
ਮੰਡੀ ਗੋਬਿੰਦਗੜ੍ਹ (ਫ਼ਤਹਿਗੜ੍ਹ ਸਾਹਿਬ): ਪੰਜਾਬ ਸਰਕਾਰ ਦੀ 'ਜ਼ੀਰੋ ਟਾਲਰੈਂਸ' ਨੀਤੀ ਅਤੇ ਜ਼ਿਲ੍ਹਾ ਪੁਲਿਸ ਦੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਵਿੱਚ ਨਸ਼ੇ ਦਾ ਕਾਲਾ ਕਾਰੋਬਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ।
ਸ਼ਹਿਰ ਵਿੱਚ ਸ਼ਰੇਆਮ ਨਸ਼ਾ ਵਿਕਣ ਦੀ ਵੀਡੀਓ ਵਾਇਰਲ ਹੋਣ ਅਤੇ ਪਿਛਲੇ 24 ਘੰਟਿਆਂ ਦਰਮਿਆਨ ਵੱਖ-ਵੱਖ ਥਾਵਾਂ ਤੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਸ਼ੁਰੂਆਤੀ ਖ਼ਦਸ਼ੇ ਮੁਤਾਬਕ ਦੋਵਾਂ ਨੌਜਵਾਨਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਇਹਨਾਂ ਮੌਤਾਂ ਤੋਂ ਬਾਅਦ ਹਰਕਤ ਵਿੱਚ ਆਈ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਤਣਾਅਪੂਰਨ ਸਥਿਤੀ ਨੂੰ ਦੇਖਦਿਆਂ ਤੁਰੰਤ ਮੰਡੀ ਗੋਬਿੰਦਗੜ੍ਹ ਦੀ ਮਾਸਟਰ ਕਾਲੋਨੀ ਵਿੱਚ "ਜੰਗ ਨਸ਼ੇ ਦੇ ਵਿਰੁੱਧ" ਮੁਹਿੰਮ ਤਹਿਤ ਇੱਕ ਵੱਡਾ ਸਰਚ ਆਪ੍ਰੇਸ਼ਨ ਚਲਾਇਆ। ਡੀ.ਐੱਸ.ਪੀ. ਅਮਲੋਹ ਬਿਕਰਮਜੀਤ ਸਿੰਘ ਘੁੰਮਣ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਨੇ ਸ਼ੱਕੀ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ।
ਪੁਲਿਸ ਵੱਲੋਂ ਨਸ਼ਾ ਤਸਕਰਾਂ 'ਤੇ ਨਕੇਲ ਕੱਸਣ ਲਈ ਲਗਾਤਾਰ 'ਕਾਸੋ' (CASO) ਆਪ੍ਰੇਸ਼ਨ ਚਲਾਏ ਜਾ ਰਹੇ ਹਨ ਅਤੇ ਕਈ ਵੱਡੇ ਤਸਕਰਾਂ ਦੀਆਂ ਨਿੱਜੀ ਜਾਇਦਾਦਾਂ ਨੂੰ ਵੀ ਜ਼ਬਤ/ਢਾਹਿਆ ਜਾ ਚੁੱਕਾ ਹੈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਨਸ਼ੇ ਦਾ ਇਹ ਜਾਲ ਮੁੜ-ਮੁੜ ਸਿਰ ਚੁੱਕ ਲੈਂਦਾ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐੱਸ.ਐੱਸ.ਪੀ. ਸ਼ੁਭਮ ਅਗਰਵਾਲ ਨੇ ਪੁਲਿਸ ਕਾਰਵਾਈ ਦੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਮਾਰਚ 2025 ਤੋਂ ਹੁਣ ਤੱਕ ਜ਼ਿਲ੍ਹਾ ਪੁਲਿਸ ਨੇ ਛੋਟੇ-ਵੱਡੇ ਨਸ਼ਾ ਤਸਕਰਾਂ ਖ਼ਿਲਾਫ਼ 1,930 ਮਾਮਲੇ ਦਰਜ ਕਰਕੇ ਕਰੀਬ 4,130 ਮੁਲਜ਼ਮਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਹੈ।
ਪੁਲਿਸ ਨਾ ਸਿਰਫ਼ ਤਸਕਰਾਂ 'ਤੇ ਕਾਰਵਾਈ ਕਰ ਰਹੀ ਹੈ, ਸਗੋਂ ਨਸ਼ੇ ਦੀ ਦਲਦਲ ਵਿੱਚ ਫਸੇ ਕਰੀਬ 2,000 ਨੌਜਵਾਨਾਂ ਨੂੰ ਵੱਖ-ਵੱਖ ਨਸ਼ਾ ਮੁਕਤੀ ਕੇਂਦਰਾਂ ਵਿੱਚ ਭਰਤੀ ਕਰਵਾ ਕੇ ਉਨ੍ਹਾਂ ਦਾ ਇਲਾਜ ਵੀ ਕਰਵਾਇਆ ਗਿਆ ਹੈ। ਇਹਨਾਂ ਨੌਜਵਾਨਾਂ ਨੂੰ ਮੁੱਖ ਧਾਰਾ ਨਾਲ ਜੋੜਨ ਲਈ ਵੋਕੇਸ਼ਨਲ ਟ੍ਰੇਨਿੰਗ (ਕਿੱਤਾਮੁਖੀ ਸਿਖਲਾਈ) ਦੇ ਕੇ ਨੌਕਰੀ ਦੇ ਕਾਬਲ ਵੀ ਬਣਾਇਆ ਜਾ ਰਿਹਾ ਹੈ।
ਐੱਸ.ਐੱਸ.ਪੀ. ਅਗਰਵਾਲ ਨੇ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਨੀਤੀ ਤਹਿਤ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। "ਜੰਗ ਨਸ਼ੇ ਦੇ ਵਿਰੁੱਧ" ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਇਸ ਨੈੱਟਵਰਕ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਦਿੱਤਾ ਜਾਂਦਾ।
ਉਨ੍ਹਾਂ ਨੇ ਭਟਕੇ ਹੋਏ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੋ ਵੀ ਨਸ਼ਾ ਛੱਡ ਕੇ ਚੰਗੀ ਜ਼ਿੰਦਗੀ ਜਿਊਣਾ ਚਾਹੁੰਦਾ ਹੈ, ਸਰਕਾਰ ਉਸ ਦੀ ਹਰ ਸੰਭਵ ਮਦਦ ਕਰੇਗੀ। ਇਸ ਵਿਸ਼ੇਸ਼ ਸਰਚ ਆਪ੍ਰੇਸ਼ਨ ਦੌਰਾਨ ਕਈ ਸੀਨੀਅਰ ਪੁਲਿਸ ਅਧਿਕਾਰੀ ਅਤੇ ਭਾਰੀ ਗਿਣਤੀ ਵਿੱਚ ਮੁਲਾਜ਼ਮ ਤਾਇਨਾਤ ਰਹੇ। ਬਹਰਹਾਲ, ਪੁਲਿਸ ਦੇ ਇਹਨਾਂ ਦਾਅਵਿਆਂ ਦੇ ਵਿਚਕਾਰ 24 ਘੰਟਿਆਂ ਵਿੱਚ ਹੋਈਆਂ ਦੋ ਮੌਤਾਂ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲੀਆ ਨਿਸ਼ਾਨ ਜ਼ਰੂਰ ਖੜ੍ਹੇ ਕਰਦੀਆਂ ਹਨ।