Arth Parkash : Latest Hindi News, News in Hindi
ਗਰੀਬ ਵਿਦਿਆਰਥੀਆਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸਨ ਪ੍ਰੋਫੈਸਰ ਬੀ.ਸੀ. ਵਰਮਾ ਗਰੀਬ ਵਿਦਿਆਰਥੀਆਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸਨ ਪ੍ਰੋਫੈਸਰ ਬੀ.ਸੀ. ਵਰਮਾ
Monday, 18 Sep 2023 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ

*ਗਰੀਬ ਵਿਦਿਆਰਥੀਆਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸਨ ਪ੍ਰੋਫੈਸਰ ਬੀ.ਸੀ. ਵਰਮਾ*

*ਨਿਮਰਤਾ ਤੇ ਹਲੀਮੀ ਲਈ ਜਾਣੇ ਜਾਂਦੇ ਪ੍ਰੋ ਵਰਮਾ ਦੇ ਪੜ੍ਹਾਏ ਅਨੇਕਾਂ ਵਿਦਿਆਰਥੀ ਉਚ ਅਹੁਦਿਆਂ ਉਤੇ ਪੁੱਜੇ*

ਚੰਡੀਗੜ੍ਹ, 19 ਸਤੰਬਰ 

ਉੱਘੇ ਸਿੱਖਿਆ ਸ਼ਾਸਤਰੀ ਅਤੇ ਕੈਮਿਸਟਰੀ ਦੇ ਪ੍ਰੋਫੈਸਰ ਸ੍ਰੀ ਬੀ.ਸੀ. ਵਰਮਾ ਅੱਜ ਸਵੇਰੇ ਪੀ.ਜੀ.ਆਈ. ਚੰਡੀਗੜ੍ਹ ਵਿਖੇ ਕੁਝ ਦਿਨ ਦਾਖਲ ਰਹਿਣ ਉਪਰੰਤ ਸਵਰਗ ਸੁਧਾਰ ਗਏ। ਨਿਮਰਤਾ ਤੇ ਹਲੀਮੀ ਦੇ ਨਾਲ ਕੁਸ਼ਲ ਪ੍ਰੋਫੈਸਰ ਰਹੇ ਸ੍ਰੀ ਬੀ.ਸੀ. ਵਰਮਾ ਵੱਲੋਂ ਆਪਣੇ ਅਧਿਆਪਨ ਸਮੇਂ ਕੀਤੇ ਨੇਕ ਕੰਮਾਂ ਸਦਕਾ ਪ੍ਰਾਪਤ ਦੁਆਵਾਂ ਦਾ ਹੀ ਫਲ ਹੈ ਕਿ ਪਰਮਾਤਮਾ ਨੇ ਉਨ੍ਹਾਂ ਦੇ ਪੁੱਤਰ ਸ੍ਰੀ ਅਨੁਰਾਗ ਵਰਮਾ ਨੂੰ ਪੰਜਾਬ ਦੇ ਮੁੱਖ ਸਕੱਤਰ ਦੇ ਮੁਕਾਮ ਉੱਤੇ ਪਹੁੰਚਾਇਆ।

ਪ੍ਰੋ ਬੀ.ਸੀ. ਵਰਮਾ ਦਾ ਜਨਮ 2 ਅਪ੍ਰੈਲ, 1934 ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਚਲੈਲਾ ਵਿਖੇ ਹੋਇਆ। ਬਚਪਨ ਤੋਂ ਹੀ ਪੜ੍ਹਾਈ ਦੀ ਲਗਨ ਕਾਰਨ ਉਹ ਪਹਿਲਾਂ ਪੈਦਲ ਅਤੇ ਫੇਰ ਸਾਈਕਲ ਉਤੇ 15 ਕਿਲੋਮੀਟਰ ਦੂਰ ਪਟਿਆਲਾ ਸ਼ਹਿਰ ਪੜ੍ਹਨ ਜਾਂਦੇ ਸਨ। ਕੈਮਿਸਟਰੀ ਵਿਸ਼ੇ ਵਿੱਚ ਉੱਚ ਸਿੱਖਿਆ ਹਾਸਲ ਕਰਨ ਤੋਂ ਬਾਅਦ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿਖੇ ਕੈਮਿਸਟਰੀ ਦੇ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਈਆਂ। 

ਆਪਣੇ ਅਧਿਆਪਨ ਦੇ ਕਾਰਜਕਾਲ ਦੌਰਾਨ ਸ੍ਰੀ ਵਰਮਾ ਵਿਦਿਆਰਥੀਆਂ ਵਿੱਚ ਬਹੁਤ ਮਕਬੂਲ ਸਨ। ਅੱਸੀ ਦੇ ਦਹਾਕੇ ਵਿੱਚ ਜਦੋਂ ਟਿਊਸ਼ਨਾਂ ਦਾ ਦੌਰ ਸਿਖਰ ਉੱਤੇ ਸੀ, ਉਦੋਂ ਸ੍ਰੀ ਵਰਮਾ ਨੇ ਕਾਲਜ ਦੀ ਪੜ੍ਹਾਈ ਤੋਂ ਬਾਅਦ ਗਰੀਬ, ਲੋੜਵੰਦ ਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਘਰ ਵਿਖੇ ਮੁਫ਼ਤ ਪੜ੍ਹਾ ਕੇ ਜੱਸ ਖੱਟਿਆ। ਉਹ ਅਨੇਕਾਂ ਪਰਿਵਾਰਾਂ ਦੇ ਬੱਚਿਆਂ ਲਈ ਰਾਹਗੀਰ ਬਣੇ ਅਤੇ ਲੋੜਵੰਦ ਦੀ ਭੱਜ ਕੇ ਮੱਦਦ ਕਰਦੇ। ਆਪਣੇ ਵਿਦਿਆਰਥੀਆਂ ਦੇ ਅਕਾਦਮਿਕ ਮਾਮਲਿਆਂ ਵਿੱਚ ਹਰ ਤਰ੍ਹਾਂ ਦੀ ਮੱਦਦ ਕਰਨ ਦੇ ਨਾਲ ਆਪਣੇ ਸਹਾਇਕ ਕਰਮਚਾਰੀਆਂ ਪ੍ਰਤੀ ਵੀ ਸੁਹਿਰਦ ਤੇ ਉਸਾਰੂ ਸੋਚ ਰੱਖਦੇ ਸਨ।

ਪ੍ਰੋ. ਬੀ.ਸੀ. ਵਰਮਾ ਦੇ ਪੜ੍ਹਾਏ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿੱਚ ਉਚ ਅਹੁਦਿਆਂ ਉਤੇ ਪਹੁੰਚੇ ਜਿਨ੍ਹਾਂ ਵਿੱਚ ਸਿਵਲ ਤੇ ਪੁਲਿਸ ਅਧਿਕਾਰੀ, ਪ੍ਰੋਫੈਸਰ ਅਤੇ ਵੱਡੀ ਗਿਣਤੀ ਵਿੱਚ ਡਾਕਟਰ ਸ਼ਾਮਲ ਹਨ। ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਅਕਸਰ ਆਪਣੇ ਸਤਿਕਾਰਯੋਗ ਅਧਿਆਪਕ ਪ੍ਰੋ. ਵਰਮਾ ਨੂੰ ਯਾਦ ਕਰਦੇ ਸਨ। ਸ੍ਰੀ ਵਰਮਾ ਨੇ ਅਧਿਆਪਨ ਤੋਂ ਇਲਾਵਾ ਬਤੌਰ ਸਿੱਖਿਆ ਪ੍ਰਸ਼ਾਸਕ ਕੁਸ਼ਲ ਸੇਵਾਵਾਂ ਨਿਭਾਈਆਂ। ਆਪ ਸਰਕਾਰੀ ਕਾਲਜ ਪੱਟੀ ਅਤੇ ਸਰਕਾਰੀ ਸਪੋਰਟਸ ਕਾਲਜ ਜਲੰਧਰ ਦੇ ਪ੍ਰਿੰਸੀਪਲ ਰਹਿਣ ਉਪਰੰਤ ਡੀ.ਪੀ.ਆਈ. ਕਾਲਜਾਂ ਵਿਖੇ ਬਤੌਰ ਡਿਪਟੀ ਡਾਇਰੈਕਟਰ ਵਜੋਂ ਸੇਵਾ-ਮੁਕਤ ਹੋਏ।

ਪ੍ਰੋ. ਬੀ.ਸੀ. ਵਰਮਾ ਦੇ ਧਰਮ ਪਤਨੀ ਵੀ ਅਧਿਆਪਕਾ ਸਨ ਅਤੇ ਉਨ੍ਹਾਂ ਦਾ ਇਕ ਪੁੱਤਰ ਸ੍ਰੀ ਅਨੁਰਾਗ ਵਰਮਾ ਇਸ ਵੇਲੇ ਪੰਜਾਬ ਦੇ ਮੁੱਖ ਸਕੱਤਰ ਅਤੇ ਦੂਜੇ ਪੁੱਤਰ ਅਸ਼ੀਸ਼ ਵਰਮਾ ਐਡਵੋਕੇਟ ਹਨ।
———