ਅਗਨੀਵੀਰ ਭਰਤੀ ਰੈਲੀ: ਸੋਮਵਾਰ ਨੂੰ ਪੰਜਾਬ ਅਤੇ ਜੰਮੂ ਤੇ ਕਸ਼ਮੀਰ ਦੀਆਂ ਲੜਕੀਆਂ ਨੇ ਲਿਆ ਭਾਗ
ਅਗਨੀਵੀਰ ਭਰਤੀ ਰੈਲੀ: ਸੋਮਵਾਰ ਨੂੰ ਪੰਜਾਬ ਅਤੇ ਜੰਮੂ ਤੇ ਕਸ਼ਮੀਰ ਦੀਆਂ ਲੜਕੀਆਂ ਨੇ ਲਿਆ ਭਾਗ
ਜਲੰਧਰ, 13 ਅਕਤੂਬਰ : ਵਜਰਾ ਕੋਰਪਸ, ਹੈੱਡ ਕੁਆਰਟਰ ਰਿਕਰੂਟਿੰਗ ਜ਼ੋਨ, ਜਲੰਧਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਥਾਨਕ ਸਰਕਾਰੀ ਆਰਟਸ ਤੇ ਸਪੋਰਟਸ ਕਾਲਜ ਵਿਖੇ ਚੱਲ ਰਹੀ ਭਾਰਤੀ ਫੌਜ (ਅਗਨੀਵੀਰ) ਭਰਤੀ ਰੈਲੀ ਦੇ ਅੱਜ ਛੇਵੇਂ ਦਿਨ ਲੜਕੀਆਂ ਲਈ ਰੈਲੀ ਦੀ ਸ਼ੁਰੂਆਤ ਸਵੇਰੇ 5 ਵਜੇ ਕੀਤੀ ਗਈ।
ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖ਼ਲਾਈ ਬਿਊਰੋ ਨੀਲਮ ਮਹੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰੈਲੀ ਵਿੱਚ ਪੰਜਾਬ ਅਤੇ ਜੰਮੂ ਤੇ ਕਸ਼ਮੀਰ ਸੂਬਿਆਂ ਦੀਆਂ 250 ਤੋਂ ਵੱਧ ਲੜਕੀਆਂ ਨੇ ਭਾਗ ਲਿਆ ਅਤੇ ਇਸ ਦੀ ਸਮੀਖਿਆ ਮੇਜਰ ਜਨਰਲ ਐਮ. ਐਸ. ਬੈਂਸ, ਐਸ.ਸੀ, ਵਾਈ ਐਸ.ਐਮ., ਐਸ.ਐਮ. ਜ਼ੋਨਲ ਰਿਕਰੂਟਿੰਗ ਅਫ਼ਸਰ ਜਲੰਧਰ ਵੱਲੋਂ ਕੀਤੀ ਗਈ।
ਇਸ ਤੋਂ ਇਲਾਵਾ ਰੈਲੀ ਦੌਰਾਨ ਅਸਫ਼ਲ ਰਹੀਆਂ ਲੜਕੀਆਂ ਲਈ ਵਿਸ਼ੇਸ਼ ਕਾਊਂਸਲਿੰਗ ਸੈਸ਼ਨ ਵੀ ਕਰਵਾਇਆ ਗਿਆ, ਜਿਸ ਦੌਰਾਨ ਕੈਰੀਅਰ ਕਾਊਂਸਲਰ ਗੌਰਵ ਕੁਮਾਰ ਨੇ ਲੜਕੀਆਂ ਨੂੰ ਕਦੇ ਵੀ ਨਿਰਾਸ਼ ਨਾ ਹੋਣ ਅਤੇ ਹਮੇਸ਼ਾ ਸਕਾਰਾਤਮਕ ਰਹਿਣ ਲਈ ਪ੍ਰੇਰਿਤ ਕੀਤਾ। ਲੜਕੀਆਂ ਨੂੰ ਰੋਜ਼ਗਾਰ ਖੇਤਰ ਵਿੱਚ ਮੌਜੂਦ ਹੋਰ ਮੌਕਿਆਂ ਤੋਂ ਜਾਣੂ ਕਰਵਾਉਂਦਿਆਂ ਉਮੀਦਵਾਰਾਂ ਨੂੰ ਭਵਿੱਖ ਵਿੱਚ ਪੈਰਾ ਮਿਲਟਰੀ ਫੋਰਸਿਸ, ਏਅਰ ਫੋਰਸ ਆਦਿ ਰੱਖਿਆ ਸੇਵਾਵਾਂ ਦੇ ਇਮਤਿਹਾਨਾਂ ਦੀ ਤਿਆਰੀ ਲਈ ਉਤਸ਼ਾਹਿਤ ਕੀਤਾ ਗਿਆ।