
PM Modi in Chandigarh: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ੁੱਕਰਵਾਰ (17 ਜੁਲਾਈ) ਨੂੰ ਚੰਡੀਗੜ੍ਹ ਦੇ ਅਹਿਮ ਦੌਰੇ 'ਤੇ ਹਨ। ਉਹ ਦੁਪਹਿਰ ਡੇਢ ਵਜੇ ਦੇ ਕਰੀਬ ਚੰਡੀਗੜ੍ਹ ਪਹੁੰਚਣਗੇ। ਪੰਜਾਬ ਇੰਜੀਨੀਅਰਿੰਗ ਕਾਲਜ (PEC) ਵਿੱਚ ਉਨ੍ਹਾਂ ਦਾ ਪ੍ਰੋਗਰਾਮ ਹੋਣਾ ਹੈ, ਜਿੱਥੇ ਉਹ 4,700 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਸ ਵਿੱਚ PGI ਐਡਵਾਂਸਡ ਮਦਰ ਐਂਡ ਚਾਈਲਡ ਸੈਂਟਰ ਅਤੇ ਐਡਵਾਂਸਡ ਨਿਊਰੋਸਾਇੰਸ ਸੈਂਟਰ ਸਮੇਤ ਹੋਰ ਵਿਕਾਸ ਕਾਰਜਾਂ ਨਾਲ ਜੁੜੇ ਪ੍ਰੋਜੈਕਟ ਸ਼ਾਮਲ ਹਨ। ਪੀਐਮ ਮੋਦੀ ਦੇ ਦੌਰੇ ਨੂੰ ਦੇਖਦੇ ਹੋਏ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦੂਜੇ ਪਾਸੇ, ਪੀਐਮ ਮੋਦੀ ਦਾ ਚੰਡੀਗੜ੍ਹ ਵਿੱਚ 'ਸਵੱਛਤਾ ਨਾਲ ਸਵਾਗਤ' ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਆਉਣ 'ਤੇ ਸ਼ਹਿਰ ਚਮਕ ਰਿਹਾ ਹੈ।
ਪੀਐਮ ਦਾ ਬਿਆਨ- ਚੰਡੀਗੜ੍ਹ ਵਿੱਚ ਹੋਣਾ ਹਮੇਸ਼ਾ ਬਹੁਤ ਵਧੀਆ ਲੱਗਦਾ ਇਧਰ ਚੰਡੀਗੜ੍ਹ ਆਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਚੰਡੀਗੜ੍ਹ ਦੌਰੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਚੰਡੀਗੜ੍ਹ ਨਾਲ ਆਪਣੇ ਲਗਾਅ ਬਾਰੇ ਦੱਸਿਆ। ਪੀਐਮ ਨੇ ਲਿਖਿਆ, ''ਚੰਡੀਗੜ੍ਹ ਵਿੱਚ ਹੋਣਾ ਹਮੇਸ਼ਾ ਬਹੁਤ ਵਧੀਆ ਲੱਗਦਾ ਹੈ। ਕੱਲ੍ਹ ਦੇ ਪ੍ਰੋਗਰਾਮ ਵਿੱਚ 4700 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਜਾਂ ਤਾਂ ਉਦਘਾਟਨ ਕੀਤਾ ਜਾਵੇਗਾ ਜਾਂ ਉਨ੍ਹਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਖ਼ਾਸ ਕੰਮਾਂ ਵਿੱਚ ਚੰਡੀਗੜ੍ਹ ਦੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER) ਵਿੱਚ ਐਡਵਾਂਸਡ ਮਦਰ ਐਂਡ ਚਾਈਲਡ ਸੈਂਟਰ ਅਤੇ ਐਡਵਾਂਸਡ ਨਿਊਰੋਸਾਇੰਸ ਸੈਂਟਰ ਦਾ ਉਦਘਾਟਨ ਸ਼ਾਮਲ ਹੈ। ਰੋਡ ਪ੍ਰੋਜੈਕਟਾਂ ਨਾਲ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿਚਾਲੇ ਕਨੈਕਟੀਵਿਟੀ ਬਿਹਤਰ ਹੋਵੇਗੀ।''
ਪੰਜਾਬ-ਹਰਿਆਣਾ ਵੀ ਆ ਰਹੇ ਪੀਐਮ ਮੋਦੀ ਚੰਡੀਗੜ੍ਹ ਦੇ ਨਾਲ-ਨਾਲ ਪ੍ਰਧਾਨ ਮੰਤਰੀ ਮੋਦੀ ਅੱਜ ਹਰਿਆਣਾ ਅਤੇ ਪੰਜਾਬ ਦੇ ਦੌਰੇ 'ਤੇ ਵੀ ਰਹਿਣਗੇ। ਉਹ ਹਰਿਆਣਾ ਦੇ ਜੀਂਦ ਵਿੱਚ ਭਾਰਤ ਦੀ ਪਹਿਲੀ ਹਾਈਡ੍ਰੋਜਨ ਨਾਲ ਚੱਲਣ ਵਾਲੀ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ। ਇਹ ਟ੍ਰੇਨ ਜੀਂਦ ਅਤੇ ਸੋਨੀਪਤ ਵਿਚਾਲੇ ਚੱਲੇਗੀ। ਪੀਐਮ ਮੋਦੀ ਜੀਂਦ ਤੋਂ ਹਰਿਆਣਾ ਨੂੰ 14,700 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਤੋਹਫ਼ਾ ਦੇਣਗੇ। ਇਸ ਤੋਂ ਇਲਾਵਾ, ਪੀਐਮ ਮੋਦੀ ਪੰਜਾਬ ਵਿੱਚ 5,470 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ, ਜਿਸ ਵਿੱਚ ਇੱਕ ਵੱਡੇ ਰੇਲਵੇ ਪ੍ਰੋਜੈਕਟ ਦਾ ਉਦਘਾਟਨ ਵੀ ਹੋਣਾ ਹੈ। ਪੰਜਾਬ ਦੇ ਜਲੰਧਰ ਵਿੱਚ ਪੀਐਮ ਦਾ ਇਹ ਪ੍ਰੋਗਰਾਮ ਰੱਖਿਆ ਗਿਆ ਹੈ।
ਪੀਐਮ ਮੋਦੀ ਨੇ ਸੋਸ਼ਲ ਮੀਡੀਆ ਦੇ X ਪਲੇਟਫਾਰਮ 'ਤੇ ਲਿਖਿਆ, ''ਮੈਂ ਰੇਲਵੇ, ਸਿਹਤ ਸੇਵਾਵਾਂ, ਸੱਭਿਆਚਾਰ, ਕਨੈਕਟੀਵਿਟੀ, ਸਿੱਖਿਆ ਅਤੇ ਕਈ ਹੋਰ ਖੇਤਰਾਂ ਨਾਲ ਸਬੰਧਤ ਵੱਖ-ਵੱਖ ਕੰਮਾਂ ਵਿੱਚ ਹਿੱਸਾ ਲੈਣ ਲਈ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦੇ ਲੋਕਾਂ ਵਿਚਕਾਰ ਜਾਣ ਦੇ ਮੌਕੇ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ। ਇਹਨਾਂ ਕੰਮਾਂ ਦਾ ਲੋਕਾਂ ਦੇ ਜੀਵਨ 'ਤੇ, ਖ਼ਾਸ ਕਰਕੇ ਸਾਡੀ ਨੌਜਵਾਨ ਸ਼ਕਤੀ 'ਤੇ ਬਹੁਤ ਸਕਾਰਾਤਮਕ ਪ੍ਰਭਾਵ ਪਵੇਗਾ।''