
ਪੰਚਕੂਲਾ: ਪੰਚਕੂਲਾ ਦੇ ਪੁਲਿਸ ਕਮਿਸ਼ਨਰ ਪੰਕਜ ਨੈਨ ਦੇ ਨਿਰਦੇਸ਼ਾਂ ਅਨੁਸਾਰ ਸਾਈਬਰ ਅਪਰਾਧਾਂ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਨੱਥ ਪਾਉਣ ਅਤੇ ਸਾਈਬਰ ਠੱਗਾਂ ਖਿਲਾਫ ਸਖ਼ਤ ਕਾਰਵਾਈ ਕਰਦੇ ਹੋਏ, ਸਾਈਬਰ ਕਰਾਈਮ ਥਾਣੇ ਦੀ ਟੀਮ ਨੇ ਐਨਆਰਆਈ (NRI) ਦੇ ਇਨਕਮ ਟੈਕਸ ਈ-ਫਾਈਲਿੰਗ ਖਾਤੇ 'ਚੋਂ ਕਰੋੜਾਂ ਰੁਪਏ ਦਾ ਰਿਫੰਡ ਕਢਵਾਉਣ ਵਾਲੇ ਅੰਤਰ-ਰਾਜੀ ਸਾਈਬਰ ਠੱਗੀ ਗਿਰੋਹ ਦੇ ਮੁੱਖ ਮੁਲਜ਼ਮ ਦਲੀਪ ਬੀ.ਆਰ. ਉਰਫ ਦਲੀਪ ਰਾਜਗੌੜਾ ਨੂੰ ਕਰਨਾਟਕ ਤੋਂ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ 8 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਹੁਣ ਮੁਲਜ਼ਮ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਪੂਰੇ ਗਿਰੋਹ, ਫਰਜ਼ੀ ਬੈਂਕ ਖਾਤਿਆਂ ਅਤੇ ਠੱਗੀ ਦੀ ਰਕਮ ਦੇ ਨੈੱਟਵਰਕ ਦਾ ਖੁਲਾਸਾ ਕਰਨ ਵਿੱਚ ਜੁਟੀ ਹੋਈ ਹੈ।
ਡੀਸੀਪੀ ਕਰਾਈਮ ਐਂਡ ਟ੍ਰੈਫਿਕ ਅਮਰਿੰਦਰ ਸਿੰਘ ਅਨੁਸਾਰ ਮੁਲਜ਼ਮ ਖ਼ਿਲਾਫ਼ ਬੈਂਗਲੁਰੂ ਵਿੱਚ ਇਸੇ ਤਰ੍ਹਾਂ ਦੇ 8 ਮਾਮਲੇ ਦਰਜ ਹਨ। ਜਾਂਚ ਦੌਰਾਨ ਮੁਲਜ਼ਮ ਨਾਲ ਜੁੜੇ 9 ਬੈਂਕ ਖਾਤਿਆਂ ਵਿੱਚ ਕਰੀਬ 13 ਕਰੋੜ ਰੁਪਏ ਦੇ ਸ਼ੱਕੀ ਲੈਣ-ਦੇਣ ਦਾ ਪਤਾ ਲੱਗਾ ਹੈ। ਸਾਲ 2025 ਵਿੱਚ ਈਡੀ (ED) ਵੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਚੁੱਕੀ ਸੀ। ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਮੁਲਜ਼ਮ ਲਗਾਤਾਰ ਆਪਣੇ ਟਿਕਾਣੇ ਬਦਲ ਕੇ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੁਲਜ਼ਮ ਮਕੈਨੀਕਲ ਇੰਜੀਨੀਅਰਿੰਗ ਵਿੱਚ ਬੀ.ਟੈਕ. ਹੈ ਅਤੇ ਪੁੱਛਗਿੱਛ ਦੌਰਾਨ ਉਸ ਨੇ ਖੁਦ ਨੂੰ ਨਾਰੀਅਲ ਦਾ ਵਪਾਰੀ ਦੱਸਿਆ ਹੈ।
ਇਹ ਮਾਮਲਾ ਪੰਚਕੂਲਾ ਦੇ ਰਹਿਣ ਵਾਲੇ ਇੱਕ ਐਨਆਰਆਈ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਪਿਛਲੇ ਕਰੀਬ 50 ਸਾਲਾਂ ਤੋਂ ਯੂਨਾਈਟਿਡ ਕਿੰਗਡਮ (UK) ਵਿੱਚ ਰਹਿ ਰਹੇ ਹਨ। ਉਨ੍ਹਾਂ ਨੇ ਸਾਲ 2023-24 ਲਈ ਆਪਣਾ ਇਨਕਮ ਟੈਕਸ ਰਿਟਰਨ ਨਿਯਮਾਂ ਅਨੁਸਾਰ ਦਾਖਲ ਕੀਤਾ ਸੀ ਅਤੇ ਉਨ੍ਹਾਂ ਨੂੰ ਜਾਇਜ਼ ਰਿਫੰਡ ਵੀ ਮਿਲ ਗਿਆ ਸੀ। ਬਾਅਦ ਵਿੱਚ ਪਤਾ ਲੱਗਿਆ ਕਿ ਅਣਪਛਾਤੇ ਸਾਈਬਰ ਠੱਗਾਂ ਨੇ ਉਨ੍ਹਾਂ ਦਾ ਈ-ਫਾਈਲਿੰਗ ਖਾਤਾ ਹੈਕ ਕਰਕੇ ਉਸ ਵਿੱਚ ਦਰਜ ਈ-ਮੇਲ, ਮੋਬਾਈਲ ਨੰਬਰ ਅਤੇ ਬੈਂਕ ਵੇਰਵੇ ਬਦਲ ਦਿੱਤੇ ਅਤੇ ਉਨ੍ਹਾਂ ਦੇ ਨਾਂ 'ਤੇ ਫਰਜ਼ੀ ਸੋਧਿਆ ਹੋਇਆ (modified) ਇਨਕਮ ਟੈਕਸ ਰਿਟਰਨ ਦਾਖਲ ਕਰਕੇ ਕਰੀਬਰ 2.26 ਕਰੋੜ ਰੁਪਏ ਦਾ ਵਾਧੂ ਇਨਕਮ ਟੈਕਸ ਰਿਫੰਡ ਫਰਜ਼ੀ ਬੈਂਕ ਖਾਤੇ ਵਿੱਚ ਟ੍ਰਾਂਸਫਰ ਕਰਵਾ ਲਿਆ।
ਜਾਂਚ ਦੌਰਾਨ ਪੁਲਿਸ ਨੇ ਵੱਖ-ਵੱਖ ਬੈਂਕਾਂ ਅਤੇ ਇਨਕਮ ਟੈਕਸ ਵਿਭਾਗ ਤੋਂ ਪ੍ਰਾਪਤ ਦਸਤਾਵੇਜ਼ਾਂ ਦੇ ਅਧਾਰ 'ਤੇ ਪੂਰੇ ਨੈੱਟਵਰਕ ਦੀਆਂ ਕੜੀਆਂ ਜੋੜੀਆਂ। ਜਾਂਚ ਵਿੱਚ ਸਾਹਮਣੇ ਆਇਆ ਕਿ ਫਰਜ਼ੀ ਬੈਂਕ ਖਾਤਿਆਂ ਰਾਹੀਂ ਰਕਮ ਵੱਖ-ਵੱਖ ਕੰਪਨੀਆਂ ਦੇ ਖਾਤਿਆਂ ਵਿੱਚ ਭੇਜੀ ਗਈ, ਜਿੱਥੋਂ ਕਮਿਸ਼ਨ ਕੱਟ ਕੇ ਮੁੱਖ ਮੁਲਜ਼ਮਾਂ ਤੱਕ ਨਕਦੀ ਪਹੁੰਚਾਈ ਜਾਂਦੀ ਸੀ।
ਇਸ ਮਾਮਲੇ ਵਿੱਚ ਪਹਿਲਾਂ ਹੀ ਇੱਕ ਮੁਲਜ਼ਮ ਕਨ੍ਹਈਆ ਲਾਲ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਸ ਦੀ ਨਿਸ਼ਾਨਦੇਹੀ 'ਤੇ 5 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਸੀ। ਉਸੇ ਮੁਲਜ਼ਮ ਤੋਂ ਮਿਲੀ ਜਾਣਕਾਰੀ ਅਤੇ ਲਗਾਤਾਰ ਤਕਨੀਕੀ ਜਾਂਚ ਦੇ ਅਧਾਰ 'ਤੇ ਸਾਈਬਰ ਥਾਣਾ ਮੁਖੀ ਯੁੱਧਵੀਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਹੁਣ ਗਿਰੋਹ ਦੇ ਦੂਜੇ ਮੁੱਖ ਮੁਲਜ਼ਮ ਦਲੀਪ ਬੀ.ਆਰ. ਉਰਫ ਦਲੀਪ ਰਾਜਗੌੜਾ ਨੂੰ ਗ੍ਰਿਫਤਾਰ ਕੀਤਾ ਹੈ। ਇਹ ਮਾਮਲਾ ਸਾਲ 2024 ਵਿੱਚ ਦਰਜ ਹੋਇਆ ਸੀ। ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਭੂਪ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਗ੍ਰਿਫਤਾਰੀ ਸਮੇਂ ਮੁਲਜ਼ਮ ਕੋਲੋਂ ਇੱਕ ਮੋਬਾਈਲ ਫੋਨ ਅਤੇ ਇੱਕ ਲੈਪਟਾਪ ਵੀ ਬਰਾਮਦ ਹੋਇਆ ਹੈ, ਜਿਨ੍ਹਾਂ ਨੂੰ ਪੁਲਿਸ ਨੇ ਜਾਂਚ ਲਈ ਕਬਜ਼ੇ ਵਿੱਚ ਲੈ ਲਿਆ ਹੈ। ਮਾਮਲੇ ਵਿੱਚ ਅਜੇ ਹੋਰ ਸਹਿ-ਮੁਲਜ਼ਮਾਂ ਦੀ ਗ੍ਰਿਫਤਾਰੀ ਬਾਕੀ ਹੈ। ਉਨ੍ਹਾਂ ਦੀ ਭਾਲ ਲਈ ਪੁਲਿਸ ਵੱਲੋਂ ਵੱਖ-ਵੱਖ ਰਾਜਾਂ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਉਨ੍ਹਾਂ ਬੈਂਕਾਂ ਦੀ ਵੀ ਜਾਂਚ ਕੀਤੀ ਜਾਵੇਗੀ ਜਿੱਥੇ ਫਰਜ਼ੀ ਦਸਤਾਵੇਜ਼ਾਂ ਦੇ ਅਧਾਰ 'ਤੇ ਖਾਤੇ ਖੁੱਲ੍ਹਵਾਏ ਗਏ ਸਨ।
ਪੁਲਿਸ ਕਮਿਸ਼ਨਰ ਪੰਕਜ ਨੈਨ ਨੇ ਕਿਹਾ ਹੈ ਕਿ ਸਾਈਬਰ ਅਪਰਾਧਾਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮਾਮਲੇ ਵਿੱਚ ਪੂਰੇ ਨੈੱਟਵਰਕ, ਫਰਜ਼ੀ ਬੈਂਕ ਖਾਤਿਆਂ, ਵਿੱਤੀ ਲੈਣ-ਦੇਣ ਅਤੇ ਹੋਰ ਸਾਥੀਆਂ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।