
ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚੱਲ ਰਹੀ ਲੜਾਈ ਵਿੱਚ ਲਾਇਬ੍ਰੇਰੀਆਂ (ਪੁਸਤਕਾਲਾ) ਇੱਕ ਨਵੇਂ ਪਰ ਬੇਹੱਦ ਪ੍ਰਭਾਵਸ਼ਾਲੀ ਹਥਿਆਰ ਵਜੋਂ ਉੱਭਰ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸਰਕਾਰੀ ਨਸ਼ਾ ਮੁਕਤੀ ਅਤੇ ਮੁੜ-ਵਸੇਬਾ (ਰੀਹੈਬਲੀਟੇਸ਼ਨ) ਕੇਂਦਰਾਂ ਵਿੱਚ ਸਥਾਪਤ ਕੀਤੀਆਂ ਗਈਆਂ ਲਾਇਬ੍ਰੇਰੀਆਂ ਨਸ਼ੇ ਦੀ ਦਲਦਲ ਵਿੱਚੋਂ ਨਿਕਲ ਰਹੇ ਲੋਕਾਂ ਨੂੰ ਨਸ਼ੇ ਦੀ ਤਲਬ ਨਾਲ ਨਜਿੱਠਣ, ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਅਤੇ ਰਿਕਵਰੀ ਦੌਰਾਨ ਇੱਕ ਹਾਂ-ਪੱਖੀ (ਸਕਾਰਾਤਮਕ) ਦਿਨਚਰਿਆ ਵਿਕਸਿਤ ਕਰਨ ਵਿੱਚ ਮਦਦ ਕਰ ਰਹੀਆਂ ਹਨ।
ਇਨ੍ਹਾਂ ਲਾਇਬ੍ਰੇਰੀਆਂ ਦੀ ਸਥਾਪਨਾ, ਨਵੀਨੀਕਰਨ ਅਤੇ ਰੱਖ-ਰਖਾਅ ਪੰਜਾਬ ਦੇ ‘ਲੀਡਰਸ਼ਿਪ ਇਨ ਮੈਂਟਲ ਹੈਲਥ ਪ੍ਰੋਗਰਾਮ’ ਰਾਹੀਂ ਕੀਤਾ ਗਿਆ ਹੈ। ਇਹ ਇੱਕ ਫੈਲੋਸ਼ਿਪ ਪ੍ਰੋਗਰਾਮ ਹੈ, ਜੋ ਨੌਜਵਾਨਾਂ ਨੂੰ ਸੂਬੇ ਦੀ ਨਸ਼ਾ ਵਿਰੋਧੀ ਮੁਹਿੰਮ ਨਾਲ ਜੋੜਦਾ ਹੈ। ਹੁਣ ਤੱਕ ਫੈਲੋਜ਼ ਨੇ 10 ਜ਼ਿਲ੍ਹਿਆਂ ਦੇ ਸਰਕਾਰੀ ਕੇਂਦਰਾਂ ਵਿੱਚ ਲਾਇਬ੍ਰੇਰੀ ਪਹਿਲਕਦਮੀਆਂ ਦਾ ਸਮਰਥਨ ਕੀਤਾ ਹੈ ਅਤੇ ਸਾਲ ਦੇ ਅੰਤ ਤੱਕ 80 ਫ਼ੀਸਦੀ ਤੋਂ ਵੱਧ ਨਸ਼ਾ ਮੁਕਤੀ ਅਤੇ ਮੁੜ-ਵਸੇਬਾ ਕੇਂਦਰਾਂ ਤੱਕ ਇਸ ਮੁਹਿੰਮ ਦਾ ਵਿਸਥਾਰ ਕਰਨ ਦੀ ਯੋਜਨਾ ਹੈ।
ਧਾਰਮਿਕ ਗ੍ਰੰਥਾਂ, ਸਿੱਖ ਇਤਿਹਾਸ, ਸਾਹਿਤ, ਕਵਿਤਾ, ਜੀਵਨੀ, ਪੰਜਾਬੀ ਸੱਭਿਆਚਾਰ ਅਤੇ ਮਾਨਸਿਕ ਸਿਹਤ ਨਾਲ ਸਬੰਧਤ ਪੁਸਤਕਾਂ ਨਾਲ ਲੈਸ ਇਹ ਲਾਇਬ੍ਰੇਰੀਆਂ ਮਰੀਜ਼ਾਂ ਨੂੰ ਉਹ ਸਮਰੱਥਾ ਵਾਪਸ ਹਾਸਲ ਕਰਨ ਵਿੱਚ ਮਦਦ ਕਰ ਰਹੀਆਂ ਹਨ, ਜਿਸ ਨੂੰ ਨਸ਼ੇ ਦੀ ਆਦਤ ਅਕਸਰ ਖੋਹ ਲੈਂਦੀ ਹੈ—ਯਾਨੀ ਧਿਆਨ ਕੇਂਦਰਿਤ ਕਰਨ ਅਤੇ ਆਤਮ-ਚਿੰਤਨ ਕਰਨ ਦੀ ਸਮਰੱਥਾ।
ਬਠਿੰਡਾ ਸਥਿਤ ਸਰਕਾਰੀ ਨਸ਼ਾ ਮੁਕਤੀ ਅਤੇ ਮੁੜ-ਵਸੇਬਾ ਕੇਂਦਰ ਵਿੱਚ ਕਿਤਾਬਾਂ ਹੁਣ ਇਲਾਜ ਪ੍ਰਕਿਰਿਆ ਦਾ ਅਹਿਮ ਹਿੱਸਾ ਬਣ ਚੁੱਕੀਆਂ ਹਨ। ਮਰੀਜ਼ ਆਪਣੇ ਵਿਹਲੇ ਸਮੇਂ ਵਿੱਚ ਪੜ੍ਹਨ ਵਿੱਚ ਰੁਚੀ ਲੈ ਰਹੇ ਹਨ ਅਤੇ ਅਕਸਰ ਇੱਕ-ਦੂਜੇ ਨਾਲ ਉਨ੍ਹਾਂ ਕਹਾਣੀਆਂ 'ਤੇ ਚਰਚਾ ਕਰਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਆਪਣੇ ਜੀਵਨ ਦੀ ਝਲਕ ਦਿਖਾਈ ਦਿੰਦੀ ਹੈ।
ਬਠਿੰਡਾ ਸਥਿਤ ਪੰਜਾਬ ਸਰਕਾਰ ਦੇ ਨਸ਼ਾ-ਮੁਕਤੀ ਕੇਂਦਰ ਵਿੱਚ ਤਾਇਨਾਤ ਕੌਂਸਲਰ ਸੋਮਾ ਨੇ ਦੱਸਿਆ, “ਪਹਿਲਾਂ ਇੱਥੇ ਕੋਈ ਲਾਇਬ੍ਰੇਰੀ ਨਹੀਂ ਸੀ। ਇੱਥੋਂ ਦੇ ਡਾਕਟਰ ਸਾਹਿਬ ਨੇ ਪਹਿਲਕਦਮੀ ਕਰਕੇ ਇਸ ਨੂੰ ਸ਼ੁਰੂ ਕੀਤਾ। ਜਦੋਂ ਮਰੀਜ਼ ਪੜ੍ਹਨਾ ਸ਼ੁਰੂ ਕਰਦੇ ਹਨ ਤਾਂ ਉਨ੍ਹਾਂ ਦਾ ਧਿਆਨ ਦੂਜੇ ਪਾਸੇ ਲੱਗ ਜਾਂਦਾ ਹੈ। ਉਹ ਕਿਤਾਬਾਂ ਵਿੱਚ ਇੰਨੇ ਮਗਨ ਹੋ ਜਾਂਦੇ ਹਨ ਕਿ ਨਸ਼ੇ ਦੀ ਤਲਬ ਘਟਣ ਲੱਗਦੀ ਹੈ। ਕਹਾਣੀਆਂ, ਕਵਿਤਾਵਾਂ ਅਤੇ ਸਵੈ-ਜੀਵਨੀਆਂ ਖ਼ਾਸ ਤੌਰ 'ਤੇ ਹਰਮਨਪਿਆਰੀਆਂ ਹਨ।”
ਉਨ੍ਹਾਂ ਕਿਹਾ ਕਿ ਪੜ੍ਹਨਾ ਹੁਣ ਨਿਯਮਤ ਕੌਂਸਲਿੰਗ ਸੈਸ਼ਨਾਂ ਦਾ ਇੱਕ ਮਹੱਤਵਪੂਰਨ ਪੂਰਕ ਬਣ ਗਿਆ ਹੈ। ਕਿਤਾਬਾਂ ਮਰੀਜ਼ਾਂ ਨੂੰ ਆਪਣੇ ਜੀਵਨ ਅਤੇ ਭਵਿੱਖ ਬਾਰੇ ਵੱਖਰੇ ਤਰੀਕੇ ਨਾਲ ਸੋਚਣ ਲਈ ਪ੍ਰੇਰਿਤ ਕਰਦੀਆਂ ਹਨ। ਉਹ ਵਧੇਰੇ ਸ਼ਾਂਤ ਹੁੰਦੇ ਹਨ ਅਤੇ ਰਿਕਵਰੀ ਬਾਰੇ ਚਰਚਾ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲੱਗਦੇ ਹਨ। ਪੜ੍ਹਨ ਨਾਲ ਉਨ੍ਹਾਂ ਦੇ ਜੀਵਨ ਵਿੱਚ ਸਕਾਰਾਤਮਕਤਾ ਮੁੜਦੀ ਹੈ।
ਲਾਇਬ੍ਰੇਰੀਆਂ ਦਾ ਪ੍ਰਭਾਵ ਸਿਰਫ਼ ਬਠਿੰਡਾ ਤੱਕ ਹੀ ਸੀਮਤ ਨਹੀਂ ਹੈ। ਹੋਰਨਾਂ ਮੁੜ-ਵਸੇਬਾ ਕੇਂਦਰਾਂ ਵਿੱਚ ਵੀ ਕੌਂਸਲਰਾਂ ਨੇ ਦੇਖਿਆ ਹੈ ਕਿ ਮਰੀਜ਼ ਪੜ੍ਹਨ ਦੀ ਆਦਤ ਰਾਹੀਂ ਸਿਹਤਮੰਦ ਦਿਨਚਰਿਆ ਵਿਕਸਿਤ ਕਰ ਰਹੇ ਹਨ।
ਹੁਸ਼ਿਆਰਪੁਰ ਸਥਿਤ ਪੰਜਾਬ ਸਰਕਾਰ ਦੇ ਨਸ਼ਾ ਮੁਕਤੀ ਕੇਂਦਰ ਵਿੱਚ ਕਲੀਨਿਕਲ ਸਾਈਕੋਲੋਜਿਸਟ ਸੰਦੀਪ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਖ਼ੁਦ ਕਿਤਾਬਾਂ ਰਾਹੀਂ ਕਈ ਲੋਕਾਂ ਦੇ ਜੀਵਨ ਵਿੱਚ ਬਦਲਾਅ ਦੇਖਿਆ ਹੈ। ਉਨ੍ਹਾਂ ਕਿਹਾ, “ਅਸੀਂ ਸਾਲ 2016 ਵਿੱਚ ਆਪਣੇ ਘਰਾਂ ਤੋਂ ਕਿਤਾਬਾਂ ਲਿਆ ਕੇ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਸੀ। ਸਾਲਾਂ ਬੱਧੀ ਨਸ਼ੇ ਕਾਰਨ ਸੰਵੇਦਨਹੀਣ ਹੋ ਚੁੱਕੇ ਮਰੀਜ਼ ਹੌਲੀ-ਹੌਲੀ ਲਾਇਬ੍ਰੇਰੀ ਆਉਣ ਲੱਗੇ। ਬਹੁਤੇ ਮਰੀਜ਼ ਪ੍ਰੇਰਨਾਦਾਇਕ ਕਿਤਾਬਾਂ ਪੜ੍ਹਦੇ ਸਨ, ਜਿਸ ਨਾਲ ਉਨ੍ਹਾਂ ਨੂੰ ਨਸ਼ੇ ਵਿੱਚੋਂ ਉੱਭਰਨ ਅਤੇ ਦੁਬਾਰਾ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਮਿਲੀ। ਇਸੇ ਦੌਰਾਨ ਸਾਨੂੰ ਪਤਾ ਲੱਗਾ ਕਿ ਕਈ ਲੋਕਾਂ ਨੂੰ ਇਹ ਬੁਨਿਆਦੀ ਜਾਣਕਾਰੀ ਵੀ ਨਹੀਂ ਸੀ ਕਿ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਸੂਈਆਂ ਨਾਲ ਐੱਚ.ਆਈ.ਵੀ./ਏਡਜ਼ (HIV/AIDS) ਫੈਲ ਸਕਦਾ ਹੈ। ਸਾਡੀ ਲਾਇਬ੍ਰੇਰੀ ਵਿੱਚ ਜੀਵਨੀਆਂ, ਧਾਰਮਿਕ ਪੁਸਤਕਾਂ ਅਤੇ ਨਸ਼ਾ ਵਿਰੋਧੀ ਸਾਹਿਤ ਬੇਹੱਦ ਮਕਬੂਲ ਹਨ। ਹਾਲਾਂਕਿ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਪੁਸਤਕ ਡਾ. ਨਰਿੰਦਰ ਸਿੰਘ ਕਪੂਰ ਦੀ ‘ਡੂੰਘੀਆਂ ਸਿਖਰਾਂ’ ਹੈ।”
ਸਿੱਖ ਧਰਮ, ਸਿੱਖ ਇਤਿਹਾਸ, ਅਧਿਆਤਮਿਕਤਾ ਅਤੇ ਮਹਾਨ ਸ਼ਖ਼ਸੀਅਤਾਂ ਦੀਆਂ ਜੀਵਨੀਆਂ ਨਾਲ ਸਬੰਧਤ ਪੁਸਤਕਾਂ ਸਭ ਤੋਂ ਵੱਧ ਪਸੰਦ ਕੀਤੀਆਂ ਜਾਂਦੀਆਂ ਹਨ। ਕੌਂਸਲਰਾਂ ਦਾ ਕਹਿਣਾ ਹੈ ਕਿ ਕਈ ਮਰੀਜ਼ ਸੰਘਰਸ਼ ਅਤੇ ਔਖੇ ਸਮੇਂ ਤੋਂ ਬਾਅਦ ਸਫ਼ਲਤਾ ਹਾਸਲ ਕਰਨ ਵਾਲੇ ਲੋਕਾਂ ਦੀਆਂ ਕਹਾਣੀਆਂ ਵੱਲ ਵਿਸ਼ੇਸ਼ ਤੌਰ 'ਤੇ ਆਕਰਸ਼ਿਤ ਹੁੰਦੇ ਹਨ। ਅਜਿਹੀਆਂ ਕਹਾਣੀਆਂ ਉਨ੍ਹਾਂ ਨੂੰ ਆਪਣੇ ਜੀਵਨ ਨਾਲ ਜੁੜੀਆਂ ਹੋਈਆਂ ਮਹਿਸੂਸ ਹੁੰਦੀਆਂ ਹਨ। ਕੇਂਦਰ ਵਿੱਚ ਜ਼ੇਰੇ-ਇਲਾਜ ਇੱਕ ਮਰੀਜ਼ ਨੇ ਦੱਸਿਆ ਕਿ ਪੜ੍ਹਨਾ ਉਸ ਦੇ ਲਈ ਪ੍ਰੇਰਨਾ ਦਾ ਸਰੋਤ ਬਣ ਗਿਆ ਹੈ।
ਕੌਂਸਲਰਾਂ ਦਾ ਕਹਿਣਾ ਹੈ ਕਿ ਅਜਿਹੇ ਤਜਰਬੇ ਹੁਣ ਲਗਾਤਾਰ ਦੇਖਣ ਨੂੰ ਮਿਲ ਰਹੇ ਹਨ। ਜੋ ਮਰੀਜ਼ ਸ਼ੁਰੂਆਤ ਵਿੱਚ ਪੜ੍ਹਨ ਵਿੱਚ ਦਿਲਚਸਪੀ ਨਹੀਂ ਦਿਖਾਉਂਦੇ, ਉਹ ਹੌਲੀ-ਹੌਲੀ ਇਸ ਦੀ ਆਦਤ ਪਾ ਲੈਂਦੇ ਹਨ। ਉਹ ਪਹਿਲਾਂ ਛੋਟੀਆਂ ਅਤੇ ਸੌਖੀਆਂ ਕਿਤਾਬਾਂ ਤੋਂ ਸ਼ੁਰੂਆਤ ਕਰਦੇ ਹਨ ਅਤੇ ਬਾਅਦ ਵਿੱਚ ਇੱਕ-ਦੂਜੇ ਨਾਲ ਕਿਤਾਬਾਂ ਦਾ ਆਦਾਨ-ਪ੍ਰਦਾਨ ਕਰਦੇ ਹਨ, ਪੜ੍ਹੀ ਹੋਈ ਸਮੱਗਰੀ 'ਤੇ ਬਹਿਸ-ਚਰਚਾ ਕਰਦੇ ਹਨ ਅਤੇ ਧਰਮ, ਇਤਿਹਾਸ, ਕਵਿਤਾ ਤੇ ਹੋਰਨਾਂ ਵਿਸ਼ਿਆਂ ਵਿੱਚ ਘੰਟਿਆਂ ਬੱਧੀ ਡੁੱਬੇ ਰਹਿੰਦੇ ਹਨ।
ਕਿਤਾਬ ਦਾ ਇੱਕ ਪੰਨਾ ਪਲਟਣ ਦੀ ਇਸ ਸਰਲ ਪ੍ਰਕਿਰਿਆ ਦੇ ਨਾਲ, ਮੁੱਖ ਮੰਤਰੀ ਭਗਵੰਤ ਮਾਨ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਿਆਂ ਨਾਲ ਜੂਝ ਰਹੇ ਅਨੇਕਾਂ ਲੋਕ ਆਪਣੇ ਜੀਵਨ ਦਾ ਨਵਾਂ ਅਧਿਆਏ ਵੀ ਸ਼ੁਰੂ ਕਰ ਰਹੇ ਹਨ।