ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ’ਤੇ ਵਿਧਾਇਕ ਜਿੰਪਾ ਤੇ ਡਿਪਟੀ ਕਮਿਸ਼ਨਰ ਦੀ ਅਗਵਾਈ ’ਚ ਜਾਗਰੂਕਤਾ ਮਾਰਚ ਦਾ ਆਯੋਜਨ
ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ’ਤੇ ਵਿਧਾਇਕ ਜਿੰਪਾ ਤੇ ਡਿਪਟੀ ਕਮਿਸ਼ਨਰ ਦੀ ਅਗਵਾਈ ’ਚ ਜਾਗਰੂਕਤਾ ਮਾਰਚ ਦਾ ਆਯੋਜਨ
’ਨਸ਼ਾ ਮੁਕਤੀ ਮੋਰਚਾ ਟੀਮ’ ਨਾਲ ਮੋਮਬੱਤੀ ਮਾਰਚ ਦਾ ਆਯੋਜਨ, ਨੌਜਵਾਨਾਂ ਨੂੰ ਦਿੱਤਾ ਨਸ਼ਾ ਮੁਕਤ ਜੀਵਨ ਦਾ ਸੰਦੇਸ਼
ਹੁਸ਼ਿਆਰਪੁਰ, 26 ਜੂਨ :
ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਮੌਕੇ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਵਿਚ ਇਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੀ ਅਗਵਾਈ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਅਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕੀਤੀ। ਇਸ ਪ੍ਰੋਗਰਾਮ ਦਾ ਆਯੋਜਨ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤਾ ਗਿਆ ਜਿਸ ਵਿਚ ’ਨਸ਼ਾ ਮੁਕਤੀ ਮੋਰਚਾ ਟੀਮ’ ਦੀ ਮੋਹਰੀ ਭੂਮਿਕਾ ਰਹੀ।
ਪ੍ਰੋਗਰਾਮ ਤਹਿਤ ਸ਼ਾਮ 7 ਵਜੇ ਤੋਂ ਸ਼ਹਿਰ ਦੇ ਘੰਟਾ ਘਰ ਚੌਕ ਤੋਂ ਮਹਾਰਿਸ਼ੀ ਵਾਲਮੀਕਿ ਚੌਕ (ਸਬਜ਼ੀ ਮੰਡੀ) ਤੱਕ ਇਕ ਮੋਮਬੱਤੀ ਜਾਗਰੂਕਤਾ ਮਾਰਚ ਕੱਢਿਆ ਗਿਆ। ਇਸ ਮੁਹਿੰਮ ਦਾ ਉਦੇਸ਼ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨਾ ਅਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਸਮੂਹਿਕ ਸੰਕਲਪ ਲੈਣਾ ਸੀ।
ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨਸ਼ਾ ਸਮਾਜ ਦੇ ਵਿਕਾਸ ਵਿਚ ਸਭ ਤੋਂ ਵੱਡੀ ਰੁਕਾਵਟ ਹੈ ਅਤੇ ਇਸ ਨਾਲ ਨਜਿਠਣ ਲਈ ਕੇਵਲ ਕਾਨੂੰਨ ਹੀ ਨਹੀਂ, ਲੋਕਾਂ ਦੀ ਸ਼ਮੂਲੀਅਤ ਅਤੇ ਸਮਾਜਿਕ ਜਾਗਰੂਕਤਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਨੂੰ ਸਹੀ ਦਿਸ਼ਾ ਦੇਣਾ ਹੀ ਨਸ਼ਾ ਮੁਕਤੀ ਦੀ ਸਭ ਤੋਂ ਮਜ਼ਬੂਤ ਨੀਂਹ ਹੈ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਸ਼ਾ ਤਸਕਰਾਂ ਖਿਲਾਫ਼ ਸਖਤ ਕਾਰਵਾਈ ਕਰ ਰਹੀ ਹੈ ਪਰੰਤੂ ਇਸ ਸਮਾਜਿਕ ਬੁਰਾਈ ਨੂੰ ਜੜ੍ਹ ਤੋਂ ਛੁਟਕਾਰਾ ਪਾਉਣ ਲਈ ਹਰ ਨਾਗਰਿਕ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਆਮ ਲੋਕਾਂ, ਖਾਸਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੇ ਜਾਗਰੂਕਤਾ ਅਭਿਆਨਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਨਸ਼ਾ ਮੁਕਤ ਪੰਜਾਬ ਦੇ ਨਿਰਮਾਣ ਵਿਚ ਆਪਣੀ ਮੋਹਰੀ ਭੂਮਿਕਾ ਨਿਭਾਉਣ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਇਸ ਪਹਿਲ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਇਹ ਆਯੋਜਨ ਨੌਜ਼ਵਾਨਾਂ ਅਤੇ ਸਮਾਜ ਨੂੰ ਜਾਗਰੂਕ ਕਰਨ ਦੀ ਦਿਸ਼ਾ ਵਿਚ ਇਕ ਪ੍ਰੇਰਣਦਾਇਕ ਕਦਮ ਹੈ। ਉਨ੍ਹਾਂ ਕਿਹਾ ਕਿ ਨਸ਼ੇ ਵਰਗੀ ਸਮਾਜਿਕ ਬੁਰਾਈ ਖਿਲਾਫ਼ ਸਿਰਫ਼ ਸਰਕਾਰੀ ਯਤਨ ਹੀ ਕਾਫ਼ੀ ਨਹੀਂ ਹਨ, ਜਦ ਤੱਕ ਸਮਾਜ ਦਾ ਹਰ ਵਰਗ ਇਸ ਵਿਚ ਮੋਹਰੀ ਭੂਮਿਕਾ ਨਾ ਨਿਭਾਵੇ। ਇਸ ਤਰ੍ਹਾਂ ਦੇ ਕੈਂਡਲ ਮਾਰਚ ਲੋਕਾਂ ਨੂੰ ਜਾਗਰੂਕ ਕਰਨ ਦਾ ਮਹੱਤਵਪੂਰਨ ਸਾਧਨ ਬਣਦੇ ਹਨ ਜੋ ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਨੂੰ ਇਸ ਗੰਭੀਰ ਸਮੱਸਿਆ ਪ੍ਰਤੀ ਸੁਚੇਤ ਕਰਦੇ ਹਨ ਅਤੇ ਉਨ੍ਹਾਂ ਨੂੰ ਇਕ ਸਕਰਾਤਮਕ ਦਿਸ਼ਾ ਪ੍ਰਦਾਨ ਕਰਦੇ ਹਨ।
ਡਿਪਟੀ ਕਮਿਸ਼ਨਰ ਨੇ ’ਨਸ਼ਾ ਮੁਕਤੀ ਮੋਰਚਾ ਟੀਮ’ ਅਤੇ ਆਯੋਜਨ ਨਾਲ ਜੁੜੇ ਸਾਰੇ ਸੰਗਠਨਾਂ ਦੀ ਸਰਾਹਨਾਂ ਕਰਦੇ ਹੋਏ ਕਿਹਾ ਕਿ ਨਸ਼ੇ ਨਾਲ ਜੁਝ ਰਹੇ ਲੋਕਾਂ ਨੂੰ ਹਮਦਰਦੀ, ਮਾਰਗਦਰਸ਼ਨ ਅਤੇ ਪੁਨਰਵਾਸ ਦੀ ਜ਼ਰੂਰਤ ਹੈ ਅਤੇ ਇਸ ਲਈ ਪ੍ਰਸ਼ਾਸਨ ਹਰ ਸੰਭਵ ਸਹਿਯੋਗ ਲਈ ਤਿਆਰ ਹੈ।
ਇਸ ਮੌਕੇ ’ਨਸ਼ਾ ਮੁਕਤੀ ਮੋਰਚਾ ਟੀਮ’ ਦੇ ਜ਼ਿਲ੍ਹਾ ਕੋਆਰਡੀਨੇਟਰ ਸਤਵੰਤ ਸਿੰਘ ਸਿਆਣ ਅਤੇ ਕੰਚਨ ਦਿਓਲ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਦੋਵਾਂ ਨੇ ਨਸ਼ੇ ਦੀ ਸਮੱਸਿਆ ’ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਮਾਜ ਦੇ ਹਰ ਵਰਗ ਨੂੰ ਇਸ ਲੜ੍ਹਾਈ ਵਿਚ ਅੱਗੇ ਆਉਣ ਦੀ ਅਪੀਲ ਕੀਤੀ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਡਿਪਟੀ ਮੇਅਰ ਰਣਜੀਤ ਚੌਧਰੀ, ਸਹਾਇਕ ਕਮਿਸ਼ਨਰ ਓਏਸ਼ੀ ਮੰਡਲ, ਹੁਸ਼ਿਆਰਪੁਰ ਸਹਿਕਾਰੀ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਐਸ.ਪੀ ਮੇਜਰ ਸਿੰਘ, ਸੰਯੁਕਤ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਕੌਂਸਲਰ ਬਲਵਿੰਦਰ ਬਿੰਦੀ, ਪ੍ਰਦੀਪ ਬਿੱਟੂ, ਵਿਜੇ ਅਗਰਵਾਲ, ਮੋਹਿਤ ਸੈਣੀ, ਵਰਿੰਦਰ ਦੱਤ ਵੈਦ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।