
ਪ੍ਰੈੱਸ ਨੋਟ
ਯੂਟੀ ਚੰਡੀਗੜ੍ਹ ਨੇ ਡਿਜੀਟਲ ਪਰਸਨਲ ਡੇਟਾ ਪ੍ਰੋਟੈਕਸ਼ਨ ਐਕਟ, 2023 'ਤੇ ਵਰਕਸ਼ਾਪ ਦਾ ਆਯੋਜਨ ਕੀਤਾ
ਜਾਗਰੂਕਤਾ ਅਤੇ ਲਾਗੂਕਰਨ ਵਰਕਸ਼ਾਪ ਵਿੱਚ ਲਗਭਗ 200 ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ
ਚੰਡੀਗੜ੍ਹ ਪ੍ਰਸ਼ਾਸਨ ਦੇ ਸੂਚਨਾ ਟੈਕਨੋਲੋਜੀ ਵਿਭਾਗ ਨੇ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ (MeitY), ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ (NeGD), ਭਾਰਤ ਸਰਕਾਰ ਅਤੇ ਸੀ-ਡੀਏਸੀ (C-DAC) ਮੋਹਾਲੀ ਦੇ ਸਹਿਯੋਗ ਨਾਲ, 3 ਜੂਨ 2026 ਨੂੰ ਹੋਟਲ ਮਾਊਂਟਵਿਊ, ਸੈਕਟਰ 10, ਚੰਡੀਗੜ੍ਹ ਵਿਖੇ ਡਿਜੀਟਲ ਪਰਸਨਲ ਡੇਟਾ ਪ੍ਰੋਟੈਕਸ਼ਨ (ਡੀਪੀਡੀਪੀ/DPDP) ਐਕਟ, 2023 'ਤੇ ਇੱਕ ਜਾਗਰੂਕਤਾ ਅਤੇ ਲਾਗੂਕਰਨ ਵਰਕਸ਼ਾਪ ਦਾ ਆਯੋਜਨ ਕੀਤਾ।
ਵਰਕਸ਼ਾਪ ਦੀ ਪ੍ਰਧਾਨਗੀ ਡਾਇਰੈਕਟਰ ਸੂਚਨਾ ਟੈਕਨੋਲੋਜੀ, ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤੀ ਅਤੇ ਇਸ ਵਿੱਚ ਸੰਯੁਕਤ ਕਮਿਸ਼ਨਰ, ਨਗਰ ਨਿਗਮ ਚੰਡੀਗੜ੍ਹ, ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ (ਐੱਨਈਜੀਡੀ/NeGD) ਅਤੇ ਸੀ-ਡੀਏਸੀ (C-DAC) ਮੋਹਾਲੀ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਚੰਡੀਗੜ੍ਹ ਪ੍ਰਸ਼ਾਸਨ ਦੇ ਵਿਭਿੰਨ ਵਿਭਾਗਾਂ ਦੀ ਨੁਮਾਇੰਦਗੀ ਕਰਨ ਵਾਲੇ ਲਗਭਗ 200 ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ।
ਵਰਕਸ਼ਾਪ ਦਾ ਉਦੇਸ਼ ਸਰਕਾਰੀ ਅਧਿਕਾਰੀਆਂ ਨੂੰ ਡਿਜੀਟਲ ਪਰਸਨਲ ਡੇਟਾ ਪ੍ਰੋਟੈਕਸ਼ਨ ਐਕਟ, 2023 ਦੇ ਪ੍ਰਾਵਧਾਨਾਂ ਬਾਰੇ ਸੰਵੇਦਨਸ਼ੀਲ ਬਣਾਉਣਾ ਅਤੇ ਵਿਭਾਗਾਂ ਵਿੱਚ ਇਸ ਦੇ ਪ੍ਰਭਾਵੀ ਲਾਗੂਕਰਨ ਲਈ ਸੰਸਥਾਗਤ ਤਿਆਰੀ ਨੂੰ ਮਜ਼ਬੂਤ ਕਰਨਾ ਸੀ।
ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ (ਐੱਨਈਜੀਡੀ/NeGD) ਦੇ ਐਕਸਪਰਟ ਰਿਸੋਰਸ ਪਰਸਨਸ ਨੇ ਐਕਟ ਦੀ ਵਿਧਾਨਕ ਫ੍ਰੇਮਵਰਕ, ਮੁੱਖ ਪਰਿਭਾਸ਼ਾਵਾਂ ਅਤੇ ਸਰਕਾਰੀ ਵਿਭਾਗਾਂ ਲਈ ਇਸ ਦੀ ਵਿਵਹਾਰਕ ਲਾਗੂ ਹੋਣ ਯੋਗਤਾ ਬਾਰੇ ਵਿਸਤ੍ਰਿਤ ਤਕਨੀਕੀ ਸੈਸ਼ਨ ਕਰਵਾਏ। ਪ੍ਰਤੀਭਾਗੀਆਂ ਨੂੰ ਡੇਟਾ ਫਿਡਿਊਸ਼ੀਅਰੀ ਦੀਆਂ ਜ਼ਿੰਮੇਵਾਰੀਆਂ, ਡੇਟਾ ਪ੍ਰਿੰਸੀਪਲਾਂ ਦੇ ਅਧਿਕਾਰ, ਪਰਸਨਲ ਡੇਟਾ ਦੀ ਕਾਨੂੰਨੀ ਪ੍ਰਕਿਰਿਆ, ਸਹਿਮਤੀ ਪ੍ਰਬੰਧਨ, ਉਦੇਸ਼ ਸੀਮਾ, ਡੇਟਾ ਘਟਾਉਣ, ਸੁਰੱਖਿਆ ਬਚਾਅ ਅਤੇ ਉਲੰਘਣਾ ਸੂਚਨਾ ਜ਼ਰੂਰਤਾਂ ਬਾਰੇ ਜਾਣੂ ਕਰਵਾਇਆ ਗਿਆ।
ਸੈਸ਼ਨਾਂ ਵਿੱਚ ਬੱਚਿਆਂ ਦੇ ਡੇਟਾ, ਸ਼ਿਕਾਇਤ ਨਿਵਾਰਣ ਵਿਧੀਆਂ, ਡੇਟਾ ਸੁਰੱਖਿਆ ਅਧਿਕਾਰੀਆਂ ਦੀ ਨਿਯੁਕਤੀ ਅਤੇ ਐਕਟ ਦੇ ਤਹਿਤ ਕਲਪਿਤ ਲਾਗੂ ਕਰਨ ਵਾਲੀ ਫ੍ਰੇਮਵਰਕ ਨਾਲ ਸਬੰਧਿਤ ਪ੍ਰਬੰਧਾਂ 'ਤੇ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ। ਅਧਿਕਾਰੀਆਂ ਨੂੰ ਵਿਭਾਗੀ ਡੇਟਾ ਪ੍ਰਵਾਹਾਂ ਦੀ ਮੈਪਿੰਗ ਕਰਨ ਅਤੇ ਨਵੀਂ ਡੇਟਾ ਸੁਰੱਖਿਆ ਪ੍ਰਣਾਲੀ ਦੇ ਅਨੁਪਾਲਨ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਉਪਾਅ ਅਪਣਾਉਣ ਬਾਰੇ ਗਾਇਡ ਕੀਤਾ ਗਿਆ।
ਇਸ ਅਵਸਰ 'ਤੇ ਬੋਲਦੇ ਹੋਏ, ਚੰਡੀਗੜ੍ਹ ਪ੍ਰਸ਼ਾਸਨ ਦੇ ਡਾਇਰੈਕਟਰ ਸੂਚਨਾ ਟੈਕਨੋਲੋਜੀ ਨੇ ਕਿਹਾ ਕਿ ਇਹ ਵਰਕਸ਼ਾਪ ਜ਼ਿੰਮੇਵਾਰ ਡਿਜੀਟਲ ਸ਼ਾਸਨ ਅਤੇ ਨਾਗਰਿਕ-ਕੇਂਦ੍ਰਿਤ ਸੇਵਾ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਰੇ ਵਿਭਾਗਾਂ ਨੂੰ ਡੀਪੀਡੀਪੀ ਐਕਟ, 2023 ਦੇ ਉਪਬੰਧਾਂ ਦੀ ਸਮਾਂ-ਸੀਮਾ ਵਿੱਚ ਪਾਲਣਾ ਪ੍ਰਾਪਤ ਕਰਨ ਲਈ ਜ਼ਰੂਰੀ ਟ੍ਰੇਨਿੰਗ ਅਤੇ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਵਰਕਸ਼ਾਪ ਤੋਂ ਬਾਅਦ, ਸੂਚਨਾ ਟੈਕਨੋਲੋਜੀ ਵਿਭਾਗ ਪ੍ਰਸ਼ਾਸਨ ਵਿੱਚ ਐਕਟ ਨੂੰ ਲਾਗੂ ਕਰਨ ਵਿੱਚ ਸਹਾਇਤਾ ਲਈ ਵਿਭਾਗ-ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮਾਂ ਅਤੇ ਸਮਰੱਥਾ-ਨਿਰਮਾਣ ਪਹਿਲਾਂ ਦੀ ਇੱਕ ਸੀਰੀਜ਼ ਦਾ ਆਯੋਜਨ ਕਰੇਗਾ। ਇਹ ਪਹਿਲ ਨਾਗਰਿਕਾਂ ਦੇ ਪਰਸਨਲ ਡੇਟਾ ਦੀ ਸੁਰੱਖਿਆ ਲਈ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਨੂੰ ਵਿਕਸਿਤ ਕਰਨ ਅਤੇ ਸੰਸਥਾਗਤ ਵਿਧੀਆਂ ਨੂੰ ਮਜ਼ਬੂਤ ਕਰਨ 'ਤੇ ਵੀ ਕੇਂਦ੍ਰਿਤ ਹੋਵੇਗੀ।
ਇਹ ਵਰਕਸ਼ਾਪ ਨਾਗਰਿਕਾਂ ਦੇ ਗੋਪਨੀਅਤਾ ਅਧਿਕਾਰਾਂ ਦੀ ਰੱਖਿਆ ਕਰਦੇ ਹੋਏ ਇੱਕ ਸੁਰੱਖਿਅਤ, ਪਾਰਦਰਸ਼ੀ ਅਤੇ ਜਵਾਬਦੇਹ ਡਿਜੀਟਲ ਗਵਰਨੈਂਸ ਈਕੋਸਿਸਟਮ ਬਣਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।