
ਜ਼ਿਲਾ ਟੀਕਾਕਰਨ ਅਫਸਰ ਨੇ ਲਿਆ ਟੀਕਾਕਰਨ ਕੈਂਪਾਂ ਦਾ ਜਾਇਜਾ
ਕੈੰਪ ਦੌਰਾਨ ਪੋਸ਼ਟਿਕ ਖੁਰਾਕ ਤੋਂ ਲੈ ਕੇ ਜਣੇਪੇ ਦੀਆਂ ਤਿਆਰੀਆਂ ਬਾਰੇ ਵੀ ਕੀਤਾ ਜਾਂਦਾ ਹੈ ਜਾਗਰੂਕ : ਸਿਵਲ ਸਰਜਨ ਡਾ ਰਿੰਕੂ ਚਾਵਲਾ।
ਐਚ.ਪੀ.ਵੀ ਵੈਕਸੀਨੇਸ਼ਨ ਮੁਹਿੰਮ ਵਿਚ ਮਾਪਿਆਂ ਦਾ ਵਧਿਆ ਭਰੋਸਾ : ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਿੰਕੂ ਚਾਵਲਾ
ਜੱਚਾ-ਬੱਚਾ ਸਿਹਤ ਪ੍ਰੋਗਰਾਮ ਨੂੰ ਹੋਰ ਮਜਬੂਤੀ ਦੇਣ ਦੇ ਮੰਤਵ ਨਾਲ ਡਾ ਕਵਿਤਾ ਸਿੰਘ ਸਿਵਲ ਸਰਜਨ ਫਾਜ਼ਿਲਕਾ ਜੀ ਦੇ ਨਿਰਦੇਸ਼ਾਂ ਹੇਠ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਿੰਕੂ ਚਾਵਲਾ ਨੇ ਅੱਜ ਜ਼ਿਲ੍ਹੇ ਵਿਚ ਚੱਲ ਰਹੇ ਟੀਕਾਕਰਨ ਕੈਂਪਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਤੇ ਮਾਸ ਮੀਡੀਆ ਤੋਂ ਵਿਨੋਦ ਖੁਰਾਣਾ ਮਨਬੀਰ ਸਿੰਘ, ਏ.ਐਨ.ਐਮ ਸਟਾਫ ਅਤੇ ਆਸ਼ਾ ਵਰਕਰ ਮੌਜੂਦ ਸਨ।
ਇਸ ਸਮੇਂ ਉਹਨਾਂ ਸੈਂਟਰਾਂ ਦਾ ਰਿਕਾਰਡ ਚੈਕ ਕੀਤਾ ਅਤੇ ਵੱਖ ਵੱਖ ਵਿਸ਼ਿਆਂ ਤੇ ਜਾਗਰੂਕ ਕੀਤਾ।
ਡਾ. ਰਿੰਕੂ ਨੇ ਕਿਹਾ ਕਿ ਵਿਭਾਗ ਵਲੋਂ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ ਅਧੀਨ ਜ਼ਿਲ੍ਹੇ ਤਹਿਤ ਟੀਕਾਕਰਨ ਕੈੰਪ ਲਗਾਏ ਜਾ ਰਹੇ ਹਨ ਤਾਂ ਜੋ ਬੱਚਿਆਂ ਅਤੇ ਮਾਵਾਂ ਦੀ ਮੌਤ ਦਰ ਨੂੰ ਘਟਾਇਆ ਜਾ ਸਕੇ ਅਤੇ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ। ਸਰਕਾਰੀ ਟੀਕਾਕਰਨ ਸੂਚੀ ਮੁਤਾਬਕ ਲਗਣ ਵਾਲੇ ਟੀਕਿਆਂ ਰਾਹੀਂ 12 ਮਾਰੂ ਬੀਮਾਰੀਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਨਵ ਜਨਮੇਂ ਬੱਚੇ ਤੋਂ ਲੈ ਕੇ 16 ਸਾਲ ਤੱਕ ਦੇ ਬੱਚਿਆਂ ਦਾ ਨਿਯਮਿਤ ਟੀਕਾਕਰਨ ਕਰਵਾ ਕੇ ਪੋਲੀਓ, ਗਲ਼-ਘੋਟੂ, ਕਾਲ਼ੀ ਖਾਂਸੀ, ਟੈਟਨਸ, ਦਿਮਾਗੀ ਬੁਖਾਰ, ਪੀਲ਼ੀਆ, ਖਸਰਾ, ਰੁਬੇਲਾ ਤੇ ਨਿਮੋਨੀਆ ਆਦਿ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਇਹਨਾਂ ਕੈੰਪਾਂ ਦੌਰਾਨ ਗਰਭਵਤੀ ਔਰਤਾਂ, ਮਾਵਾਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਪੋਸ਼ਟਿਕ ਖੁਰਾਕ ਦੇ ਮਹੱਤਵ, ਗਰਭਵਤੀ ਔਰਤ ਅਤੇ ਨਵਜੰਮੇ ਬੱਚੇ ਦੀ ਦੇਖਭਾਲ, ਦੁੱਧ ਚੁੰਘਾਉਣ ਦੇ ਸਹੀ ਤਰੀਕੇ, ਜਣੇਪੇ ਸਮੇਂ ਦੀਆਂ ਤਿਆਰੀਆਂ ਅਤੇ ਬਿਮਾਰੀਆਂ ਤੋਂ ਬਚਾਅ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਫੀਲਡ ਸਟਾਫ਼ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਉਹ ਆਪਣੇ ਏਰੀਏ ਅਧੀਨ ਆਉਂਦੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਵਾਉਣ, ਕਿਉਂਕਿ ਜੇਕਰ ਕੁਝ ਬੱਚੇ ਵੀ ਮੁਕੰਮਲ ਟੀਕਾਕਰਨ ਤੋਂ ਵਾਂਝੇ ਰਹਿ ਜਾਂਦੇ ਹਨ ਤਾਂ ਉਸ ਬੀਮਾਰੀ ਦਾ ਖਤਰਾ ਸਮਾਜ ’ਤੇ ਬਣਿਆ ਰਹਿੰਦਾ ਹੈ।
ਉਹਨਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਰੂਟੀਨ ਟੀਕਾਕਰਨ ਦੇ ਨਾਲ ਹੀ ਐਚ.ਪੀ.ਵੀ ਵੈਕਸੀਨੇਸ਼ਨ ਵੀ ਕੀਤੀ ਜਾ ਰਹੀ ਹੈ। ਇਹ ਵੈਕਸੀਨ 14 ਤੋਂ 15 ਸਾਲ ਦੀਆਂ ਕੁੜੀਆਂ ਨੂੰ ਹਿਊਮਨ ਪੇਪੀਲੋਮਾ ਵਾਇਰਸ (ਐਚ.ਪੀ.ਵੀ) ਤੋਂ ਬਚਾਅ ਵਿਚ ਸਹਾਇਕ ਹੈ। ਇਹ ਵਾਇਰਸ ਮਹਿਲਾਵਾਂ ਵਿਚ ਸਰਵਾਈਕਲ ਕੈਂਸਰ ਭਾਵ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਦਾ ਕਾਰਨ ਬਣਦਾ ਹੈ। ਡਾ. ਰਿੰਕੂ ਚਾਵਲਾ ਨੇ ਦਸਿਆ ਕਿ ਐਚ.ਪੀ.ਵੀ ਵੈਕਸੀਨੇਸ਼ਨ ਮੁਹਿੰਮ ਵਿਚ ਮਾਪਿਆਂ ਦਾ ਭਰੋਸਾ ਵਧਿਆ ਹੈ। ਐਚ.ਪੀ.ਵੀ ਵੈਕਸੀਨੇਸ਼ਨ ਮੁਹਿੰਮ 31 ਅਗਸਤ ਤਕ ਜਾਰੀ ਰਹੇਗੀ ਜਿਸ ਨੂੰ ਸਫਲ ਬਣਾਉਣ ਲਈ ਸਮੂਹ ਫੀਲਡ ਸਟਾਫ, ਏ.ਐਨ.ਐਮ ਅਤੇ ਆਸ਼ਾ ਵਰਕਰ ਆਪਣਾ ਸਹਿਯੋਗ ਦੇ ਰਹੇ ਹਨ।