ਖਰਚਾ ਨਿਗਰਾਨ ਵੱਲੋਂ ਸਹਾਇਕ ਰਿਟਰਨਿੰਗ ਅਫਸਰਾਂ ਅਤੇ ਸਹਾਇਕ ਚੋਣ ਆਬਜ਼ਰਵਰਾਂ ਨੂੰ ਨਿਰਦੇਸ਼
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ
ਖਰਚਾ ਨਿਗਰਾਨ ਵੱਲੋਂ ਸਹਾਇਕ ਰਿਟਰਨਿੰਗ ਅਫਸਰਾਂ ਅਤੇ ਸਹਾਇਕ ਚੋਣ ਆਬਜ਼ਰਵਰਾਂ ਨੂੰ ਨਿਰਦੇਸ਼;
- ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਐਸ.ਐਸ.ਟੀਜ਼ ਦੁਆਰਾ ਚੈਕਿੰਗ 'ਚ ਤੇਜ਼ੀ ਲਿਆਂਦੀ ਜਾਵੇ
ਲੁਧਿਆਣਾ, 27 ਮਈ (2024) - ਲੋਕ ਸਭਾ ਚੋਣਾਂ-2024 ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਯਕੀਨੀ ਬਣਾਉਣ ਦੇ ਉਦੇਸ਼ ਨਾਲ, ਲੁਧਿਆਣਾ ਸੰਸਦੀ ਹਲਕੇ ਦੇ ਖਰਚਾ ਨਿਗਰਾਨ ਪੰਕਜ ਕੁਮਾਰ ਨੇ ਲੁਧਿਆਣਾ ਪੂਰਬੀ, ਲੁਧਿਆਣਾ ਦੱਖਣੀ, ਲੁਧਿਆਣਾ ਕੇਂਦਰੀ ਅਤੇ ਆਤਮ ਨਗਰ ਹਲਕਿਆਂ ਵਿੱਚ ਸੋਮਵਾਰ ਨੂੰ ਸਹਾਇਕ ਰਿਟਰਨਿੰਗ ਅਫਸਰਾਂ ਅਤੇ ਸਹਾਇਕ ਚੋਣ ਆਬਜ਼ਰਵਰਾਂ ਨਾਲ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਸਹਾਇਕ ਰਿਟਰਨਿੰਗ ਅਫਸਰਾਂ ਅਤੇ ਸਹਾਇਕ ਚੋਣ ਆਬਜ਼ਰਵਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸਟੈਟਿਕ ਸਰਵੀਲੈਂਸ ਟੀਮਾਂ (ਐਸ.ਐਸ.ਟੀ.) ਵੱਲੋਂ ਸ਼ਰਾਬ, ਨਕਦੀ, ਨਸ਼ੀਲੇ ਪਦਾਰਥਾਂ ਅਤੇ ਹੋਰ ਵਸਤੂਆਂ ਦੀ ਤਸਕਰੀ ਨੂੰ ਰੋਕਣ ਲਈ ਚੈਕਿੰਗ ਤੇਜ਼ ਕਰਨ ਜੋ ਵੋਟਾਂ ਵਾਲੇ ਦਿਨਾਂ ਤੋਂ ਪਹਿਲਾਂ ਵੋਟਰਾਂ ਨੂੰ ਭਰਮਾਉਣ ਜਾਂ ਪ੍ਰਭਾਵਿਤ ਕਰਨ ਲਈ ਵਰਤੀਆਂ ਜਾ ਸਕਦੀਆਂ ਹਨ।
ਮੀਟਿੰਗ ਵਿੱਚ ਏ.ਆਰ.ਓ ਲੁਧਿਆਣਾ ਕੇਂਦਰੀ ਓਜਸਵੀ ਅਲੰਕਾਰ, ਏ.ਆਰ.ਓ ਲੁਧਿਆਣਾ ਪੂਰਬੀ ਚੇਤਨ ਬੰਗੜ, ਏ.ਆਰ.ਓ ਲੁਧਿਆਣਾ ਦੱਖਣੀ ਇੰਦਰ ਪਾਲ ਅਤੇ ਏ.ਆਰ.ਓ ਆਤਮ ਨਗਰ ਪਰਮਦੀਪ ਸਿੰਘ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।
ਖਰਚਾ ਨਿਗਰਾਨ ਪੰਕਜ ਕੁਮਾਰ ਨੇ ਲੁਧਿਆਣਾ ਦੱਖਣੀ ਅਤੇ ਆਤਮ ਨਗਰ ਨੂੰ ਖਰਚੇ ਦੇ ਸੰਵੇਦਨਸ਼ੀਲ ਹਿੱਸੇ ਦੱਸਦਿਆਂ ਏ.ਆਰ.ਓਜ਼ ਨੂੰ ਕਿਹਾ ਕਿ ਸਖਤ ਨਿਗਰਾਨੀ ਰੱਖਣ ਲਈ ਸੀ.ਏ.ਪੀ.ਐਫ. ਕਰਮਚਾਰੀਆਂ ਅਤੇ ਆਬਕਾਰੀ ਅਧਿਕਾਰੀਆਂ ਨੂੰ ਸ਼ਾਮਲ ਕਰਕੇ ਵਿਸ਼ੇਸ਼ ਐਸ.ਐਸ.ਟੀ. ਨਾਕਿਆਂ ਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੁਧਿਆਣਾ ਦੇ ਹਰੇਕ ਵਿਧਾਨ ਸਭਾ ਹਲਕੇ ਲਈ 9 ਸਟੈਟਿਕ ਸਰਵੇਲੈਂਸ ਟੀਮਾਂ (ਐਸ.ਐਸ.ਟੀ.) ਨਿਯੁਕਤ ਕੀਤੀਆਂ ਗਈਆਂ ਹਨ ਅਤੇ ਇਹ ਟੀਮਾਂ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਜ਼ਿੰਮੇਵਾਰ ਹਨ।
ਖਰਚਾ ਨਿਗਰਾਨ ਪੰਕਜ ਕੁਮਾਰ ਨੇ ਦੱਸਿਆ ਕਿ ਪੋਲਿੰਗ ਵਾਲੇ ਦਿਨ ਤੋਂ ਪਹਿਲਾਂ ਦਾ ਸਮਾਂ ਅਹਿਮ ਹੈ ਅਤੇ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਟੀਮਾਂ ਨੂੰ ਚੈਕਿੰਗ ਤੇਜ਼ ਕਰਨ ਲਈ ਕਿਹਾ ਗਿਆ ਹੈ।
© 2022 Copyright. All Rights Reserved with Arth Parkash and Designed By Web Crayons Biz