
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ-ਮੁਕਤ ਅਤੇ ਗੈਂਗਸਟਰ-ਮੁਕਤ ਬਣਾਉਣ ਲਈ ਕੀਤੇ ਜਾ ਰਹੇ ਇਤਿਹਾਸਕ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ। ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਪੰਜਾਬ ਦੀ ਧਰਤੀ ਤੋਂ ਇਨ੍ਹਾਂ ਦੋ ਵੱਡੀਆਂ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਲਗਾਤਾਰ ਇੱਕ ਵੱਡੀ ਲੜਾਈ ਲੜ ਰਹੀ ਹੈ।
ਸ਼ੁੱਕਰਵਾਰ ਨੂੰ ਪਾਰਟੀ ਦਫ਼ਤਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਮਾਨ ਸਰਕਾਰ ਦੀ ਇਹ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਵਿੱਚੋਂ ਨਸ਼ੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਜਾਂਦੇ ਅਤੇ ਹਰ ਇੱਕ ਗੈਂਗਸਟਰ ਸਲਾਖਾਂ ਦੇ ਪਿੱਛੇ ਨਹੀਂ ਚਲਾ ਜਾਂਦਾ।
ਧਾਲੀਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਪੁਲਿਸ ਦੁਆਰਾ ਸ਼ੁਰੂ ਕੀਤੀ ਗਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। 1 ਮਾਰਚ 2025 ਤੋਂ 25 ਜੂਨ 2026 ਤੱਕ ਪੁਲਿਸ ਨੇ ਕੁੱਲ 5091 ਕੇਸ ਦਰਜ ਕੀਤੇ ਹਨ ਅਤੇ 7105 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ, ਜਿਸ ਵਿੱਚ 3103 ਕਿਲੋਗ੍ਰਾਮ ਹੈਰੋਇਨ, 2.4 ਕਿਲੋਗ੍ਰਾਮ ਸਮੈਕ, 831 ਕਿਲੋਗ੍ਰਾਮ ਅਫ਼ੀਮ, 6 ਕੁਇੰਟਲ 74 ਕਿਲੋਗ੍ਰਾਮ ਪੋਸਤ, 84 ਕੁਇੰਟਲ 789 ਕਿਲੋਗ੍ਰਾਮ ਹਸ਼ੀਸ਼, 10 ਕੁਇੰਟਲ ਗਾਂਜਾ, 4 ਕੁਇੰਟਲ ਕੋਕੀਨ, 5 ਕੁਇੰਟਲ ਆਈਸ ਅਤੇ 165 ਕਿਲੋਗ੍ਰਾਮ ਨਸ਼ੀਲਾ ਪਾਊਡਰ ਸ਼ਾਮਲ ਹੈ। ਇਸ ਤੋਂ ਇਲਾਵਾ ਤਸਕਰਾਂ ਕੋਲੋਂ 2100 ਨਸ਼ੀਲੇ ਪਦਾਰਥ, ਇੰਜੈਕਸ਼ਨ ਅਤੇ ਕੈਪਸੂਲ ਬਰਾਮਦ ਕੀਤੇ ਗਏ ਹਨ, ਨਾਲ ਹੀ ਰਿਕਾਰਡ 18 ਕਰੋੜ 73 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੀ ਇਹ ਪਹਿਲੀ ਅਜਿਹੀ ਸਰਕਾਰ ਹੈ ਜਿਸ ਨੇ ਵੱਡੇ ਡਰੱਗ ਡੀਲਰਾਂ ਅਤੇ ਤਸਕਰਾਂ ਦੇ ਘਰ ਢਾਹੇ ਹਨ। ਪੰਜਾਬ ਪੁਲਿਸ ਜ਼ਮੀਨੀ ਪੱਧਰ 'ਤੇ ਪੂਰੀ ਤਰ੍ਹਾਂ ਲੱਗੀ ਹੋਈ ਹੈ। ਹਾਲਾਂਕਿ, ਉਨ੍ਹਾਂ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਸਹਿਯੋਗ ਨਾ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਪੰਜਾਬ ਦੀ 532 ਕਿਲੋਮੀਟਰ ਲੰਬੀ ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿਸਤਾਨ ਤੋਂ ਡਰੋਨ ਰਾਹੀਂ ਨਸ਼ੇ ਅਤੇ ਹਥਿਆਰ ਭੇਜੇ ਜਾ ਰਹੇ ਹਨ, ਜੋ ਸਾਡੀ ਪੁਲਿਸ ਲਈ ਇੱਕ ਵੱਡੀ ਚੁਣੌਤੀ ਹੈ।
ਧਾਲੀਵਾਲ ਨੇ ਅੱਗੇ ਕਿਹਾ ਕਿ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨ ਪੂਰੀ ਕੋਸ਼ਿਸ਼ ਕਰਦੇ ਹਨ, ਪਰ ਤਕਨਾਲੋਜੀ ਦੀ ਘਾਟ ਕਾਰਨ ਕਦੇ-ਕਦੇ ਡਰੋਨ ਨਸ਼ੇ ਜਾਂ ਹਥਿਆਰ ਸੁੱਟ ਕੇ ਵਾਪਸ ਚਲੇ ਜਾਂਦੇ ਹਨ। ਜੇਕਰ ਕੇਂਦਰ ਸਰਕਾਰ ਨੇ ਸਾਡੀ ਮੰਗ ਅਨੁਸਾਰ ਸਰਹੱਦ 'ਤੇ 'ਐਂਟੀ-ਡਰੋਨ ਸਿਸਟਮ' ਦਿੱਤਾ ਹੁੰਦਾ, ਤਾਂ ਹੁਣ ਤੱਕ ਪੰਜਾਬ ਵਿੱਚੋਂ ਨਸ਼ਾ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੁੰਦਾ।
ਧਾਲੀਵਾਲ ਨੇ ਕੇਂਦਰ ਦੀ ਭਾਜਪਾ ਸਰਕਾਰ ਦੀ ਨੀਅਤ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬ ਵਿੱਚ ਨਸ਼ੇ ਅਤੇ ਗੈਂਗਸਟਰ ਖ਼ਤਮ ਹੋਣ। ਉਹ ਚਾਹੁੰਦੇ ਹਨ ਕਿ ਪੰਜਾਬ ਦਾ ਮਾਹੌਲ ਹਮੇਸ਼ਾ ਤਣਾਅਪੂਰਨ ਬਣਿਆ ਰਹੇ ਅਤੇ ਸੂਬੇ ਦੇ ਨੌਜਵਾਨ ਨਸ਼ਿਆਂ ਦੇ ਦਲਦਲ ਵਿੱਚ ਫਸੇ ਰਹਿਣ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਕਈ ਨਸ਼ਾ ਤਸਕਰ ਵੀ ਪੰਜਾਬ ਵਿੱਚ ਫੜੇ ਗਏ ਹਨ, ਜੋ ਇਸ ਦੇ ਪਿੱਛੇ ਦੀ ਡੂੰਘੀ ਸਾਜ਼ਿਸ਼ ਨੂੰ ਦਰਸਾਉਂਦਾ ਹੈ। ਇਸ ਦੇ ਬਾਵਜੂਦ, ਸੂਬੇ ਦੇ ਡੀ.ਜੀ.ਪੀ. ਵੱਲੋਂ ਸ਼ੁਰੂ ਕੀਤੀ ਗਈ 'ਗੈਂਗਸਟਰਾਂ ਤੇ ਵਾਰ' ਮੁਹਿੰਮ ਤਹਿਤ 562 ਥਾਵਾਂ 'ਤੇ ਛਾਪੇਮਾਰੀ ਕਰਕੇ 332 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 147 ਖ਼ਤਰਨਾਕ ਅਪਰਾਧੀ ਸ਼ਾਮਲ ਹਨ, ਜਿਨ੍ਹਾਂ ਤੋਂ ਵੱਡੀਆਂ ਵਾਰਦਾਤਾਂ ਦਾ ਖ਼ਤਰਾ ਸੀ। ਹੁਣ ਤੱਕ ਗ੍ਰਿਫ਼ਤਾਰੀਆਂ ਦੀ ਕੁੱਲ ਸੰਖਿਆ 40,353 ਹੋ ਗਈ ਹੈ। ਇਸ ਦੇ ਲਈ ਸਰਕਾਰ ਨੇ ਇੱਕ ਹੈਲਪਲਾਈਨ ਨੰਬਰ 93946-93946 ਜਾਰੀ ਕੀਤਾ ਸੀ, ਤਾਂ ਜੋ ਆਮ ਜਨਤਾ ਬਿਨਾਂ ਕਿਸੇ ਡਰ ਦੇ ਗੈਂਗਸਟਰਾਂ ਖ਼ਿਲਾਫ਼ ਜਾਣਕਾਰੀ ਦੇ ਸਕੇ, ਜਿਸ ਨੂੰ ਜਨਤਾ ਦਾ ਪੂਰਾ ਸਮਰਥਨ ਮਿਲਿਆ।
ਉਨ੍ਹਾਂ ਅੱਗੇ ਕਿਹਾ ਕਿ ਦੁਬਈ, ਇੰਗਲੈਂਡ ਅਤੇ ਕੈਨੇਡਾ ਵਰਗੇ ਵਿਦੇਸ਼ਾਂ ਤੋਂ ਪੰਜਾਬ ਵਿੱਚ ਕੰਮ ਕਰ ਰਹੇ ਗੈਂਗਸਟਰ ਸਾਡੇ ਲਈ ਇੱਕ ਵੱਡੀ ਚੁਣੌਤੀ ਹਨ। ਮਾਨ ਸਰਕਾਰ ਉਨ੍ਹਾਂ ਦੇ ਸਾਰੇ ਟਿਕਾਣਿਆਂ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ, ਪਰ ਵਿਦੇਸ਼ਾਂ ਵਿੱਚ ਬੈਠੇ ਇਨ੍ਹਾਂ ਅਪਰਾਧੀਆਂ ਨੂੰ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਦੀ ਮਦਦ ਜ਼ਰੂਰੀ ਹੈ, ਜੋ ਭਾਜਪਾ ਦੀ ਗਲਤ ਨੀਅਤ ਕਾਰਨ ਨਹੀਂ ਮਿਲ ਰਹੀ। ਜੇਕਰ ਕੇਂਦਰ ਸਹੀ ਨੀਅਤ ਨਾਲ ਮਦਦ ਕਰੇ, ਤਾਂ ਇਹ ਮਸਲੇ ਪਲ ਭਰ ਵਿੱਚ ਹੱਲ ਹੋ ਸਕਦੇ ਹਨ।
ਕੁਲਦੀਪ ਧਾਲੀਵਾਲ ਨੇ ਮਾਨ ਸਰਕਾਰ ਦੀਆਂ ਜਨਹਿਤ ਨੀਤੀਆਂ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇੱਕ ਪਾਸੇ ਜਿੱਥੇ ਸਰਕਾਰ ਜ਼ੁਰਮ ਖ਼ਿਲਾਫ਼ ਸਖ਼ਤ ਹੈ, ਉੱਥੇ ਹੀ ਦੂਜੇ ਪਾਸੇ ਆਮ ਲੋਕਾਂ ਨੂੰ ਵੱਡੀ ਰਾਹਤ ਵੀ ਦੇ ਰਹੀ ਹੈ। ਮਾਨ ਸਰਕਾਰ ਨੇ ਮਾਤਾਵਾਂ-ਭੈਣਾਂ ਨੂੰ ਹਰ ਮਹੀਨੇ 1000 ਅਤੇ 1500 ਰੁਪਏ ਦੀ ਵਿੱਤੀ ਸਹਾਇਤਾ, ਪੰਜਾਬ ਦੇ ਹਰ ਘਰ ਨੂੰ 600 ਯੂਨਿਟ ਮੁਫ਼ਤ ਬਿਜਲੀ, ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਹੈਲਥ ਕਾਰਡ ਅਤੇ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਇਤਿਹਾਸਕ ਕੰਮ ਕੀਤਾ ਹੈ। ਆਮ ਆਦਮੀ ਪਾਰਟੀ ਪੰਜਾਬ ਦੀ ਖੁਸ਼ਹਾਲੀ ਅਤੇ ਸੁਰੱਖਿਆ ਲਈ ਹਰ ਮੋਰਚੇ 'ਤੇ ਵਚਨਬੱਧ ਹੈ।