
ਢਿੱਲੋਂ ਨੇ ਨਿਤਿਨ ਨਵੀਨ ਨਾਲ ਕੀਤੀ ਮੁਲਾਕਾਤ: ਮਹਾਰਾਜਾ ਰਣਜੀਤ ਸਿੰਘ ਦੀ ਸੋਚ ਨਾਲ ਭਾਜਪਾ ਸ਼ੁਰੂ ਕਰੇਗੀ ‘ਮਿਸ਼ਨ ਪੰਜਾਬ 2027
ਚੰਡੀਗੜ੍ਹ, 5 ਜੂਨ
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿਖੇ ਪਾਰਟੀ ਦੇ ਰਾਸ਼ਟਰੀ ਮੁੱਖ ਦਫ਼ਤਰ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਸ਼੍ਰੀ ਨਿਤਿਨ ਨਵੀਨ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਭਾਜਪਾ ਦੇ ਕੌਮੀ ਸਕੱਤਰ ਅਤੇ ਪੰਜਾਬ ਦੇ ਸਹਿ-ਪ੍ਰਭਾਰੀ ਵਿਧਾਇਕ ਸਰਦਾਰ ਨਰਿੰਦਰ ਸਿੰਘ ਰੈਣਾ ਅਤੇ ਸੂਬਾ ਸੰਗਠਨ ਮਹਾਮੰਤਰੀ ਮੰਥਰੀ ਸ੍ਰੀਨਿਵਾਸੁਲੂ ਵੀ ਮੌਜੂਦ ਸਨ।
ਢਿੱਲੋਂ ਨੇ ਪੰਜਾਬ ਭਾਜਪਾ ਦੀ ਕਮਾਨ ਸੌਂਪਣ ਲਈ ਰਾਸ਼ਟਰੀ ਪ੍ਰਧਾਨ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਪਾਰਟੀ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਣਗੇ ਅਤੇ ਪੰਜਾਬ ਭਰ ਦੇ ਨੇਤਾਵਾਂ, ਅਹੁਦੇਦਾਰਾਂ ਅਤੇ ਕਾਰਕੁਨਾਂ ਨਾਲ ਮਿਲ ਕੇ ਸੰਗਠਨ ਨੂੰ ਹੋਰ ਮਜ਼ਬੂਤ ਕਰਨਗੇ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਰਾਸ਼ਟਰੀ ਲੀਡਰਸ਼ਿਪ ਦੀ ਰਹਿਨੁਮਾਈ ਅਤੇ ਕਾਰਕੁਨਾਂ ਦੇ ਸਾਂਝੇ ਯਤਨਾਂ ਨਾਲ ਭਾਜਪਾ ਪੰਜਾਬ ਵਿੱਚ ਇੱਕ ਮਜ਼ਬੂਤ ਰਾਜਨੀਤਿਕ ਤਾਕਤ ਵਜੋਂ ਉਭਰੇਗੀ ਅਤੇ ਫ਼ਰਵਰੀ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣੇਗੀ।
ਮੁਲਾਕਾਤ ਦੌਰਾਨ ਪੰਜਾਬ ਦੇ ਕਿਸਾਨਾਂ ਦੀ ਭਲਾਈ, ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਲਈ ਰਣਨੀਤੀ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਢਿੱਲੋਂ ਨੇ ਕਿਹਾ ਕਿ ਭਾਜਪਾ ਪੰਜਾਬ ਨੂੰ ਦੇਸ਼ ਦਾ ਸਰਵੋਤਮ ਸੂਬਾ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਲੋਕਾਂ ਦੀ ਸੇਵਾ ਲਈ ਦਿਨ-ਰਾਤ ਮਿਹਨਤ ਕਰੇਗੀ। ਉਨ੍ਹਾਂ ਕੌਮੀ ਪ੍ਰਧਾਨ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਸੂਬੇ ਭਰ ਵਿੱਚ ਬੂਥ ਪੱਧਰ ਤੱਕ ਸੰਗਠਨ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।
ਮੁਲਾਕਾਤ ਦਾ ਇੱਕ ਖ਼ਾਸ ਪਲ ਉਸ ਵੇਲੇ ਆਇਆ ਜਦੋਂ ਕੇਵਲ ਸਿੰਘ ਢਿੱਲੋਂ ਨੇ ਕੌਮੀ ਪ੍ਰਧਾਨ ਨੂੰ ‘ਸ਼ੇਰ-ਏ-ਪੰਜਾਬ’ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਭੇਟ ਕੀਤੀ ਅਤੇ ਉਨ੍ਹਾਂ ਦੇ ‘ਸਰਕਾਰ-ਏ-ਖਾਲਸਾ’ ਰਾਜ ਦੀਆਂ ਸ਼ਾਨਦਾਰ ਉਪਲਬਧੀਆਂ ਅਤੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ। ਢਿੱਲੋਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਿਆਂਪੂਰਨ, ਲੋਕ-ਹਿਤੈਸ਼ੀ ਅਤੇ ਸਮਾਵੇਸ਼ੀ ਸ਼ਾਸਨ ਤੋਂ ਪ੍ਰੇਰਣਾ ਲੈਂਦਿਆਂ ਪੰਜਾਬ ਵਿੱਚ ਭਵਿੱਖ ਦੀ ਭਾਜਪਾ ਸਰਕਾਰ ਦੀ ਰੂਪ-ਰੇਖਾ ਅਤੇ ਵਿਕਾਸ ਮਾਡਲ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਭਾਜਪਾ ਲੀਡਰਸ਼ਿਪ ਨੇ ਪੂਰਾ ਵਿਸ਼ਵਾਸ ਜਤਾਇਆ ਕਿ ਪਾਰਟੀ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਅੱਗੇ ਵਧੇਗੀ ਅਤੇ ਪੰਜਾਬ ਲਈ ਇੱਕ ਸੁਨਹਿਰਾ, ਖੁਸ਼ਹਾਲ ਅਤੇ ਤਰੱਕੀਪਸੰਦ ਭਵਿੱਖ ਯਕੀਨੀ ਬਣਾਏਗੀ।