
ਲਖਨਊ: ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਉੱਤਰ ਪ੍ਰਦੇਸ਼ ਪੁਲਿਸ ਭਰਤੀ ਅਤੇ ਪ੍ਰੋਮੋਸ਼ਨ ਬੋਰਡ ਵੱਲੋਂ ਕਰਵਾਈ ਜਾ ਰਹੀ ਕਾਂਸਟੇਬਲ ਸਿਵਲ ਪੁਲਿਸ ਅਤੇ ਇਸ ਦੇ ਬਰਾਬਰ ਦੇ ਅਹੁਦਿਆਂ ਦੀ ਭਰਤੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੇ ਹਿੱਤ ਵਿੱਚ ਇੱਕ ਅਹਿਮ ਫੈਸਲਾ ਲਿਆ ਹੈ। ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਨੂੰ ਰਾਜ ਆਵਾਜਾਈ ਨਿਗਮ (ਰੋਡਵੇਜ਼) ਦੀਆਂ ਬੱਸਾਂ ਵਿੱਚ ਸਫ਼ਰ ਦੌਰਾਨ ਕਿਰਾਏ 'ਚ 50 ਫੀਸਦੀ ਦੀ ਛੋਟ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਪਾਰਦਰਸ਼ੀ, ਨਿਰਪੱਖ ਅਤੇ ਸੁਖਾਲੀ ਭਰਤੀ ਪ੍ਰਕਿਰਿਆ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਭਰਤੀ ਪ੍ਰੀਖਿਆ ਵਿੱਚ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਉਣ-ਜਾਣ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ, ਤਾਂ ਜੋ ਉਨ੍ਹਾਂ ਨੂੰ ਆਰਥਿਕ ਰਾਹਤ ਮਿਲ ਸਕੇ ਅਤੇ ਪ੍ਰੀਖਿਆ ਕੇਂਦਰ ਤੱਕ ਪਹੁੰਚਣ ਵਿੱਚ ਕੋਈ ਦਿੱਕਤ ਨਾ ਆਵੇ।
29 ਲੱਖ ਉਮੀਦਵਾਰ ਹੋਣਗੇ ਸ਼ਾਮਲ
ਉੱਤਰ ਪ੍ਰਦੇਸ਼ ਪੁਲਿਸ ਭਰਤੀ ਅਤੇ ਪ੍ਰੋਮੋਸ਼ਨ ਬੋਰਡ ਵੱਲੋਂ ਕਰਵਾਈ ਜਾ ਰਹੀ ਕਾਂਸਟੇਬਲ ਸਿਵਲ ਪੁਲਿਸ ਅਤੇ ਇਸ ਦੇ ਬਰਾਬਰ ਦੇ ਅਹੁਦਿਆਂ ਦੀ ਭਰਤੀ ਪ੍ਰੀਖਿਆ 8, 9 ਅਤੇ 10 ਜੂਨ ਨੂੰ ਹਰ ਰੋਜ਼ ਦੋ ਸ਼ਿਫਟਾਂ ਵਿੱਚ ਕਰਵਾਈ ਜਾ ਰਹੀ ਹੈ। ਇਸ ਪ੍ਰੀਖਿਆ ਵਿੱਚ ਲਗਭਗ 29 ਲੱਖ ਉਮੀਦਵਾਰਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਟ੍ਰਾਂਸਪੋਰਟ ਵਿਭਾਗ ਦੀਆਂ ਬੱਸਾਂ ਵਿੱਚ ਮਿਲੇਗਾ ਲਾਭ
ਮੁੱਖ ਮੰਤਰੀ ਦੇ ਫੈਸਲੇ ਅਨੁਸਾਰ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰ ਆਪਣਾ ਐਡਮਿਟ ਕਾਰਡ (ਪ੍ਰਵੇਸ਼ ਪੱਤਰ) ਦਿਖਾ ਕੇ ਉੱਤਰ ਪ੍ਰਦੇਸ਼ ਰਾਜ ਸੜਕ ਆਵਾਜਾਈ ਨਿਗਮ (UPSRTC) ਦੀਆਂ ਬੱਸਾਂ ਵਿੱਚ 50 ਫੀਸਦੀ ਰਿਆਇਤੀ ਕਿਰਾਏ ਦਾ ਲਾਭ ਲੈ ਸਕਣਗੇ। ਇਹ ਵਿਵਸਥਾ ਪ੍ਰੀਖਿਆ ਦੇ ਦਿਨਾਂ ਦੌਰਾਨ ਉਮੀਦਵਾਰਾਂ ਦੀ ਸਹੂਲਤ ਲਈ ਲਾਗੂ ਰਹੇਗੀ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪ੍ਰੀਖਿਆ ਨੂੰ ਸਫ਼ਲ ਅਤੇ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਸਾਰੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ, ਤਾਂ ਜੋ ਉਮੀਦਵਾਰਾਂ ਨੂੰ ਸੁਰੱਖਿਅਤ, ਸੁਖਾਵੇਂ ਅਤੇ ਅਨੁਕੂਲ ਮਾਹੌਲ ਵਿੱਚ ਪ੍ਰੀਖਿਆ ਦੇਣ ਦਾ ਮੌਕਾ ਮਿਲ ਸਕੇ।