
ਮਾਨ ਨੇ ਕਿਹਾ ਕਿ ਉਨ੍ਹਾਂ ਦੇ ਗਲੇ ਦੇ ਕੋਲ ਬਚਪਨ ਤੋਂ ਹੀ ਕੱਟ ਦਾ ਨਿਸ਼ਾਨ ਹੈ, ਪਰ ਉਨ੍ਹਾਂ ਦੀ ਫ਼ਰਜ਼ੀ ਵੀਡੀਓ ਬਣਾਉਣ ਵਾਲੇ ਇਸ ਗੱਲ ਵੱਲ ਧਿਆਨ ਦੇਣ ਤੋਂ ਖੁੰਝ ਗਏ। ਉਨ੍ਹਾਂ ਕਿਹਾ ਕਿ ਇਹ ਸਾਜ਼ਿਸ਼ ਬੇਨਕਾਬ ਹੋਵੇਗੀ।
ਭਗਵੰਤ ਮਾਨ ਨੇ ਇੱਕ ਹੋਰ ਵੀਡੀਓ ਦਿਖਾਉਂਦੇ ਹੋਏ ਇਹ ਵੀ ਸਪੱਸ਼ਟ ਕੀਤਾ ਕਿ ਇਸ ਸਾਜ਼ਿਸ਼ ਵਿੱਚ ਕੈਨੇਡਾ ਵਿੱਚ ਰਹਿਣ ਵਾਲੇ ਜਗਮਨ ਸਮਰਾ ਦਾ ਹੱਥ ਹੈ, ਜਿਸ ਨੇ ਕਾਰ ਵਿੱਚ ਮਾਸਕ ਦੀ ਡਿਲੀਵਰੀ ਲਈ ਅਤੇ ਫਿਰ ਹੱਥ ਵਿੱਚ ਮਾਸਕ ਫੜ ਕੇ 'ਫ਼ੇਸ ਟੂ ਫ਼ੇਸ' ਬੋਲਦਾ ਸੁਣਾਈ ਦੇ ਰਿਹਾ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਵੀਡੀਓ ਪੂਰੀ ਤਰ੍ਹਾਂ ਫ਼ਰਜ਼ੀ ਹੈ ਅਤੇ ਉਨ੍ਹਾਂ ਨੂੰ ਧਾਰਮਿਕ ਤੌਰ 'ਤੇ ਬਦਨਾਮ ਕਰਨ ਦੀ ਵਿਰੋਧੀ ਪਾਰਟੀਆਂ ਦੀ ਸੋਚੀ-ਸਮਝੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਵੀਡੀਓ ਦੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਹੁਣ ਇਸ ਬਾਰੇ ਕੋਈ ਸਫ਼ਾਈ ਦੇਣ ਦੀ ਲੋੜ ਹੈ। ਹੁਣ ਨਾਨਕ ਨਾਮ ਲੇਵਾ ਸੰਗਤ ਦਾ ਜੋ ਵੀ ਫੈਸਲਾ ਹੋਵੇਗਾ, ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ।
ਮੋਹਾਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਦਾਅਵਾ ਕੀਤਾ ਕਿ ਉਹ 2016 ਤੋਂ ਬਾਅਦ ਕਦੇ ਕੈਨੇਡਾ ਨਹੀਂ ਗਏ। ਵੀਡੀਓ ਵਿੱਚ ਦਿਖਾਇਆ ਗਿਆ ਕਮਰਾ ਕੈਨੇਡਾ ਦੇ ਐਬਟਸਫੋਰਡ ਸਥਿਤ ਇੱਕ ਹੋਟਲ ਦਾ ਹੈ।
ਕਮਰੇ ਦਾ ਡਿਜ਼ਾਈਨ ਦਰਸਾਉਂਦਾ ਹੈ ਕਿ ਇਹ ਸਾਲ 2017-18 ਤੋਂ ਬਾਅਦ ਦਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਨੇ ਕੈਨੇਡਾ ਵਿੱਚ ਇੱਕ ਹੋਟਲ ਦਾ ਕਮਰਾ ਬੁੱਕ ਕਰਕੇ, ਉਨ੍ਹਾਂ ਦੇ ਕਦ-ਕਾਠੀ ਨਾਲ ਮਿਲਦੇ-ਜੁਲਦੇ ਵਿਅਕਤੀ ਨੂੰ ਮੇਰੇ ਚਿਹਰੇ ਦਾ ਮਾਸਕ ਪਹਿਨਾ ਕੇ ਇਹ ਵੀਡੀਓ ਸ਼ੂਟ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਤਰ੍ਹਾਂ ਦੀਆਂ ਕਈ ਵੀਡੀਓਜ਼ ਉਸੇ ਦਿਨ ਉੱਥੇ ਤਿਆਰ ਕੀਤੀਆਂ ਗਈਆਂ ਸਨ।
ਉਨ੍ਹਾਂ ਸਵਾਲ ਚੁੱਕਿਆ ਕਿ ਆਖਿਰ ਕਿਵੇਂ ਕਿਸੇ ਹੋਟਲ ਵਿੱਚ ਗੁਰੂ ਸਾਹਿਬ ਦੀਆਂ ਤਸਵੀਰਾਂ ਲੱਗੀਆਂ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਾਜ਼ਿਸ਼ ਵਿੱਚ ਬਲੈਕਮੇਲਰ ਜਗਮਨ ਸਮਰਾ ਦੀ ਵੱਡੀ ਭੂਮਿਕਾ ਰਹੀ ਹੈ।