
Gurugram: 4 Shooters Killed: ਹਰਿਆਣਾ ਦੇ ਗੁਰੂਗ੍ਰਾਮ ਵਿੱਚ ਵੀਰਵਾਰ ਰਾਤ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਭਿਆਨਕ ਮੁਠਭੇੜ ਹੋ ਗਈ। ਜਿਸ ਵਿੱਚ ਪੁਲਿਸ ਨੇ 4 ਬਦਮਾਸ਼ਾਂ ਨੂੰ ਢੇਰ ਕਰ ਦਿੱਤਾ, ਜਦੋਂ ਕਿ ਇੱਕ ਹੋਰ ਬਦਮਾਸ਼ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ, ਜਿਸ ਦਾ ਇਲਾਜ ਚੱਲ ਰਿਹਾ ਹੈ। ਇਸ ਮੁਠਭੇੜ ਵਿੱਚ 3 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ, ਹਾਲਾਂਕਿ ਉਹ ਖ਼ਤਰੇ ਤੋਂ ਬਾਹਰ ਹਨ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਅਤੇ ਬਦਮਾਸ਼ਾਂ ਦੀ ਮੁਠਭੇੜ ਵਿੱਚ ਦੋਵਾਂ ਪਾਸਿਆਂ ਤੋਂ ਕਰੀਬ 20 ਰਾਊਂਡ ਤੋਂ ਵੱਧ ਫਾਇਰਿੰਗ ਹੋਈ। ਮਾਰੇ ਗਏ ਬਦਮਾਸ਼ ਵਿਦੇਸ਼ ਵਿੱਚ ਬੈਠੇ ਦੀਪਕ ਨਾਂਦਲ ਗੈਂਗ ਦੇ ਦੱਸੇ ਜਾ ਰਹੇ ਹਨ ਅਤੇ ਉਹ ਕਾਲੇ ਰੰਗ ਦੀ ਸਕਾਰਪੀਓ ਵਿੱਚ ਆਏ ਹੋਏ ਸਨ। ਪੁਲਿਸ ਨੇ ਸਕਾਰਪੀਓ ਨੂੰ ਜ਼ਬਤ ਕਰ ਲਿਆ ਹੈ।
ਗੁਰੂਗ੍ਰਾਮ ਵਿੱਚ ਕਿਸ ਜਗ੍ਹਾ ਹੋਇਆ ਐਨਕਾਊਂਟਰ? ਗੁਰੂਗ੍ਰਾਮ ਦੇ ਸੁਸ਼ਾਂਤ ਲੋਕ ਇਲਾਕੇ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਇਹ ਤਾਬੜਤੋੜ ਮੁਠਭੇੜ ਹੋਈ ਅਤੇ ਪੂਰਾ ਇਲਾਕਾ ਗੋਲੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ। ਗੋਲੀਆਂ ਦੀ ਆਵਾਜ਼ ਨਾਲ ਆਸ-ਪਾਸ ਦੇ ਲੋਕ ਵੀ ਦਹਿਸ਼ਤ ਵਿੱਚ ਆ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਬਦਮਾਸ਼ ਫਿਰੌਤੀ ਦੀ ਮੰਗ ਨੂੰ ਲੈ ਕੇ SGT ਯੂਨੀਵਰਸਿਟੀ ਦੇ ਫਾਊਂਡਰ ਦੇ ਬੇਟੇ ਦੇ ਘਰ ਗੋਲੀਬਾਰੀ ਕਰਨ ਆਏ ਸਨ। ਬਦਮਾਸ਼ਾਂ ਨੇ ਕਾਰੋਬਾਰੀ ਨੂੰ ਪਹਿਲਾਂ ਹੀ ਡਰਾ-ਧਮਕਾ ਕੇ ਉਸ ਦੇ ਹੀ ਘਰ ਵਿੱਚ ਬੰਧਕ ਬਣਾਇਆ ਹੋਇਆ ਸੀ। ਇਸ ਦੌਰਾਨ ਜਦੋਂ ਇਸ ਪੂਰੇ ਮਾਮਲੇ ਦੀ ਸੂਚਨਾ ਗੁਰੂਗ੍ਰਾਮ ਪੁਲਿਸ ਤੱਕ ਪਹੁੰਚੀ, ਤਾਂ ਬਿਨਾਂ ਕੋਈ ਦੇਰੀ ਕੀਤੇ ਪੁਲਿਸ ਫੋਰਸ ਨੇ ਪੂਰੀ ਤਿਆਰੀ ਨਾਲ ਇਲਾਕੇ ਦੀ ਘੇਰਾਬੰਦੀ ਕਰ ਲਈ ਅਤੇ ਬਦਮਾਸ਼ਾਂ ਨੂੰ ਘੇਰ ਲਿਆ।
ਘੇਰਾਬੰਦੀ ਦੇਖ ਭੜਕੇ ਬਦਮਾਸ਼, ਪੁਲਿਸ 'ਤੇ ਕੀਤੀ ਫਾਇਰਿੰਗ ਦੱਸਿਆ ਜਾਂਦਾ ਹੈ ਕਿ ਇਲਾਕੇ ਵਿੱਚ ਖ਼ੁਦ ਨੂੰ ਪੁਲਿਸ ਨਾਲ ਘਿਰਿਆ ਦੇਖ ਕੇ ਬਦਮਾਸ਼ਾਂ ਨੇ ਪੁਲਿਸ ਟੀਮ 'ਤੇ ਫਾਇਰਿੰਗ ਕਰ ਦਿੱਤੀ। ਬਦਮਾਸ਼ ਬਚ ਕੇ ਨਿਕਲਣ ਦੀ ਕੋਸ਼ਿਸ਼ ਵਿੱਚ ਸਨ, ਪਰ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ। ਜਿਸ ਵਿੱਚ ਪੰਜ ਬਦਮਾਸ਼ਾਂ ਨੂੰ ਗੋਲੀ ਲੱਗੀ। 4 ਬਦਮਾਸ਼ਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਦੀ ਹਾਲਤ ਗੰਭੀਰ ਹੈ। ਇਹ ਸਾਰੇ ਬਦਮਾਸ਼ ਵਿਦੇਸ਼ ਵਿੱਚ ਬੈਠੇ ਦੀਪਕ ਨਾਂਦਲ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸਨ ਅਤੇ ਕਾਰੋਬਾਰੀ ਨੂੰ ਬੰਧਕ ਬਣਾ ਕੇ ਉਸ ਕੋਲੋਂ ਫਿਰੌਤੀ ਵਸੂਲੀ ਜਾ ਰਹੀ ਸੀ। ਫਿਲਹਾਲ ਪੁਲਿਸ ਦੀ ਇਹ ਪ੍ਰਭਾਵਸ਼ਾਲੀ ਕਾਰਵਾਈ ਦੀਪਕ ਨਾਂਦਲ ਗੈਂਗ ਲਈ ਇੱਕ ਵੱਡਾ ਝਟਕਾ ਹੈ। ਇਸ ਮੁਠਭੇੜ ਤੋਂ ਬਾਅਦ ਪੁਲਿਸ ਅਗਲੇਰੀ ਬਣਦੀ ਕਾਰਵਾਈ ਕਰ ਰਹੀ ਹੈ। ਮੁਠਭੇੜ ਵਾਲੀ ਥਾਂ 'ਤੇ ਐਫਐਸਐਲ (FSL) ਦੀ ਟੀਮ ਨੇ ਪਹੁੰਚ ਕੇ ਜਾਂਚ ਕੀਤੀ ਹੈ।