ਆਧਾਰ ਐੱਪ ਰਾਹੀਂ ਸਾਂਝਾ ਕੀਤਾ ਆਧਾਰ ਪ੍ਰਮਾਣ-ਪੱਤਰ ਪਛਾਣ ਤਸਦੀਕ ਲਈ ਪੂਰੀ ਤਰ੍ਹਾਂ ਵੈਧ ਹੈ: ਯੂਆਈਡੀਏਆਈ
ਆਧਾਰ ਐੱਪ ਰਾਹੀਂ ਸਾਂਝਾ ਕੀਤਾ ਆਧਾਰ ਪ੍ਰਮਾਣ-ਪੱਤਰ ਪਛਾਣ ਤਸਦੀਕ ਲਈ ਪੂਰੀ ਤਰ੍ਹਾਂ ਵੈਧ ਹੈ: ਯੂਆਈਡੀਏਆਈ
ਚੰਡੀਗੜ੍ਹ, 12 ਮਈ 2026: ਭਾਰਤੀ ਵਿਲੱਖਣ ਪਛਾਣ ਅਥਾਰਿਟੀ (ਯੂਆਈਡੀਏਆਈ) ਦੇ ਖੇਤਰੀ ਦਫ਼ਤਰ ਚੰਡੀਗੜ੍ਹ ਨੇ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ ਕਿ ਆਧਾਰ ਐੱਪ ਤੋਂ ਦਿਖਾਏ, ਸਾਂਝਾ ਕੀਤੇ ਅਤੇ ਤਸਦੀਕ ਕੀਤੇ ਆਧਾਰ ਪ੍ਰਮਾਣ-ਪੱਤਰ ਆਧਾਰ ਨੰਬਰ ਧਾਰਕ ਦੀ ਪਛਾਣ ਸਥਾਪਤ ਕਰਨ ਲਈ ਕਾਨੂੰਨੀ ਤੌਰ 'ਤੇ ਪੂਰੀ ਤਰ੍ਹਾਂ ਵੈਧ ਹਨ।
ਯੂਆਈਡੀਏਆਈ ਵੱਲੋਂ ਲਾਂਚ ਕੀਤੀ ਗਈ ਆਧਾਰ ਐੱਪ ਆਧਾਰ ਨੰਬਰ ਧਾਰਕਾਂ ਨੂੰ ਆਪਣੀ ਪਛਾਣ ਨੂੰ ਮੋਬਾਈਲ ਫੋਨ ਰਾਹੀਂ ਸੁਰੱਖਿਅਤ ਢੰਗ ਨਾਲ ਵਿਖਾਉਣ, ਸਾਂਝਾ ਕਰਨ ਅਤੇ ਤਸਦੀਕ ਕਰਨ ਦੀ ਸਹੂਲਤ ਦਿੰਦੀ ਹੈ। ਇਹ ਐੱਪ ਐਂਡ੍ਰਾਇਡ ਅਤੇ ਆਈਓਐੱਸ ਦੋਵਾਂ ਪਲੈਟਫਾਰਮਾਂ 'ਤੇ ਉਪਲਬਧ ਹੈ ਅਤੇ ਲੋਕਾਂ ਨੂੰ ਪਛਾਣ ਤਸਦੀਕ ਲਈ ਆਸਾਨ, ਬਿਨਾਂ ਕਾਗਜ਼ ਵਾਲਾ ਅਤੇ ਸੁਰੱਖਿਅਤ ਤਰੀਕਾ ਮੁਹੱਈਆ ਕਰਵਾਉਂਦੀ ਹੈ।
ਆਧਾਰ ਐੱਪ ਰਾਹੀਂ ਔਫਲਾਈਨ ਤਸਦੀਕ ਚਾਹੁਣ ਵਾਲੀ ਇਕਾਈ ਨਾਲ ਪਛਾਣ ਵੇਰਵੇ ਸਾਂਝਾ ਕਰਦੇ ਵੇਲੇ ਪੂਰਾ 12 ਅੰਕ ਦਾ ਆਧਾਰ ਨੰਬਰ ਨਹੀਂ ਭੇਜਿਆ ਜਾਂਦਾ। ਵਿਅਕਤੀ ਆਪਣੀ ਲੋੜ ਅਨੁਸਾਰ ਪੂਰਾ ਜਾਂ ਅੰਸ਼ਕ ਵੇਰਵਾ ਸਾਂਝਾ ਕਰਨ ਦਾ ਫੈਸਲਾ ਖੁਦ ਲੈ ਸਕਦਾ ਹੈ, ਜਿਸ ਨਾਲ ਗੋਪਨੀਯਤਾ ਅਤੇ ਉਪਭੋਗਤਾ ਦਾ ਨਿਯੰਤਰਣ ਵਧਦਾ ਹੈ।
ਯੂਆਈਡੀਏਆਈ ਨੇ ਸਾਫ਼ ਕੀਤਾ ਹੈ ਕਿ ਆਧਾਰ ਐੱਪ ਰਾਹੀਂ ਸਾਂਝਾ ਕੀਤਾ ਆਧਾਰ ਪ੍ਰਮਾਣ-ਪੱਤਰ ਆਧਾਰ ਕਾਰਡ, ਈ-ਆਧਾਰ, ਮਾਸਕਡ ਈ-ਆਧਾਰ, ਆਧਾਰ ਪੀਵੀਸੀ ਕਾਰਡ ਅਤੇ ਐੱਮ-ਆਧਾਰ ਵਰਗੀਆਂ ਹੋਰ ਸਵੀਕਾਰ ਕੀਤੇ ਗਏ ਆਧਾਰ ਰੂਪਾਂ ਵਾਂਗ ਹੀ ਵੈਧ ਮੰਨਿਆ ਜਾਵੇਗਾ।
ਆਧਾਰ ਨੂੰ ਪਛਾਣ ਪ੍ਰਮਾਣ ਵਜੋਂ ਸਵੀਕਾਰ ਕਰਨ ਵਾਲੀਆਂ ਸਾਰੀਆਂ ਮੰਤਰਾਲਿਆਂ, ਵਿਭਾਗਾਂ, ਰਾਜ ਸਰਕਾਰਾਂ, ਖੁਦਮੁਖਤਿਆਰ ਸੰਸਥਾਵਾਂ ਅਤੇ ਹੋਰ ਸੰਸਥਾਵਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਧਾਰ ਐੱਪ ਰਾਹੀਂ ਸਾਂਝਾ ਕੀਤੇ ਆਧਾਰ ਪ੍ਰਮਾਣ-ਪੱਤਰਾਂ ਨੂੰ ਵੈਧ ਪਛਾਣ ਸਬੂਤ ਵਜੋਂ ਮਾਨਤਾ ਦੇਣ ਅਤੇ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ।
ਖੇਤਰੀ ਦਫ਼ਤਰ ਚੰਡੀਗੜ੍ਹ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਲਦਾਖ ਅਤੇ ਚੰਡੀਗੜ੍ਹ ਦੇ ਵਾਸੀਆਂ ਨੂੰ ਡਿਜੀਟਲ ਆਧਾਰ ਤਸਦੀਕ ਅਪਣਾਉਣ ਲਈ ਪ੍ਰੇਰਿਤ ਕੀਤਾ ਹੈ ਤਾਂ ਜੋ ਤੇਜ਼, ਸੁਰੱਖਿਅਤ ਅਤੇ ਬਿਨਾਂ ਰੁਕਾਵਟ ਵਾਲੀਆਂ ਸੇਵਾਵਾਂ ਯਕੀਨੀ ਬਣਾਈਆਂ ਜਾ ਸਕਣ।