Arth Parkash : Latest Hindi News, News in Hindi
ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਮਾਂਵਾਂ, ਪਤਨੀਆਂ ਅਤੇ ਭੈਣਾਂ ਬਣ ਰਹੀਆਂ ਹਨ ਭਗਵੰਤ ਮਾਨ ਸਰਕਾਰ ਦੀ ਸਭ ਤੋਂ ਵੱਡੀ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਮਾਂਵਾਂ, ਪਤਨੀਆਂ ਅਤੇ ਭੈਣਾਂ ਬਣ ਰਹੀਆਂ ਹਨ ਭਗਵੰਤ ਮਾਨ ਸਰਕਾਰ ਦੀ ਸਭ ਤੋਂ ਵੱਡੀ ਤਾਕਤ*
Saturday, 25 Jul 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਮਾਂਵਾਂ, ਪਤਨੀਆਂ ਅਤੇ ਭੈਣਾਂ ਬਣ ਰਹੀਆਂ ਹਨ ਭਗਵੰਤ ਮਾਨ ਸਰਕਾਰ ਦੀ ਸਭ ਤੋਂ ਵੱਡੀ ਤਾਕਤ*

 

*ਹਰ ਸਫ਼ਲ ਨਸ਼ਾ ਮੁਕਤੀ ਦੀ ਸ਼ੁਰੂਆਤ ਪਰਿਵਾਰ ਦੇ ਸਾਥ ਨਾਲ ਹੁੰਦੀ ਹੈ; ਪੰਜਾਬ ਦੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਵਿੱਚ ਔਰਤਾਂ ਹੀ ਅਸਲ ਬਦਲਾਅ ਦੀਆਂ ਵਾਹਕ ਹਨ: ਡਾ. ਬਲਬੀਰ ਸਿੰਘ*

 

*ਮੇਰੇ ਪਤੀ ਨੂੰ ਇਲਾਜ ਰਾਹੀਂ ਨਵੀਂ ਜ਼ਿੰਦਗੀ ਮਿਲੀ, ਫ਼ਿਰ ਅਸੀਂ ਆਪਣੇ ਇੱਕ ਰਿਸ਼ਤੇਦਾਰ ਨੂੰ ਵੀ ਨਸ਼ੇ ਦੀ ਲਤ ਤੋਂ ਬਾਹਰ ਕੱਢਣ ਵਿੱਚ ਮਦਦ ਕੀਤੀ: ਰਾਗਿਨੀ ਕੌਰ, ਲੁਧਿਆਣਾ*

 

*ਜਦੋਂ ਪੂਰਾ ਪਰਿਵਾਰ ਇਕੱਠਾ ਖੜ੍ਹਾ ਹੋਵੇ ਤਾਂ ਨਸ਼ੇ ਤੋਂ ਮੁਕਤੀ ਸੰਭਵ ਹੈ; ਅੱਜ ਮੇਰੇ ਪਤੀ ਪੂਰੀ ਤਰ੍ਹਾਂ ਨਸ਼ਾ-ਮੁਕਤ ਹਨ: ਬਲਵਿੰਦਰ ਕੌਰ, ਮੋਗਾ*

 

*ਚੰਡੀਗੜ੍ਹ, 26 ਜੁਲਾਈ 2026:*

 

ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਔਰਤਾਂ ਆਸ ਅਤੇ ਬਦਲਾਅ ਦੀਆਂ ਸਭ ਤੋਂ ਵੱਡੀਆਂ ਵਾਹਕ ਬਣ ਕੇ ਉੱਭਰ ਰਹੀਆਂ ਹਨ। ਹਾਲ ਹੀ ਵਿੱਚ ਮੋਗਾ ਵਿੱਚ ਕਰਵਾਏ ਗਏ ਇੱਕ ਜਾਗਰੂਕਤਾ ਪ੍ਰੋਗਰਾਮ ਨੇ ਪੂਰੇ ਪੰਜਾਬ ਵਿੱਚ ਗੂੰਜ ਰਹੇ ਇੱਕ ਮਹੱਤਵਪੂਰਨ ਸੰਦੇਸ਼ ਨੂੰ ਉਜਾਗਰ ਕੀਤਾ ਕਿ ਮਾਂਵਾਂ, ਪਤਨੀਆਂ, ਭੈਣਾਂ ਅਤੇ ਪਰਿਵਾਰ ਦੀਆਂ ਹੋਰ ਮਹਿਲਾਵਾਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਇਲਾਜ ਕਰਵਾਉਣ ਅਤੇ ਆਮ ਜ਼ਿੰਦਗੀ ਵਿੱਚ ਵਾਪਸ ਲਿਆਉਣ ਲਈ ਪ੍ਰੇਰਿਤ ਕਰਕੇ ਨਸ਼ਿਆਂ ਖ਼ਿਲਾਫ਼ ਇਸ ਲੜਾਈ ਦੀ ਅਗਵਾਈ ਕਰ ਰਹੀਆਂ ਹਨ।

 

ਜਦੋਂ ਕੋਈ ਪਰਿਵਾਰ ਨਸ਼ੇ ਦੀ ਲਪੇਟ ਵਿੱਚ ਆ ਜਾਂਦਾ ਹੈ ਤਾਂ ਇਸ ਦਾ ਸਭ ਤੋਂ ਵੱਧ ਮਾੜਾ ਅਸਰ ਔਰਤਾਂ ਅਤੇ ਬੱਚਿਆਂ ਨੂੰ ਝੱਲਣਾ ਪੈਂਦਾ ਹੈ। ਆਰਥਿਕ ਅਤੇ ਮਾਨਸਿਕ ਤਣਾਅ ਤੋਂ ਲੈ ਕੇ ਘਰੇਲੂ ਹਿੰਸਾ ਦੇ ਵਧਦੇ ਖ਼ਤਰੇ ਤੱਕ, ਨਸ਼ਾ ਪਰਿਵਾਰਾਂ ਨੂੰ ਅੰਦਰੋਂ ਹੀ ਤਬਾਹ ਕਰ ਦਿੰਦਾ ਹੈ। ਪਰ ਹੁਣ ਪੰਜਾਬ ਵਿੱਚ ਪਰਿਵਾਰ ਨਸ਼ੇ ਨੂੰ ਇੱਕ ਬੀਮਾਰੀ ਵਜੋਂ ਸਵੀਕਾਰ ਕਰ ਰਹੇ ਹਨ, ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਇਲਾਜ ਲਈ ਪ੍ਰੇਰਿਤ ਕਰ ਰਹੇ ਹਨ, ਉਨ੍ਹਾਂ ਦੇ ਠੀਕ ਹੋਣ ਦੀ ਪ੍ਰਕਿਰਿਆ ਵਿੱਚ ਸਾਥ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਮੁੜ ਨਸ਼ੇ ਦੀ ਗ੍ਰਿਫ਼ਤ ਵਿੱਚ ਜਾਣ ਤੋਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।

 

ਨਸ਼ਾ ਮੁਕਤੀ ਦੀ ਇਸ ਪ੍ਰਕਿਰਿਆ ਵਿੱਚ ਔਰਤਾਂ ਪ੍ਰੇਰਕ, ਦੇਖਭਾਲ ਕਰਨ ਵਾਲੀਆਂ ਅਤੇ ਮਾਰਗਦਰਸ਼ਕ ਵਜੋਂ ਸਭ ਤੋਂ ਵੱਡੀ ਤਾਕਤ ਬਣ ਕੇ ਸਾਹਮਣੇ ਆ ਰਹੀਆਂ ਹਨ। ਇੰਨਾ ਹੀ ਨਹੀਂ, ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਨਸ਼ਾ ਮੁਕਤੀ ਇਲਾਜ ਲਈ ਪ੍ਰੇਰਿਤ ਕਰ ਰਹੀਆਂ ਹਨ ਤਾਂ ਜੋ ਉਹ ਵੀ ਸਨਮਾਨਜਨਕ ਜ਼ਿੰਦਗੀ ਵੱਲ ਵਾਪਸ ਪਰਤ ਸਕਣ।

 

ਇਹ ਤਜ਼ਰਬੇ ਅਤੇ ਪ੍ਰੇਰਨਾਦਾਇਕ ਕਹਾਣੀਆਂ ਐੱਸ.ਐੱਫ਼.ਸੀ. ਕਾਲਜ, ਜਲਾਲਾਬਾਦ ਵਿੱਚ ਕਰਵਾਏ ਗਏ “ਮੈਨੇਸ ਆਫ਼ ਸਬਸਟਾਂਸ ਅਬਯੂਜ਼ – ਅਨਕਵਰਿੰਗ ਦ ਬਰਡਨ ਓਨ ਵੁਮੈਨ” (ਨਸ਼ਿਆਂ ਦਾ ਖ਼ਤਰਾ – ਔਰਤਾਂ ’ਤੇ ਪੈਣ ਵਾਲੇ ਬੋਝ ਨੂੰ ਸਮਝਣਾ) ਵਿਸ਼ੇ ’ਤੇ ਆਧਾਰਿਤ ਪ੍ਰੋਗਰਾਮ ਵਿੱਚ ਵੀ ਗੂੰਜੀਆਂ। ਇਸ ਪ੍ਰੋਗਰਾਮ ਵਿੱਚ ਨਸ਼ੇ ਤੋਂ ਉੱਭਰ ਚੁੱਕੇ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਮਹਿਲਾਵਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਹੌਂਸਲੇ, ਸਬਰ ਅਤੇ ਦ੍ਰਿੜ੍ਹ ਇਰਾਦੇ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਸ਼ਿਆਂ ਦੀ ਹਨ੍ਹੇਰੀ ਦੁਨੀਆ ਤੋਂ ਬਾਹਰ ਕੱਢ ਕੇ ਸਨਮਾਨਜਨਕ ਜੀਵਨ ਵੱਲ ਵਾਪਸ ਲਿਆਂਦਾ।

 

ਲੁਧਿਆਣਾ ਦੀ ਰਾਗਿਨੀ ਕੌਰ ਨੇ ਦੱਸਿਆ, “ਮੇਰੇ ਪਤੀ ਸਾਡੇ ਵਿਆਹ ਤੋਂ ਪਹਿਲਾਂ ਹੀ ਨਸ਼ੇ ਦੇ ਆਦੀ ਸਨ, ਪਰ ਮੈਨੂੰ ਇਸ ਬਾਰੇ ਉਸ ਵੇਲੇ ਪਤਾ ਲੱਗਿਆ ਜਦੋਂ ਅਸੀਂ ਇਕੱਠੇ ਰਹਿਣ ਲੱਗੇ। ਅਸੀਂ ਤਾਂ ਲਗਭਗ ਉਮੀਦ ਹੀ ਛੱਡ ਦਿੱਤੀ ਸੀ, ਉਦੋਂ ਕਿਸੇ ਨੇ ਸਾਨੂੰ ਉਨ੍ਹਾਂ ਨੂੰ ਨਸ਼ਾ ਮੁਕਤੀ ਅਤੇ ਰੀਹੈਬਲੀਟੇਸ਼ਨ ਕੇਂਦਰ ਲਿਜਾਣ ਦੀ ਸਲਾਹ ਦਿੱਤੀ। ਉੱਥੇ ਹੋਏ ਇਲਾਜ ਨੇ ਬਹੁਤ ਫ਼ਾਇਦਾ ਕੀਤਾ। ਅੱਜ ਉਹ ਪੂਰੀ ਤਰ੍ਹਾਂ ਨਸ਼ਾ-ਮੁਕਤ ਹਨ। ਮੇਰੇ ਪਤੀ ਦੇ ਨਸ਼ਾ-ਮੁਕਤ ਹੋਣ ਤੋਂ ਬਾਅਦ ਅਸੀਂ ਆਪਣੇ ਮਾਮੇ ਦੇ ਪੁੱਤਰ ਨੂੰ ਵੀ ਉਸੇ ਕੇਂਦਰ ਵਿੱਚ ਇਲਾਜ ਲਈ ਭੇਜਿਆ ਅਤੇ ਉਹ ਵੀ ਸਫ਼ਲਤਾਪੂਰਵਕ ਨਸ਼ੇ ਦੀ ਲਤ ਤੋਂ ਬਾਹਰ ਆ ਗਿਆ।”

 

ਮੋਗਾ ਦੇ ਪਿੰਡ ਬੁੱਟਰ ਕਲਾਂ ਦੀ ਬਲਵਿੰਦਰ ਕੌਰ ਨੇ ਵੀ ਆਪਣੇ ਪਤੀ ਦੇ ਨਸ਼ੇ ਤੋਂ ਬਾਹਰ ਆਉਣ ਦੀ ਕਹਾਣੀ ਸਾਂਝੀ ਕੀਤੀ। ਉਨ੍ਹਾਂ ਕਿਹਾ, “ਨਸ਼ੇ ਨੇ ਸਾਡੇ ਪਰਿਵਾਰ ਨੂੰ ਮਾਨਸਿਕ ਅਤੇ ਆਰਥਿਕ ਤੌਰ ’ਤੇ ਪੂਰੀ ਤਰ੍ਹਾਂ ਤੋੜ ਦਿੱਤਾ ਸੀ। ਕਾਊਂਸਲਿੰਗ ਦੌਰਾਨ ਸਾਨੂੰ ਸਮਝਾਇਆ ਗਿਆ ਕਿ ਨਸ਼ਾ ਮੁਕਤੀ ਇੱਕ ਅਜਿਹਾ ਸਫ਼ਰ ਹੈ ਜਿਸ ਵਿੱਚ ਪੂਰੇ ਪਰਿਵਾਰ ਦੀ ਭੂਮਿਕਾ ਹੁੰਦੀ ਹੈ। ਮੈਂ ਆਪਣੇ ਪਤੀ ਨੂੰ ਨਸ਼ਾ ਮੁਕਤੀ ਕੇਂਦਰ ਲੈ ਕੇ ਗਈ। ਅੱਜ ਉਹ ਪੂਰੀ ਤਰ੍ਹਾਂ ਨਸ਼ਾ-ਮੁਕਤ ਹਨ। ਇੰਨਾ ਹੀ ਨਹੀਂ, ਸਾਡੇ ਗੁਆਂਢ ਦਾ ਇੱਕ ਨੌਜਵਾਨ, ਜੋ ਹੈਰੋਇਨ ਦਾ ਆਦੀ ਸੀ, ਉਹ ਵੀ ਸਫ਼ਲਤਾਪੂਰਵਕ ਨਸ਼ੇ ਤੋਂ ਬਾਹਰ ਆ ਚੁੱਕਾ ਹੈ।”

 

ਨਸ਼ਿਆਂ ਵਿਰੁੱਧ ਅਜਿਹੀਆਂ ਪ੍ਰੇਰਨਾਦਾਇਕ ਸਫ਼ਲਤਾਵਾਂ ਇਸ ਗੱਲ ਨੂੰ ਹੋਰ ਮਜ਼ਬੂਤ ਕਰਦੀਆਂ ਹਨ ਕਿ ਪੰਜਾਬ ਦੀ ਨਸ਼ਾ ਮੁਕਤੀ ਰਣਨੀਤੀ ਵਿੱਚ ਪਰਿਵਾਰਾਂ, ਖ਼ਾਸ ਕਰਕੇ ਔਰਤਾਂ, ਨੂੰ ਕੇਂਦਰ ਵਿੱਚ ਰੱਖਣਾ ਕਿੰਨਾ ਜ਼ਰੂਰੀ ਹੈ। ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਔਰਤਾਂ ਦੀ ਇਸ ਅਹਿਮ ਭੂਮਿਕਾ ਨੂੰ ਦੇਖਦਿਆਂ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿੱਚ ਹਰ ਮਰੀਜ਼ ਦੇ ਇਲਾਜ ਦੀ ਪ੍ਰਕਿਰਿਆ ਦੌਰਾਨ ਪਰਿਵਾਰਕ ਕਾਊਂਸਲਿੰਗ ਨੂੰ ਲਾਜ਼ਮੀ ਹਿੱਸਾ ਬਣਾਇਆ ਜਾਵੇ।

 

ਲੁਧਿਆਣਾ ਦੇ ਜ਼ਿਲ੍ਹਾ ਨੋਡਲ ਮਨੋਚਿਕਿਤਸਕ ਡਾ. ਅਰਵਿੰਦ ਗੋਇਲ ਨੇ ਵੀ ਇਸ ਵਿਚਾਰ ਦਾ ਸਮਰਥਨ ਕਰਦਿਆਂ ਕਿਹਾ, “ਨਸ਼ਿਆਂ ਦੀ ਲਤ ਤੋਂ ਮੁਕਤੀ ਸਭ ਤੋਂ ਵੱਧ ਉਦੋਂ ਸਫ਼ਲ ਹੁੰਦੀ ਹੈ ਜਦੋਂ ਇਲਾਜ ਦੇ ਨਾਲ-ਨਾਲ ਪਰਿਵਾਰ ਦਾ ਮਜ਼ਬੂਤ ਸਹਿਯੋਗ ਵੀ ਮਿਲੇ। ਜਿੱਥੇ ਰਾਜ ਸਰਕਾਰ ਨੇ ਪੂਰੇ ਪੰਜਾਬ ਵਿੱਚ ਮੁਫ਼ਤ ਇਲਾਜ, ਕਾਊਂਸਲਿੰਗ ਅਤੇ ਰੀਹੈਬਲੀਟੇਸ਼ਨ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ ਹੈ, ਉੱਥੇ ਪਰਿਵਾਰਕ ਮੈਂਬਰਾਂ ਦੀ ਭਾਗੀਦਾਰੀ ਵੀ ਉਤਨੀ ਹੀ ਮਹੱਤਵਪੂਰਨ ਹੈ। ਪਰਿਵਾਰ ਭਾਵਨਾਤਮਕ ਸਹਾਰਾ ਦਿੰਦਾ ਹੈ, ਇਲਾਜ ਨੂੰ ਨਿਯਮਿਤ ਤੌਰ ’ਤੇ ਜਾਰੀ ਰੱਖਣ ਲਈ ਪ੍ਰੇਰਿਤ ਕਰਦਾ ਹੈ, ਔਖੀਆਂ ਸਥਿਤੀਆਂ ਵਿੱਚ ਹੌਂਸਲਾ ਦਿੰਦਾ ਹੈ ਅਤੇ ਅਜਿਹਾ ਮਾਹੌਲ ਬਣਾਉਂਦਾ ਹੈ ਜਿਸ ਨਾਲ ਵਿਅਕਤੀ ਲੰਬੇ ਸਮੇਂ ਤੱਕ ਨਸ਼ਾ-ਮੁਕਤ ਜੀਵਨ ਜੀ ਸਕੇ। ਅਸੀਂ ਕਈ ਮਾਮਲਿਆਂ ਵਿੱਚ ਦੇਖਿਆ ਹੈ ਕਿ ਮਾਂਵਾਂ, ਪਤਨੀਆਂ ਅਤੇ ਭੈਣਾਂ ਲੋਕਾਂ ਨੂੰ ਨਸ਼ਾ ਮੁਕਤੀ ਦੇ ਰਾਹ ’ਤੇ ਬਣਾਈ ਰੱਖਣ ਵਿੱਚ ਨਿਰਣਾਇਕ ਭੂਮਿਕਾ ਨਿਭਾਉਂਦੀਆਂ ਹਨ। ਨਸ਼ਾ ਮੁਕਤੀ ਇੱਕ ਸਾਂਝਾ ਯਤਨ ਹੈ, ਜਿਸ ਵਿੱਚ ਪਰਿਵਾਰ ਜ਼ਿੰਦਗੀ ਨੂੰ ਮੁੜ ਸੰਵਾਰਨ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਸਾਥੀ ਸਾਬਤ ਹੁੰਦਾ ਹੈ।”

 

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਹਰ ਸਫ਼ਲ ਨਸ਼ਾ ਮੁਕਤੀ ਦੇ ਪਿੱਛੇ ਇੱਕ ਪਰਿਵਾਰ, ਇੱਕ ਭਾਈਚਾਰਾ ਅਤੇ ਅਜਿਹੀ ਸਰਕਾਰੀ ਪ੍ਰਣਾਲੀ ਹੁੰਦੀ ਹੈ ਜੋ ਉਮੀਦ ਅਤੇ ਹਮਦਰਦੀ ਨੂੰ ਪਹਿਲ ਦਿੰਦੀ ਹੈ। ਮਾਂਵਾਂ, ਪਤਨੀਆਂ ਅਤੇ ਭੈਣਾਂ ਸਿਹਤਮੰਦ, ਨਸ਼ਾ-ਮੁਕਤ ਅਤੇ ਰੰਗਲੇ ਪੰਜਾਬ ਵੱਲ ਬਦਲਾਅ ਦੀ ਮਸ਼ਾਲਚੀ ਬਣ ਰਹੀਆਂ ਹਨ। ਭਗਵੰਤ ਮਾਨ ਸਰਕਾਰ ਦੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਦੀ ਸਭ ਤੋਂ ਵੱਡੀ ਸਫ਼ਲਤਾ ਇਹ ਹੈ ਕਿ ਇਸ ਨੇ ਨਸ਼ਿਆਂ ਵਿਰੁੱਧ ਲੜਾਈ ਨੂੰ ਲੋਕ ਲਹਿਰ ਦਾ ਰੂਪ ਦਿੱਤਾ ਹੈ ਅਤੇ ਅਸੀਂ ਇਸ ਬਦਲਾਅ ਦੀ ਅਗਵਾਈ ਕਰ ਰਹੀਆਂ ਔਰਤਾਂ ਦੀ ਆਵਾਜ਼ ਨੂੰ ਅੱਗੇ ਵੀ ਕੇਂਦਰ ਵਿੱਚ ਰੱਖਦੇ ਰਹਾਂਗੇ।”

------