ਨੌਵੇਂ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸਮਾਗਮਾਂ ਮੌਕੇ ਸੰਗਤਾਂ ਦੀ ਸੁਵਿਧਾ ਲਈ 101 ਏਕੜ ਰਕਬੇ ‘ਚ 30
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਨੌਵੇਂ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸਮਾਗਮਾਂ ਮੌਕੇ ਸੰਗਤਾਂ ਦੀ ਸੁਵਿਧਾ ਲਈ 101 ਏਕੜ ਰਕਬੇ ‘ਚ 30 ਪਾਰਕਿੰਗਾਂ ਦੀ ਵਿਵਸਥਾ ਹੋਵੇਗੀ
ਰੂਪਨਗਰ, 04 ਨਵੰਬਰ: ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੌਰਾਨ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਲਈ 101.21 ਏਕੜ ਰਕਬੇ ਦੇ ਵਿੱਚ 30 ਪਾਰਕਿੰਗਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ, ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਇਸ ਨਾਲ ਲੱਗਦੇ ਇਲਾਕਿਆਂ ਵਿੱਚ ਕੁੱਲ 30 ਪਾਰਕਿੰਗਾਂ ਲਈ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਜਿਸ ਉੱਤੇ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈ ਤਾਂ ਜੋ ਇਸ ਪਵਿੱਤਰ ਮੌਕੇ ਆਉਣ ਵਾਲੀਆਂ ਸੰਗਤਾਂ ਨੂੰ ਆਪਣੇ ਵਾਹਨਾਂ ਨੂੰ ਖੜਾਉਣ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਰੋਪੜ ਰੋਡ ‘ਤੇ 9 ਪਾਰਕਿੰਗਾਂ, ਸ੍ਰੀ ਅਨੰਦਪੁਰ ਸਾਹਿਬ ਤੋਂ ਗੜਸ਼ੰਕਰ ਰੋਡ ‘ਤੇ 9 ਪਾਰਕਿੰਗਾਂ ਦੀ ਸਹੂਲਤ ਹੋਵੇਗੀ। ਇਸ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਨੰਗਲ ਰੋਡ ‘ਤੇ 6 ਪਾਰਕਿੰਗਾਂ, ਸ੍ਰੀ ਅਨੰਦਪੁਰ ਸਾਹਿਬ ਤੋਂ ਨੈਣਾ ਦੇਵੀ ਅਤੇ ਦਸ਼ਮੇਸ਼ ਅਕੈਡਮੀ ਰੋਡ ‘ਤੇ 6 ਪਾਰਕਿੰਗਾਂ ਦੀ ਸਹੂਲਤ ਸੰਗਤ ਲਈ ਮੁਹੱਈਆ ਕਰਵਾਈ ਜਾ ਰਹੀ ਹੈ।
ਸ਼੍ਰੀ ਵਰਜੀਤ ਵਾਲੀਆ ਨੇ ਅੱਗੇ ਦੱਸਿਆ ਕਿ ਪਾਰਕਿੰਗ ਦੀਆਂ ਥਾਂਵਾਂ ਨੂੰ 3 ਕੈਟਾਗਿਰੀਆਂ ਵਿੱਚ ਵੰਡਿਆ ਗਿਆ ਹੈ। ਕੈਟਾਗਿਰੀ ‘ਏ’ ਵਿੱਚ ਸੀਸੀਟੀਵੀ ਕੈਮਰੇ, ਲੈਵਲਿੰਗ, ਮੋਬਾਈਲ ਟੁਆਲਿਟ ਵੈਨ ਤੇ ਮੋਬਾਈਲ ਬੈਥਿੰਗ ਵੈਨਾਂ, ਲਾਈਟਾਂ, ਪੀਣ ਵਾਲਾ ਸਾਫ ਪਾਣੀ, ਮੋਬਾਇਲ ਬਾਥਿੰਗ ਵੈਨਾਂ ਦੀ ਸਹੂਲਤ ਅਤੇ ਰੱਸੀਆਂ ਨਾਲ ਬੈਰੀਕੇਡਿੰਗ ਸ਼ਾਮਿਲ ਹੋਵੇਗੀ। ਇਨ੍ਹਾਂ ਪਾਰਕਿੰਗਾਂ ਸਥਾਨਾਂ ਵਿੱਚ ਪੁੱਡਾ ਕਲੋਨੀ (ਪਿੰਡ ਝਿੰਜੜੀ), ਐਸਜੀਪੀਸੀ ਗਰਾਊਂਡ, ਲੋਧੀਪੁਰ ਟੀ-ਪੁਆਇੰਟ, ਪਸ਼ੂ ਮੰਡੀ ਨੇੜੇ ਆਦਰਸ਼ ਸਕੂਲ, ਸਰਕਾਰੀ ਹਾਈ ਸਕੂਲ ਅਗੰਮਪੁਰ, ਪੁਰਾਣੀ ਮੰਡੀ ਨੇੜੇ ਭੁੱਲਰ ਪੈਟਰੋਲ ਪੰਪ, ਆਈਟੀਆਈ ਕੰਪਲੈਕਸ ਦੇ ਪਿੱਛੇ, ਅਗੰਮਪੁਰ ਪੈਟਰੋਲ ਪੰਪ ਦੇ ਸਾਹਮਣੇ ਨੇੜੇ ਆਈਟੀਆਈ, ਧਰਮਾਨੀ ਭੱਠਾ, ਸਰਕਾਰੀ ਹਸਪਤਾਲ ਦੇ ਸਾਹਮਣੇ ਨੇੜੇ ਚਰਨ ਗੰਗਾ ਨਦੀ ਅਤੇ ਟਰਾਲੀ ਸਿਟੀ ਨੇੜੇ ਚਰਨ ਗੰਗਾ ਨਦੀ ਦੇ ਖੇਤਰ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਕੈਟਾਗਿਰੀ ‘ਬੀ’ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਗਰਾਊਂਡ ਮਿੰਦਵਾਂ ਲੋਅਰ, ਚਰਨ ਗੰਗਾ ਦੇ ਅੰਦਰ (ਟੱਪਰੀਆਂ), ਅਗੰਮਪੁਰ (ਖੁੱਲ੍ਹਾ ਗਰਾਊਂਡ), ਪੌਲੀਟੈਕਨੀਕਲ ਕਾਲਜ ਅਗੰਮਪੁਰ, ਸਵਾਗਤੀ ਗੇਟ ਨੇੜੇ ਗੰਗੂਵਾਲ, ਨੇਚਰ ਪਾਰਕ ਨੇੜੇ, ਨੇਚਰ ਪਾਰਕ ਦੇ ਸਾਹਮਣੇ ਅਤੇ ਗਰਲਜ਼ ਆਈਟੀਆਈ ਨੇੜੇ ਹੋਲੀ ਸਿਟੀ ਦੇ ਖੇਤਰ ਸ਼ਾਮਲ ਹਨ। ਇਸ ਵਿੱਚ ਮੋਬਾਈਲ ਟੁਆਲਿਟ ਵੈਨ ਤੇ ਮੋਬਾਈਲ ਬਾਥਿੰਗ ਵੈਨ, ਲੈਵਲਿੰਗ ਅਤੇ ਪੀਣ ਵਾਲਾ ਸਾਫ ਪਾਣੀ ਦੀ ਸਹੂਲਤ ਮਿਲੇਗੀ।
ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਪੁਲਿਸ ਸਟੇਸ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਪਿੱਛੇ, ਰੇਲਵੇ ਸਟੇਸ਼ਨ ਪਾਰਕਿੰਗ ਅਤੇ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨੇੜੇ-ਨੈਣਾ ਦੇਵੀ ਰੋਡ, ਇਹ ਅਜਿਹੀਆਂ ਥਾਵਾਂ ਹਨ, ਜਿਨ੍ਹਾਂ ਤੇ ਕਿਸੇ ਵੀ ਵਾਧੂ ਕੰਮ ਦੀ ਕੋਈ ਲੋੜ ਨਹੀਂ ਹੈ, ਇਥੇ ਪਹਿਲਾ ਹੀ ਸਾਰੀਆਂ ਸੁਵਿਧਾਵਾਂ ਉਪਲੱਬਧ ਹਨ।
ਡਿਪਟੀ ਕਮਿਸ਼ਨਰ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਪਾਰਕਿੰਗ ਥਾਵਾਂ ਉੱਤੇ ਹੀ ਆਪਣੇ ਵਾਹਨ - ਕਾਰਾਂ, ਜੀਪਾਂ, ਟ੍ਰੈਕਟਰ-ਟ੍ਰਾਲੀਆਂ, ਟਰੱਕ, ਬੱਸ ਆਦਿ ਖੜਾਉਣ ਤਾਂ ਜੋ ਟ੍ਰੈਫਿਕ ਵਿਵਸਥਾ ਪ੍ਰਭਾਵਿਤ ਨਾ ਹੋਵੇ ਅਤੇ ਸਮਾਗਮ ਸ਼ਾਂਤੀਪੂਰਵਕ ਤੇ ਸੁਚਾਰੂ ਢੰਗ ਨਾਲ ਹੋ ਸਕੇ।