ਪੰਜਾਬ ਸਰਕਾਰ ਦੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਪਿੰਡ ਡੇਹਰਾ ਸਾਹਿਬ ਵਿਖੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ
ਪੰਜਾਬ ਸਰਕਾਰ ਦੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਪਿੰਡ ਡੇਹਰਾ ਸਾਹਿਬ ਵਿਖੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ
ਖਡੂਰ ਸਾਹਿਬ, ਤਰਨ ਤਾਰਨ, 17 ਜੁਲਾਈ:
ਹਲਕਾ ਖਡੂਰ ਸਾਹਿਬ ਦੇ ਪਿੰਡ ਡੇਹਰਾ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਦੇ ਤਹਿਤ ਜਾਗਰੂਕਤਾ ਪ੍ਰੋਗਰਾਮ ਦਾ ਸਫਲਤਾ ਪੂਰਵਕ ਆਯੋਜਨ ਕੀਤਾ ਗਿਆ।
ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਥਾਨਕ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕਰਨਾ ਅਤੇ ਨਸ਼ਾ ਮੁਕਤ ਪੰਜਾਬ ਦੀ ਸਥਾਪਨਾ ਲਈ ਸਮਾਜਿਕ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਸੀ।
ਇਸ ਮੌਕੇ ਨਸ਼ਾ ਮੁਕਤੀ ਮੋਰਚਾ ਦੇ ਹਲਕਾ ਕੋਆਰਡੀਨੇਟਰ ਜਸਕਰਨ ਸਿੰਘ ਲਾਡੀ ਦੀ ਅਗਵਾਈ ਵਿੱਚ "ਨਸ਼ਾ ਮੁਕਤੀ ਯਾਤਰਾ" ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮੰਡੀ ਬੋਰਡ ਨੌਸ਼ਹਿਰਾ ਪੰਨੂਆ ਦੇ ਚੇਅਰਮੈਨ ਹਰਜੀਤ ਸਿੰਘ ਸੰਧੂ, ਡੀ ਐਸ ਪੀ ਗੋਇੰਦਵਾਲ ਸਾਹਿਬ ਸ੍ਰੀ ਅਤੁਲ ਸੋਨੀ, ਬਲਰਾਜ ਸਿੰਘ ਐਸ ਐਚ ਓ ਗੋਇੰਦਵਾਲ ਸਾਹਿਬ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ, ਪੰਚਾਂ-ਸਰਪੰਚਾਂ ਅਤੇ ਮੋਹਤਬਰ ਵਿਅਕਤੀਆਂ ਨੇ ਹਿੱਸਾ ਲਿਆ।
ਚੇਅਰਮੈਨ ਹਰਜੀਤ ਸਿੰਘ ਸੰਧੂ ਨੇ ਸੰਬੋਧਨ
ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਨਸ਼ਿਆਂ ਦੇ ਖਾਤਮੇ ਲਈ ਦ੍ਰਿੜ ਸੰਕਲਪਿਤ ਹੈ।
ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਨਸ਼ਾ ਵਿਕਣ ਅਤੇ ਵਰਤਣ ਵਾਲਿਆਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ ਅਤੇ ਨਸ਼ੇ ਦੀ ਦਲਦਲ ਵਿੱਚ ਫਸੇ ਵਿਅਕਤੀਆਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਲਈ ਪ੍ਰੇਰਿਤ ਕੀਤਾ ਜਾਵੇ, ਜਿੱਥੇ ਮੁਫਤ ਅਤੇ ਢੁਕਵਾਂ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ। ਪ੍ਰੋਗਰਾਮ ਦੌਰਾਨ ਡੀ ਐਸ ਪੀ ਅਤੁਲ ਸੋਨੀ ਨੇ ਪਿੰਡ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਸਰਕਾਰ ਦੀ ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।
ਸਮਾਗਮ ਵਿੱਚ ਸਥਾਨਕ ਲੋਕਾਂ ਨੇ ਨਸ਼ਿਆਂ ਦੇ ਵਿਰੁੱਧ ਲੜਾਈ ਵਿੱਚ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਅਤੇ ਸਹੁੰ ਚੁੱਕੀ ਕਿ ਉਹ ਨਸ਼ਿਆਂ ਦੀ ਵਿਕਰੀ ਅਤੇ ਵਰਤੋਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਸਹਿਯੋਗ ਦੇਣਗੇ।
ਇਸ ਮੌਕੇ ਉਹਨਾਂ ਦੇ ਨਾਲ ਪਾਲ ਸਿੰਘ ਖਾਲਸਾ ਗਿੱਲ ਵੜੈਚ, ਗੁਰਦਿਆਲ ਸਿੰਘ ਭੈਲ ਬਲਾਕ ਪ੍ਰਧਾਨ, ਸਰਬਜੀਤ ਸਿੰਘ ਸਰਪੰਚ ਡੇਹਰਾ ਸਾਹਿਬ, ਸਰਮੁਖ ਸਿੰਘ ਅਤੇ ਹੋਰ ਪਿੰਡ ਦੇ ਮੋਹਤਬਰ ਆਗੂ ਹਾਜ਼ਰ ਸਨ।
ਇਸ ਤੋਂ ਇਲਾਵਾ ਹਲਕਾ ਤਰਨ ਤਾਰਨ ਦੇ ਪਿੰਡ ਭੋਜਰਾਵਾਲਾ, ਭੋਜੀਆਂ, ਪੰਜਵੜ ਖੁਰਦ, ਪੰਜਵੜ ਕਲਾਂ ਅਤੇ ਬਘੇਲ ਸਿੰਘ ਵਾਲਾ ਵਿਖੇ ਨਸ਼ਾ ਮੁਕਤੀ ਮੋਰਚਾ ਦੇ ਹਲਕਾ ਕੋਆਰਡੀਨੇਟਰ ਸ੍ਰੀ ਕੁਲਦੀਪ ਸਿੰਘ ਦੀ ਅਗਵਾਈ ਹੇਠ ਨਸ਼ਾ ਮੁਕਤੀ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪਿੰਡ ਵਿੱਚ ਨਸ਼ਾ ਮੁਕਤੀ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਜ਼ਰੂਰ ਨਿਭਾਉਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਉਣ।