
ਰੰਜੀਤ ਸ਼ੰਮੀ, ਚੰਡੀਗੜ੍ਹ: ਯੂ.ਟੀ. ਪੁਲਿਸ ਦੀ ਜੁਆਇੰਟ ਆਪ੍ਰੇਸ਼ਨ ਟੀਮ ਨੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੋਲਡੀ ਢਿੱਲੋਂ ਦੇ ਤਿੰਨ ਮੁਲਜ਼ਮ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਫੜੇ ਗਏ ਮੁਲਜ਼ਮਾਂ ਦੀ ਪਛਾਣ:
ਹੈਪੀ ਚਿੱਬ (20 ਸਾਲ): ਜ਼ਿਲ੍ਹਾ ਸਾਂਬਾ (ਜੰਮੂ) ਦਾ ਰਹਿਣ ਵਾਲਾ, ਜਿਸ ਦੇ ਖ਼ਿਲਾਫ਼ ਪਹਿਲਾਂ ਵੀ 6 ਵੱਖ-ਵੱਖ ਮਾਮਲੇ ਦਰਜ ਹਨ। ਪੁਲਿਸ ਨੇ ਇਸ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਰਾਹੁਲ ਕੁਮਾਰ (24 ਸਾਲ): ਵਿਜੇਪੁਰ ਵਿੱਚ ਕੱਪੜੇ ਦੀ ਦੁਕਾਨ 'ਤੇ ਕੰਮ ਕਰਨ ਵਾਲਾ, ਜਿਸ ਦੇ ਖ਼ਿਲਾਫ਼ ਪਹਿਲਾਂ ਵੀ ਦੋ ਮਾਮਲੇ ਦਰਜ ਹਨ। ਇਸ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ।
ਵੰਸ਼ ਸ਼ਰਮਾ (19 ਸਾਲ): ਆਪਣੇ ਪਿਤਾ ਦੀ ਸਬਜ਼ੀ ਵੇਚਣ ਵਿੱਚ ਮਦਦ ਕਰਦਾ ਹੈ। ਪੁਲਿਸ ਨੇ ਇਸ ਦੇ ਕਬਜ਼ੇ ਵਿੱਚੋਂ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਫੜੇ ਗਏ ਇਹ ਤਿੰਨੋਂ ਮੁਲਜ਼ਮ ਜ਼ਿਲ੍ਹਾ ਸਾਂਬਾ, ਜੰਮੂ ਦੇ ਰਹਿਣ ਵਾਲੇ ਹਨ।
ਸ਼ਨੀਵਾਰ ਨੂੰ ਸੈਕਟਰ-9 ਸਥਿਤ ਪੁਲਿਸ ਹੈੱਡਕੁਆਰਟਰ ਵਿੱਚ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਪੀ. ਹੈੱਡਕੁਆਰਟਰ/ਕ੍ਰਾਈਮ ਮਨਜੀਤ ਸ਼ਿਓਰਾਣ ਨੇ ਦੱਸਿਆ ਕਿ ਇਹ ਤਿੰਨੋਂ ਮੁਲਜ਼ਮ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੋਲਡੀ ਢਿੱਲੋਂ ਦੇ ਹੁਕਮਾਂ ਦੀ ਉਡੀਕ ਕਰ ਰਹੇ ਸਨ ਕਿ ਚੰਡੀਗੜ੍ਹ ਵਿੱਚ ਕਿਸ ਜਗ੍ਹਾ 'ਤੇ ਵਾਰਦਾਤ ਨੂੰ ਅੰਜਾਮ ਦੇਣਾ ਹੈ।
ਮੁਸਤੈਦ ਯੂ.ਟੀ. ਪੁਲਿਸ ਨੇ ਪਹਿਲਾਂ ਹੀ ਇਨ੍ਹਾਂ ਗੁਰਗਿਆਂ ਦੇ ਮਨਸੂਬਿਆਂ ਦਾ ਭੰਡਾਫੋੜ ਕਰਕੇ, ਇਨ੍ਹਾਂ ਨੂੰ ਆਧੁਨਿਕ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਅਤੇ ਇੱਕ ਵੱਡੀ ਸਾਜ਼ਿਸ਼ ਨੂੰ ਸਮਾਂ ਰਹਿੰਦੇ ਨਾਕਾਮ ਕਰ ਦਿੱਤਾ।
ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਗੈਂਗ ਦੇ ਹੋਰਨਾਂ ਮੈਂਬਰਾਂ ਅਤੇ ਉਨ੍ਹਾਂ ਦੇ ਨੈੱਟਵਰਕ ਬਾਰੇ ਅਹਿਮ ਜਾਣਕਾਰੀਆਂ ਮਿਲਣ ਦੀ ਸੰਭਾਵਨਾ ਹੈ। ਮਾਮਲੇ ਦੀ ਜਾਂਚ ਲਗਾਤਾਰ ਜਾਰੀ ਹੈ।