦੋ ਮਹੀਨਿਆਂ ਭਾਵ ਮਾਰਚ ਅਤੇ ਅਪ੍ਰੈਲ 2026 ਦੌਰਾਨ ਲਗਭਗ 1000 ਮਰੀਜਾਂ ਨੂੰ ਇਨਡੋਰ ਆਉਟਡੋਰ ਓ.ਪੀ.ਡੀ ਦੀ ਸੁਵਿਧਾ ਦਿੱਤੀ ਗਈ ਹੈ, ਤੇ ਜਿਵੇ ਜਿਵੇ ਲੋਕਾਂ ਨੂੰ ਪਤਾ ਲਗ ਰਿਹਾ ਹੈ ਕਿ ਡਾਕਟਰ ਫੂਟੇਲਾ ਵਾਪਸ ਆ ਗਏ ਹਨ ਤਾਂ ਓ.ਪੀ.ਡੀ ਮਈ ਮਹੀਨੇ ਵਿਚ 1410 ਤੱਕ ਪਹੁੰਚ ਗਈ ਹੈ ਅਤੇ ਆਈ.ਪੀ.ਡੀ 47 ਹੋ ਗਈ ਹੈ। 

ਟੀ.ਬੀ ਦੇ ਵੱਧ ਰਹੇ ਮਰੀਜਾਂ ਦਾ ਕੀ ਕਾਰਨ ਹੈ ?
ਡਾਕਟਰ ਫੂਟੇਲਾ ਨੇ ਦਸਿਆ ਕਿ ਟੀ.ਬੀ ਮਾਈਕੋਬੈਕਟੀਰੀਅਮ ਟਿਊਬਰਕਲੋਸਿਸ (Mycobacterium tuberculosis) ਨਾਮਕ ਬੈਕਟੀਰੀਆ ਕਾਰਨ ਹੁੰਦੀ ਹੈ। ਇਹ ਬਿਮਾਰੀ ਮੁੱਖ ਤੌਰ 'ਤੇ ਹਵਾ ਰਾਹੀਂ ਫੈਲਦੀ ਹੈ। ਜਦੋਂ ਫੇਫੜਿਆਂ ਦੀ ਟੀ.ਬੀ. ਵਾਲਾ ਵਿਅਕਤੀ ਖੰਘਦਾ, ਛਿੱਕਦਾ, ਬੋਲਦਾ ਜਾਂ ਗਾਉਂਦਾ ਹੈ, ਤਾਂ ਬੈਕਟੀਰੀਆ ਹਵਾ ਵਿੱਚ ਛੱਡੇ ਜਾਂਦੇ ਹਨ। ਟੀ.ਬੀ. ਦੇ ਮਰੀਜ਼ ਦੇ ਨਾਲ ਲੰਬਾ ਸਮਾਂ ਇੱਕੋ ਕਮਰੇ ਵਿੱਚ ਰਹਿਣ ਜਾਂ ਨੇੜੇ ਰਹਿਣ ਨਾਲ ਲਾਗ ਲੱਗਣ ਦਾ ਖ਼ਤਰਾ ਵੱਧ ਜਾਂਦਾ ਹੈ। ਬੰਦ ਅਤੇ ਭੀੜ ਵਾਲੀਆਂ ਥਾਵਾਂ, ਘੱਟ ਹਵਾਦਾਰ ਵਾਲੇ ਕਮਰੇ, ਭੀੜ-ਭੜੱਕੇ ਵਾਲੇ ਘਰ, ਜੇਲ੍ਹਾਂ, ਜਾਂ ਸ਼ਰਨਾਰਥੀ ਕੈਂਪਾਂ ਵਿੱਚ ਟੀ.ਬੀ. ਤੇਜ਼ੀ ਨਾਲ ਫੈਲਦੀ ਹੈ। 
ਉਹਨਾਂ ਦੱਸਿਆ ਕਿ ਦਵਾਈ-ਰੋਧਕ ਟੀ.ਬੀ. (MDR-TB) ਦੇ ਮਰੀਜ਼ ਵੱਧਦੇ ਜਾ ਰਹੇ ਹਨ। ਜੇਕਰ ਮਰੀਜ਼ ਆਪਣਾ ਇਲਾਜ ਅਧੂਰਾ ਛੱਡ ਦਿੰਦਾ ਹੈ ਜਾਂ ਗਲਤ ਦਵਾਈਆਂ ਲੈਂਦਾ ਹੈ, ਤਾਂ ਬੈਕਟੀਰੀਆ ਦਵਾਈਆਂ ਦੇ ਪ੍ਰਤੀ ਰੋਧਕ (resistant) ਹੋ ਜਾਂਦੇ ਹਨ, ਜਿਸ ਨਾਲ ਟੀ.ਬੀ ਦਾ ਇਲਾਜ ਮੁਸ਼ਕਲ ਹੋ ਜਾਂਦਾ ਹੈ ਅਤੇ ਇਹ ਫੈਲਦਾ ਰਹਿੰਦਾ ਹੈ। ਇਲਾਜ਼ ਦੌਰਾਨ ਅਤੇ ਬਾਅਦ ਵਿੱਚ ਸਾਵਧਾਨੀ ਨਾ ਵਰਤਣ ਕਾਰਨ ਇਹ ਬੜੀ ਤੇਜੀ ਨਾਲ ਫੈਲਦੀ ਹੈ। 

100 ਦਿਨੀਂ ਟੀ.ਬੀ ਮੁਕਤ ਭਾਰਤ ਮੁਹਿੰਮ ਕਿੰਨੀ ਪ੍ਰਭਾਵਸ਼ਾਲੀ ?
ਟੀ.ਬੀ ਮੁਕਤ ਮੁਹਿੰਮ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ ਨੈਸ਼ਨਲ ਤਪਦਿਕ ਐਲੀਮੀਨੇਸ਼ਨ ਪ੍ਰੋਗਰਾਮ ਅਧੀਨ ਭਾਰਤ ਸਰਕਾਰ ਵਲੋਂ 2030 ਤੱਕ ਦੇਸ਼ ਨੂੰ ਟੀ.ਬੀ ਮੁਕਤ ਕਰਨ ਦਾ ਟੀਚਾ ਮਿਥਿਆ ਗਿਆ ਹੈ ਜਿਸ ਨੂੰ ਸਫਲ ਬਣਾਉਣ ਲਈ 100 ਦਿਨੀਂ ਟੀ.ਬੀ ਮੁਕਤ ਭਾਰਤ ਮੁਹਿੰਮ ਚਲਾਈ ਜਾ ਰਹੀ ਹੈ। ਸਿਹਤ ਵਿਭਾਗ ਪੰਜਾਬ ਵਲੋਂ ਜ਼ਿਲ੍ਹਾ ਫਾਜ਼ਿਲਕਾ ਨੂੰ ਏ.ਆਈ ਤਕਨੀਕ ਵਾਲੀ ਤਿੰਨ ਹੈਂਡ ਹੈਲਡ ਪੋਰਟੇਬਲ ਐਕਸ-ਰੇ ਮਸ਼ੀਨਾਂ ਮੁਹਈਆ ਕਰਵਾਈਆਂ ਗਈਆਂ ਹਨ। ਇਸ ਮੁਹਿੰਮ ਦੇ ਤਹਿਤ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਦੇ ਨਿਰਦੇਸ਼ਾਂ ਅਤੇ ਜਿਲਾ ਟੀ.ਬੀ ਅਫਸਰ ਡਾਕਟਰ ਨੀਲੂ ਚੁੱਘ ਦੀ ਅਗਵਾਈ ਹੇਠ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ-ਵੱਖ ਹਾਈ ਰਿਸਕ ਪਿੰਡਾਂ ਵਿੱਚ ਸਕ੍ਰੀਨਿੰਗ ਅਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਸਮਾਂ ਰਹਿੰਦੇ ਹੀ ਟੀ.ਬੀ. ਵਰਗੀ ਨਾਮੁਰਾਦ ਬਿਮਾਰੀ ਤੇ ਕਾਬੂ ਪਾਇਆ ਜਾ ਸਕੇ ਅਤੇ ਪੰਜਾਬ ਨੂੰ ਟੀ.ਬੀ ਮੁਕਤ ਰਾਜ ਬਣਾਇਆ ਜਾ ਸਕੇ। ਅਬੋਹਰ ਅਤੇ ਆਲੇ-ਦੁਆਲੇ ਖੇਤਰਾਂ ਵਿਚ ਡਾ. ਸੌਰਭ ਫੁਟੇਲਾ ਦੀ ਅਗਵਾਈ ਹੇਠ ਲੱਗ ਰਹੇ ਇਹਨਾਂ ਕੈਪਾਂ ਬਾਰੇ ਉਹਨਾਂ ਕਿਹਾ ਕਿ ਇਸ ਮੁਹਿੰਮ ਦੋਰਾਨ ਜ਼ਿਲੇ ਵਿਚ 60 ਸਾਲ ਤੋਂ ਵੱਧ ਉਮਰ ਦੇ ਲੋਕਾਂ, ਸ਼ੂਗਰ ਦੇ ਮਰੀਜ਼, ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਆਦੀ, ਪਹਿਲਾਂ ਦਵਾਈ ਖਾ ਚੁੱਕੇ ਟੀ.ਬੀ ਦੇ ਮਰੀਜ਼, ਜੋ ਮਰੀਜ਼ ਟੀ.ਬੀ ਦੀ ਦਵਾਈ ਖਾ ਰਹੇ ਹਨ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਜਾਂ ਹੋਰ ਵੀ ਕੋਈ ਜਿਸ ਨੂੰ ਦੋ ਹਫ਼ਤੇ ਦੀ ਖਾਂਸੀ, ਬੁਖਾਰ, ਬਲਗਮ ਵਿਚ ਖੂਨ, ਵਜ਼ਨ ਘਟਣਾ ਆਦਿ ਲੱਛਣ ਹਨ, ਉਹਨਾਂ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਟੀ.ਬੀ ਮਰੀਜ਼ ਦੇ ਪਾਰਿਵਾਰਿਕ ਮੈਬਰਾਂ ਦੀ ਜਾਂਚ ਵਿੱਚ ਜੇਕਰ ਟੀ.ਬੀ ਦੀ ਪੁਸ਼ਟੀ ਨਹੀਂ ਹੁੰਦੀ ਪਰੰਤੂ ਇੰਫੈਕਸ਼ਨ ਪਾਇਆ ਜਾਂਦਾ ਹੈ ਤਾਂ ਟੀ.ਬੀ ਪ੍ਰਿਵੈਂਟਿਵ ਟ੍ਰੀਟਮੈਂਟ (ਟੀ.ਪੀ.ਟੀ) ਤਹਿਤ 12 ਹਫ਼ਤਿਆਂ ਤੱਕ ਉਸਨੂੰ ਦਵਾਈ ਖੁਆਈ ਜਾਂਦੀ ਹੈ, ਇਹ ਦਵਾਈ ਹਫ਼ਤੇ ਵਿੱਚ ਇੱਕ ਦਿਨ ਹੀ ਲੈਣੀ ਹੁੰਦੀ ਹੈ। ਟੀ.ਬੀ ਇਲਾਜਯੋਗ ਹੈ ਅਤੇ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਇਸਦਾ ਇਲਾਜ ਮੁਫ਼ਤ ਉਪਲਬਧ ਕਰਵਾਇਆ ਜਾਂਦਾ ਹੈ । ਇਸ ਦੇ ਨਾਲ ਹੀ ਮਾਸ ਮੀਡੀਆ ਵਿੰਗ ਅਤੇ ਫੀਲਡ ਸਿਹਤ ਕਰਮੀਆਂ ਵੱਲੋਂ ਲੋਕਾਂ ਨੂੰ ਤਪਦਿਕ ਰੋਗ ਦੇ ਲੱਛਣਾਂ, ਬਚਾਅ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਮੌਕੇ ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਨਾ, ਮਨਬੀਰ ਸਿੰਘ, ਦਿਵੇਸ਼ ਕੁਮਾਰ, ਟੀ.ਬੀ ਬ੍ਰਾਂਚ ਤੋਂ ਵਿਪਨ ਸੁਥਾਰ, ਰਾਜ ਸਿੰਘ, ਬਲਜਿੰਦਰ ਕੁਮਾਰ ਅਤੇ ਹਰਪਾਲ ਸਿੰਘ ਆਦਿ ਮੌਜੂਦ ਸਨ।