
ਜੰਮੂ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਕਥਿਤ ਤੌਰ 'ਤੇ "ਝੂਠੇ, ਬੇਬੁਨਿਆਦ ਅਤੇ ਮਾਣਹਾਨੀਕਾਰਕ" ਦੋਸ਼ ਲਗਾਉਣ ਦੇ ਮਾਮਲੇ ਵਿੱਚ 100 ਕਰੋੜ ਰੁਪਏ ਦੇ ਮਾਣਹਾਨੀ ਦਾਅਵੇ ਦੀ ਚੇਤਾਵਨੀ ਦਿੰਦਿਆਂ ਕਾਨੂੰਨੀ ਨੋਟਿਸ ਭੇਜਿਆ ਹੈ।
ਜੰਮੂ-ਕਸ਼ਮੀਰ ਭਾਜਪਾ ਪ੍ਰਧਾਨ ਅਤੇ ਰਾਜਸਭਾ ਮੈਂਬਰ ਸਤਪਾਲ ਸ਼ਰਮਾ ਵੱਲੋਂ ਐਡਵੋਕੇਟ ਪਰਿਮੋਕਸ਼ ਸੇਠ ਰਾਹੀਂ ਜਾਰੀ ਕੀਤੇ ਨੋਟਿਸ ਵਿੱਚ ਮੁੱਖ ਮੰਤਰੀ ਨੂੰ ਸੱਤ ਦਿਨਾਂ ਦੇ ਅੰਦਰ ਆਪਣੇ ਦੋਸ਼ ਲਿਖਤੀ ਰੂਪ ਵਿੱਚ ਵਾਪਸ ਲੈਣ ਅਤੇ ਬਿਨਾਂ ਸ਼ਰਤ ਜਨਤਕ ਤੌਰ 'ਤੇ ਮੁਆਫੀ ਮੰਗਣ ਲਈ ਕਿਹਾ ਗਿਆ ਹੈ।
ਨੋਟਿਸ ਮੁਤਾਬਕ, 11 ਜੁਲਾਈ 2026 ਨੂੰ ਸ੍ਰੀਨਗਰ ਵਿੱਚ ਹੋਈ ਇੱਕ ਕਾਨਫਰੰਸ ਦੌਰਾਨ ਉਮਰ ਅਬਦੁੱਲਾ ਨੇ ਦੋਸ਼ ਲਾਇਆ ਸੀ ਕਿ ਭਾਜਪਾ ਦੇ ਇੱਕ ਅਹੁਦੇਦਾਰ ਨੇ ਜੰਮੂ ਖੇਤਰ ਦੇ ਨੈਸ਼ਨਲ ਕਾਨਫਰੰਸ (ਨੇਕਾਂ) ਦੇ ਵਿਧਾਇਕਾਂ ਨੂੰ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਲਈ 20 ਤੋਂ 30 ਕਰੋੜ ਰੁਪਏ, ਮੰਤਰੀ ਅਹੁਦਾ ਅਤੇ ਜੰਮੂ-ਕਸ਼ਮੀਰ ਨੂੰ ਦੁਬਾਰਾ ਰਾਜ ਦਾ ਦਰਜਾ ਦਿਵਾਉਣ ਦਾ ਭਰੋਸਾ ਦਿੱਤਾ ਸੀ।
ਸੀਐਮ ਉਮਰ ਅਬਦੁੱਲਾ ਨੇ ਕੀ ਦਾਅਵਾ ਕੀਤਾ ਸੀ? ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਭਾਜਪਾ ਦਾ ਇੱਕ ਸੀਨੀਅਰ ਅਹੁਦੇਦਾਰ, ਜੋ ਸੁਪਰੀਮ ਕੋਰਟ ਵਿੱਚ ਐਡਵੋਕੇਟ ਵੀ ਹੈ, ਨੇਕਾਂ ਵਿਧਾਇਕਾਂ ਨੂੰ ਕਥਿਤ ਤੌਰ 'ਤੇ ਰਿਸ਼ਵਤ ਦੀ ਪੇਸ਼ਕਸ਼ ਕਰ ਰਿਹਾ ਸੀ। ਭਾਜਪਾ ਨੇ ਇਹਨਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਝੂਠੇ, ਮੰਦਭਾਗੇ ਅਤੇ ਤੱਥਹੀਣ ਕਰਾਰ ਦਿੰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਦੇ ਬਿਆਨ ਦਾ ਪ੍ਰਿੰਟ, ਇਲੈਕਟ੍ਰਾਨਿਕ ਅਤੇ ਇੰਟਰਨੈੱਟ ਮੀਡੀਆ ਦੇ ਵੱਖ-ਵੱਖ ਮਾਧਿਅਮਾਂ ਰਾਹੀਂ ਵਿਆਪਕ ਪ੍ਰਚਾਰ ਹੋਇਆ, ਜਿਸ ਨਾਲ ਪਾਰਟੀ ਦੇ ਅਕਸ ਅਤੇ ਜਨਤਕ ਸਾਖ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ।
ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਦੋਸ਼ ਮਾਣਹਾਨੀ ਦੇ ਦਾਇਰੇ ਵਿੱਚ ਆਉਂਦੇ ਹਨ ਅਤੇ ਇਨ੍ਹਾਂ ਦੇ ਆਧਾਰ 'ਤੇ ਦੀਵਾਨੀ (ਸਿਵਲ) ਅਤੇ ਫੌਜਦਾਰੀ (ਕ੍ਰਿਮੀਨਲ), ਦੋਵੇਂ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਭਾਜਪਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੱਤ ਦਿਨਾਂ ਦੇ ਅੰਦਰ ਦੋਸ਼ ਵਾਪਸ ਲੈ ਕੇ ਜਨਤਕ ਤੌਰ 'ਤੇ ਮੁਆਫੀ ਨਾ ਮੰਗੀ ਗਈ, ਤਾਂ ਪਾਰਟੀ ਮੁੱਖ ਮੰਤਰੀ ਖਿਲਾਫ 100 ਕਰੋੜ ਰੁਪਏ ਦੇ ਮਾਣਹਾਨੀ ਦਾਅਵੇ ਸਮੇਤ ਹੋਰ ਕਾਨੂੰਨੀ ਕਾਰਵਾਈ ਸ਼ੁਰੂ ਕਰੇਗੀ।
ਬੀਜੇਪੀ ਨੇ ਸੀਐਮ ਨੂੰ ਕੀ ਚੇਤਾਵਨੀ ਦਿੱਤੀ? ਭਾਜਪਾ ਨੇ ਮੁੱਖ ਮੰਤਰੀ ਨੂੰ ਭਵਿੱਖ ਵਿੱਚ ਵੀ ਪਾਰਟੀ ਵਿਰੁੱਧ ਕਿਸੇ ਵੀ ਕਿਸਮ ਦੇ ਕਥਿਤ ਝੂਠੇ, ਗੁੰਮਰਾਹਕੁੰਨ ਜਾਂ ਮਾਣਹਾਨੀਕਾਰਕ ਬਿਆਨ ਦੇਣ ਜਾਂ ਪ੍ਰਕਾਸ਼ਿਤ ਕਰਵਾਉਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ।
ਨੋਟਿਸ ਵਿੱਚ ਭਾਜਪਾ ਨੇ ਇਹ ਵੀ ਕਿਹਾ ਹੈ ਕਿ ਉਹ 14 ਕਰੋੜ ਤੋਂ ਵੱਧ ਰਜਿਸਟਰਡ ਮੈਂਬਰਾਂ ਵਾਲੀ ਵਿਸ਼ਵ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੂੰ ਇੱਕ ਗਲੋਬਲ ਸ਼ਕਤੀ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ।