
ਕਲਾਸ 11ਵੀਂ ਦੀਆਂ ਖਾਲੀ ਸੀਟਾਂ ’ਤੇ ਦਾਖਲੇ ਲਈ 25 ਜੂਨ ਤੱਕ ਅਰਜ਼ੀਆਂ ਮੰਗੀਆਂ: ਪ੍ਰਿੰਸੀਪਲ ਰੰਜੂ ਦੁੱਗਲ
ਹੁਸ਼ਿਆਰਪੁਰ, 20 ਜੂਨ: ਪੀਐਮ ਸ਼੍ਰੀ ਸਕੂਲ ਜਵਾਹਰ ਨਵੋਦਯਾ ਵਿਦਿਆਲਿਆ, ਫਲਾਹੀ, ਹੁਸ਼ਿਆਰਪੁਰ ਦੀ ਪ੍ਰਿੰਸੀਪਲ ਰੰਜੂ ਦੁੱਗਲ ਨੇ ਦੱਸਿਆ ਕਿ ਸਕੂਲ ਵਿੱਚ ਅਕਾਦਮਿਕ ਸੈਸ਼ਨ 2026-27 ਲਈ ਕਲਾਸ 11ਵੀਂ ਦੀਆਂ ਉਪਲਬੱਧ ਖਾਲੀ ਸੀਟਾਂ ’ਤੇ ਦਾਖਲੇ ਲਈ ਯੋਗ ਵਿਦਿਆਰਥੀਆਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਉਹ ਵਿਦਿਆਰਥੀ, ਜਿਨ੍ਹਾਂ ਨੇ ਅਕਾਦਮਿਕ ਸੈਸ਼ਨ 2025-26 ਦੌਰਾਨ ਕਿਸੇ ਮਾਨਤਾ ਪ੍ਰਾਪਤ ਸਕੂਲ ਤੋਂ ਕਲਾਸ 10ਵੀਂ ਪਾਸ ਕੀਤੀ ਹੋਵੇ ਅਤੇ ਘੱਟੋ-ਘੱਟ 60 ਫੀਸਦੀ ਅੰਕ ਪ੍ਰਾਪਤ ਕੀਤੇ ਹੋਣ, ਅਰਜ਼ੀ ਦੇਣ ਦੇ ਯੋਗ ਹਨ। ਉਮੀਦਵਾਰ ਦੀ ਜਨਮ ਮਿਤੀ 1 ਜੂਨ 2009 ਤੋਂ 31 ਜੁਲਾਈ 2011 ਦੇ ਵਿਚਕਾਰ ਹੋਣੀ ਚਾਹੀਦੀ ਹੈ। ਸਾਇੰਸ ਸਟ੍ਰੀਮ ਵਾਲੇ ਵਿਦਿਆਰਥੀਆਂ ਦੇ ਸਾਇੰਸ ਅਤੇ ਗਣਿਤ ਸਟ੍ਰੀਮ ਵਿੱਚ ਘੱਟੋ-ਘੱਟ 60 ਫੀਸਦੀ ਅੰਕ ਹੋਣੇ ਚਾਹੀਦੇ ਹਨ।
ਪ੍ਰਿੰਸੀਪਲ ਰੰਜੂ ਦੁੱਗਲ ਨੇ ਦੱਸਿਆ ਕਿ ਦਾਖਲਾ ਕਲਾਸ 10ਵੀਂ ਬੋਰਡ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ’ਤੇ ਤਿਆਰ ਕੀਤੀ ਗਈ ਮੈਰਿਟ ਸੂਚੀ ਅਤੇ ਸਕੂਲ ਵਿੱਚ ਉਪਲਬੱਧ ਖਾਲੀ ਸੀਟਾਂ ਅਨੁਸਾਰ ਕੀਤਾ ਜਾਵੇਗਾ। ਦਾਖਲਾ ਪ੍ਰਕਿਰਿਆ ਵਿੱਚ ਪਹਿਲੀ ਤਰਜੀਹ ਸੀਬੀਐਸਈ ਨਾਲ ਸਬੰਧਿਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ। ਜੇਕਰ ਇਸ ਤੋਂ ਬਾਅਦ ਵੀ ਸੀਟਾਂ ਖਾਲੀ ਰਹਿੰਦੀਆਂ ਹਨ ਤਾਂ ਹੋਰ ਮਾਨਤਾ ਪ੍ਰਾਪਤ ਰਾਜ ਬੋਰਡਾਂ ਦੇ ਵਿਦਿਆਰਥੀਆਂ ਨੂੰ ਯੋਗਤਾ ਦੇ ਆਧਾਰ ’ਤੇ ਵਿਚਾਰਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਅਰਜ਼ੀ ਫਾਰਮ ਸਕੂਲ ਦੀ ਵੈੱਬਸਾਈਟ https://navodaya.gov.in/nvs/nvs-school/Hoshiarpur/en/home/ ਅਤੇ http://www.navodaya.gov.in ’ਤੇ ਉਪਲਬੱਧ ਹਨ। ਚਾਹਵਾਨ ਵਿਦਿਆਰਥੀ ਅਰਜ਼ੀ ਫਾਰਮ ਡਾਊਨਲੋਡ ਕਰ ਸਕਦੇ ਹਨ ਜਾਂ ਕੰਮਕਾਜੀ ਦਿਨਾਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਪੀਐਮ ਸ਼੍ਰੀ ਸਕੂਲ ਜਵਾਹਰ ਨਵੋਦਯਾ ਵਿਦਿਆਲਯ, ਫਲਾਹੀ, ਹੁਸ਼ਿਆਰਪੁਰ ਦੇ ਦਫ਼ਤਰ ਤੋਂ ਪ੍ਰਾਪਤ ਕਰ ਸਕਦੇ ਹਨ।
ਪ੍ਰਿੰਸੀਪਲ ਨੇ ਦੱਸਿਆ ਕਿ ਪੂਰੀ ਤਰ੍ਹਾਂ ਭਰੇ ਹੋਏ ਅਰਜ਼ੀ ਫਾਰਮ ਲੋੜੀਂਦੇ ਦਸਤਾਵੇਜ਼ਾਂ ਸਮੇਤ ਨਿੱਜੀ ਤੌਰ ’ਤੇ ਜਾਂ ਸਕੂਲ ਦੀ ਅਧਿਕਾਰਤ ਈ-ਮੇਲ ਆਈਡੀ ’ਤੇ ਭੇਜੇ ਜਾ ਸਕਦੇ ਹਨ। ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 25 ਜੂਨ 2026 ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਯੋਗ ਵਿਦਿਆਰਥੀਆਂ ਨੂੰ ਸਮੇਂ ਸਿਰ ਅਰਜ਼ੀ ਦੇਣ ਦੀ ਅਪੀਲ ਕੀਤੀ।