Arth Parkash : Latest Hindi News, News in Hindi
ਸਾਂਝ ਰਾਹਤ ਕੇਂਦਰ’ ਮਹਿਲਾਵਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦਾ ਮਜ਼ਬੂਤ ਕਮਿਊਨਿਟੀ ਪੁਲਿਸਿੰਗ ਮਾਡਲ ਬਣ ਕੇ ਉੱਭਰੇ ਸਾਂਝ ਰਾਹਤ ਕੇਂਦਰ’ ਮਹਿਲਾਵਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦਾ ਮਜ਼ਬੂਤ ਕਮਿਊਨਿਟੀ ਪੁਲਿਸਿੰਗ ਮਾਡਲ ਬਣ ਕੇ ਉੱਭਰੇ
Monday, 13 Jul 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ

‘ਸਾਂਝ ਰਾਹਤ ਕੇਂਦਰ’ ਮਹਿਲਾਵਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦਾ ਮਜ਼ਬੂਤ ਕਮਿਊਨਿਟੀ ਪੁਲਿਸਿੰਗ ਮਾਡਲ ਬਣ ਕੇ ਉੱਭਰੇ

ਸਾਂਝ ਰਾਹਤ ਕੇਂਦਰਾਂ ਨੇ 1,656 ਮਾਮਲਿਆਂ ਦੀ ਸਕ੍ਰੀਨਿੰਗ ਕੀਤੀ ਅਤੇ 1,069 ਮਾਮਲੇ ਦਰਜ ਕੀਤੇ

’ਸਾਂਝ ਰਾਹਤ ਕੇਂਦਰ’ ਸੰਕਟ ਵਿੱਚ ਘਿਰੀਆਂ ਮਹਿਲਾਵਾਂ ਨੂੰ ਸਹਾਰਾ ਦੇ ਕੇ ਸਨਮਾਨ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰਨ ਵਿੱਚ ਮਦਦ ਕਰ ਰਹੇ ਹਨ: ਡੀਜੀਪੀ ਗੌਰਵ ਯਾਦਵ

’ਸਾਂਝ ਰਾਹਤ ਕੇਂਦਰ’ ਜ਼ਰੂਰਤਮੰਦ ਮਹਿਲਾਵਾਂ ਲਈ ਕਾਊਂਸਲਿੰਗ, ਕਾਨੂੰਨੀ ਸਹਾਇਤਾ ਅਤੇ ਪੁਲਿਸ ਸਹਿਯੋਗ ਦਾ ਭਰੋਸੇਮੰਦ ਕੇਂਦਰ ਬਣ ਰਹੇ ਹਨ: ਗੁਰਪ੍ਰੀਤ ਕੌਰ ਦਿਓ, ਸਪੈਸ਼ਲ ਡੀਜੀਪੀ

ਚੰਡੀਗੜ੍ਹ, 14 ਜੁਲਾਈ 2026:

ਮਹਿਲਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ਪੰਜਾਬ ਪੁਲਿਸ ਦੇ ‘ਸਾਂਝ ਰਾਹਤ ਕੇਂਦਰ’ ਅੱਜ ਇੱਕ ਪ੍ਰਭਾਵਸ਼ਾਲੀ ਕਮਿਊਨਿਟੀ ਪੁਲਿਸਿੰਗ ਮਾਡਲ ਵਜੋਂ ਉੱਭਰ ਕੇ ਸਾਹਮਣੇ ਆਏ ਹਨ। ਇਹ ਕੇਂਦਰ ਸੰਕਟ ਵਿੱਚ ਫ਼ਸੀਆਂ ਮਹਿਲਾਵਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ, ਕਾਊਂਸਲਿੰਗ, ਸੰਕਟ ਦੀ ਸਥਿਤੀ ਵਿੱਚ ਤੁਰੰਤ ਮਦਦ ਅਤੇ ਰੀਹੈਬਲੀਟੇਸ਼ਨ (ਮੁੜ ਵਸੇਬਾ) ਸੇਵਾਵਾਂ ਉਪਲੱਬਧ ਕਰਵਾ ਰਹੇ ਹਨ।

ਸ਼ੁਰੂਆਤ ਵਿੱਚ ਮੋਹਾਲੀ, ਫ਼ਤਿਹਗੜ੍ਹ ਸਾਹਿਬ, ਲੁਧਿਆਣਾ ਅਤੇ ਜਲੰਧਰ ਸਥਿਤ ਸਾਂਝ ਰਾਹਤ ਕੇਂਦਰਾਂ ਵਿੱਚ ਸਿਰਫ਼ ਦੋ ਸਿਖਲਾਈ ਪ੍ਰਾਪਤ ਕਾਊਂਸਲਰ ਤਾਇਨਾਤ ਸਨ। ਹੁਣ ਇਸ ਪਹਿਲ ਨਾਲ ਕਈ ਕਾਊਂਸਲਰ ਜੁੜ ਚੁੱਕੇ ਹਨ। ਪਿਛਲੇ ਦੋ ਸਾਲਾਂ ਦੌਰਾਨ ਇਨ੍ਹਾਂ ਕੇਂਦਰਾਂ ਵੱਲੋਂ 1,656 ਮਾਮਲਿਆਂ ਦੀ ਸਕ੍ਰੀਨਿੰਗ ਕੀਤੀ ਗਈ ਹੈ ਅਤੇ 1,069 ਮਾਮਲੇ ਦਰਜ ਕੀਤੇ ਗਏ ਹਨ।

ਇਸ ਸਬੰਧੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ, “ਕੁੱਲ ਚਾਰ ਸਾਂਝ ਰਾਹਤ ਕੇਂਦਰ ਸੰਕਟ ਵਿੱਚ ਫ਼ਸੀਆਂ ਮਹਿਲਾਵਾਂ ਨੂੰ ਮਾਨਸਿਕ ਸਦਮੇ ਤੋਂ ਉੱਭਰਨ ਅਤੇ ਆਮ ਜ਼ਿੰਦਗੀ ਸ਼ੁਰੂ ਕਰਨ ਵਿੱਚ ਸਹਾਇਤਾ ਪ੍ਰਦਾਨ ਕਰ ਰਹੇ ਹਨ। ਅਜਿਹੀਆਂ ਪਹਿਲਕਦਮੀਆਂ ਵਿਸ਼ਵਾਸ ਅਤੇ ਸਹਿਯੋਗ ‘ਤੇ ਆਧਾਰਿਤ ਜਨ ਸੁਰੱਖਿਆ ਪ੍ਰਤੀ ਪੰਜਾਬ ਪੁਲਿਸ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।”

ਡੀਜੀਪੀ ਨੇ ਕਿਹਾ, “ਸਾਂਝ ਰਾਹਤ ਕੇਂਦਰਾਂ ਦੀ ਸਫਲਤਾ ਦੀਆਂ ਕਈ ਕਹਾਣੀਆਂ ਹਨ, ਪਰ ਮੋਹਾਲੀ ਵਿੱਚ ਘਰੇਲੂ ਹਿੰਸਾ ਦਾ ਸ਼ਿਕਾਰ ਇੱਕ ਮਹਿਲਾ ਨੂੰ ਸਮੇਂ ਸਿਰ ਬਚਾਉਣਾ ਪੰਜਾਬ ਪੁਲਿਸ ਦੀ ਵਚਨਬੱਧਤਾ ਦੀ ਇੱਕ ਸ਼ਾਨਦਾਰ ਮਿਸਾਲ ਹੈ। ਇੱਕ ਮਹਿਲਾ ਨੇ ਮਦਦ ਲਈ ਸੰਪਰਕ ਕਰਕੇ ਦੱਸਿਆ ਕਿ ਉਸਦਾ ਪਤੀ ਉਸ ਨਾਲ ਕੁੱਟਮਾਰ ਕਰ ਰਿਹਾ ਹੈ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਹੈ। ਉਸ ਨੂੰ ਤੁਰੰਤ ਸਹਾਇਤਾ ਦੀ ਲੋੜ ਸੀ। ਇਹ ਮਹਿਲਾ ਪਹਿਲੀ ਵਾਰ ਪੰਜਾਬ ਪੁਲਿਸ ਦੇ ਸੰਪਰਕ ਵਿੱਚ ਨਹੀਂ ਆਈ ਸੀ, ਕਿਉਂਕਿ ਉਸ ਨਾਲ ਸਬੰਧਤ ਇੱਕ ਪੁਰਾਣਾ ਮਾਮਲਾ ਪਹਿਲਾਂ ਹੀ ਐਸਏਐਸ ਨਗਰ (ਮੋਹਾਲੀ) ਟੀਮ ਦੇ ਰਿਕਾਰਡ ਵਿੱਚ ਦਰਜ ਸੀ। ਸਾਂਝ ਰਾਹਤ ਕੇਂਦਰ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਉਸਦੀ ਸੁਰੱਖਿਆ ਯਕੀਨੀ ਬਣਾਈ, ਸੁਰੱਖਿਅਤ ਆਵਾਜਾਈ ਦਾ ਪ੍ਰਬੰਧ ਕੀਤਾ ਅਤੇ ਉਸ ਨੂੰ ਉਸਦੇ ਪੇਕੇ ਘਰ ਤੱਕ ਸੁਰੱਖਿਅਤ ਮਾਹੌਲ ਵਿੱਚ ਪਹੁੰਚਾਇਆ।”

ਉਨ੍ਹਾਂ ਅੱਗੇ ਕਿਹਾ, “ਇੱਕ ਹੋਰ ਮਾਮਲੇ ਵਿੱਚ ਇਕੱਲੀ ਰਹਿ ਰਹੀ ਇੱਕ ਮਹਿਲਾ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ  ਕੀਤਾ ਗਿਆ ਸੀ। ਸਾਂਝ ਰਾਹਤ ਕੇਂਦਰ ਦੀ ਟੀਮ ਨੇ ਉਸਦੀ ਕਾਊਂਸਲਿੰਗ ਕੀਤੀ ਅਤੇ ਉਸ ਨੂੰ ਲੋੜੀਂਦਾ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ। ਟੀਮ ਨੇ ਪੀਜੀਆਈ ਵਿੱਚ ਦਾਖ਼ਲ ਕਰਵਾਉਣ ਵਿੱਚ ਮਦਦ ਕੀਤੀ ਅਤੇ ਵਿਸ਼ੇਸ਼ ਤਾਲਮੇਲ ਰਾਹੀਂ ਲਗਭਗ ਦੋ ਮਹੀਨਿਆਂ ਤੱਕ ਉਸਦਾ ਇਲਾਜ ਯਕੀਨੀ ਬਣਾਇਆ। ਇਲਾਜ ਦੌਰਾਨ ਉਸਦਾ ਗਰਭਪਾਤ ਹੋ ਗਿਆ। ਇਸ ਮੁਸ਼ਕਲ ਸਮੇਂ ਵਿੱਚ ਟੀਮ ਨੇ ਲਗਾਤਾਰ ਭਾਵਨਾਤਮਕ ਸਹਿਯੋਗ ਅਤੇ ਕਾਊਂਸਲਿੰਗ ਰਾਹੀਂ ਉਸ ਨੂੰ ਇਸ ਔਖੇ ਦੌਰ ਤੋਂ ਉੱਭਰਨ ਵਿੱਚ ਮਦਦ ਕੀਤੀ। ਸਿਹਤਯਾਬ ਹੋਣ ਤੋਂ ਬਾਅਦ ਟੀਮ ਨੇ ਉਸ ਨੂੰ ਰੋਜ਼ਗਾਰ ਦਿਵਾਉਣ ਵਿੱਚ ਵੀ ਸਹਾਇਤਾ ਕੀਤੀ ਅਤੇ ਉਸ ਨੂੰ ਆਪਣੇ ਪਰਿਵਾਰ ਨਾਲ ਦੁਬਾਰਾ ਜੋੜਨ ਦਾ ਯਤਨ ਕੀਤਾ, ਜਿਸ ਨਾਲ ਉਹ ਸਨਮਾਨ ਅਤੇ ਆਤਮਨਿਰਭਰਤਾ ਨਾਲ ਆਪਣੀ ਜ਼ਿੰਦਗੀ ਮੁੜ ਸ਼ੁਰੂ ਕਰ ਸਕੀ।”

ਸਾਂਝ ਰਾਹਤ ਕੇਂਦਰਾਂ ਤੋਂ ਇਲਾਵਾ ਮਹਿਲਾਵਾਂ ਦੀ ਭਲਾਈ ਅਤੇ ਸੁਰੱਖਿਆ ਲਈ ਪੰਜਾਬ ਪੁਲਿਸ ਦੀਆਂ ਕਈ ਹੋਰ ਪਹਿਲਕਦਮੀਆਂ ਵੀ ਪ੍ਰਭਾਵਸ਼ਾਲੀ ਸਾਬਤ ਹੋਈਆਂ ਹਨ। ਜਾਗ੍ਰਿਤੀ ਪ੍ਰੋਗਰਾਮ ਤਹਿਤ ਪੰਜਾਬ ਪੁਲਿਸ ਦੀਆਂ ਮਹਿਲਾ ਮਿੱਤਰਾਂ ਨੇ ਪਿਛਲੇ ਲਗਭਗ ਦੋ ਸਾਲਾਂ ਦੌਰਾਨ 12,482 ਸਕੂਲਾਂ ਤੱਕ ਪਹੁੰਚ ਬਣਾਈ ਅਤੇ 6 ਤੋਂ 12 ਸਾਲ ਦੀ ਉਮਰ ਵਰਗ ਦੇ 11,75,010 ਬੱਚਿਆਂ ਨੂੰ ਜਾਗਰੂਕ ਕੀਤਾ। ਇਸੇ ਮਿਆਦ ਦੌਰਾਨ 76,299 ਪ੍ਰਿੰਸੀਪਲਾਂ, ਅਧਿਆਪਕਾਂ, ਕਰਮਚਾਰੀਆਂ ਅਤੇ ਹੋਰ ਸਟਾਫ਼ ਮੈਂਬਰਾਂ ਨੂੰ ਵੀ ਜਾਗਰੂਕ ਕੀਤਾ ਗਿਆ। ਮਹਿਲਾ ਹੈਲਪ ਡੈਸਕ ਪਹਿਲਕਦਮੀ ਤਹਿਤ ਪਿਛਲੇ ਪੰਜ ਸਾਲਾਂ ਵਿੱਚ 69,329 ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ, ਜਿਨ੍ਹਾਂ ਵਿੱਚ ਸਾਈਬਰ ਅਪਰਾਧ, ਘਰੇਲੂ ਹਿੰਸਾ, ਬਾਲ ਯੌਨ ਸ਼ੋਸ਼ਣ, ਬਾਲ ਵਿਆਹ ਰੋਕਥਾਮ ਕਾਨੂੰਨ , ਜੁਵੇਨਾਈਲ ਜਸਟਿਸ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਐਕਟ , ਨਸ਼ਿਆਂ ਅਤੇ ਲਿੰਗ ਸੰਵੇਦਨਸ਼ੀਲਤਾ ਵਰਗੇ ਵਿਸ਼ਿਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

ਗੁਰਪ੍ਰੀਤ ਕੌਰ ਦਿਓ, ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਕਮਿਊਨਿਟੀ ਅਫੇਅਰਜ਼ ਡਿਵੀਜ਼ਨ) ਨੇ ਕਿਹਾ, “ਸਾਲ 2011 ਵਿੱਚ ਸਥਾਪਨਾ ਤੋਂ ਬਾਅਦ ‘ਸਾਂਝ’ ਪ੍ਰਣਾਲੀ ਨੇ ਪੁਲਿਸ ਅਤੇ ਲੋਕਾਂ ਦਰਮਿਆਨ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪੰਜਾਬ ਦੇ ਜ਼ਿਲ੍ਹਿਆਂ, ਸਬ-ਡਿਵੀਜ਼ਨਾਂ ਅਤੇ ਪੁਲਿਸ ਥਾਣਿਆਂ ਵਿੱਚ ਸਥਾਪਿਤ 530 ਤੋਂ ਵੱਧ ਸਾਂਝ ਕੇਂਦਰਾਂ ਦੇ ਮਜ਼ਬੂਤ ਨੈੱਟਵਰਕ ਰਾਹੀਂ ਨਾਗਰਿਕ-ਕੇਂਦਰਿਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।” ਉਨ੍ਹਾਂ ਅੱਗੇ ਕਿਹਾ, “ਇਹ ਪਹਿਲ ਸੰਕਟ ਵਿੱਚ ਫ਼ਸੀਆਂ ਮਹਿਲਾਵਾਂ ਨੂੰ ਕਾਊਂਸਲਿੰਗ, ਪੁਲਿਸ ਸਹਾਇਤਾ ਅਤੇ ਕਾਨੂੰਨੀ ਸਹਿਯੋਗ ਉਪਲੱਬਧ ਕਰਵਾ ਕੇ ਮਹਿਲਾਵਾਂ ਨਾਲ ਸਬੰਧਤ ਵੱਖ-ਵੱਖ ਗੰਭੀਰ ਮਸਲਿਆਂ ਦਾ ਹੱਲ ਕਰ ਰਹੀ ਹੈ।”