ਬਿਹਾਰ ਕੇਡਰ ਦੇ ਆਈ ਏ ਐਸ ਅਫਸਰਾਂ ਨੇ ਐਸ.ਏ.ਐਸ.ਨਗਰ ਦਾ ਦੌਰਾ ਕੀਤਾ
ਦਫਤਰ, ਜ਼ਿਲ੍ਹਾ ਲੋਕ ਸੰਪਰਕ ਅਫਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਬਿਹਾਰ ਕੇਡਰ ਦੇ ਆਈ ਏ ਐਸ ਅਫਸਰਾਂ ਨੇ ਐਸ.ਏ.ਐਸ.ਨਗਰ ਦਾ ਦੌਰਾ ਕੀਤਾ
ਡੀ ਸੀ ਆਸ਼ਿਕਾ ਜੈਨ ਨੇ ਅੰਡਰ ਟਰੇਨੀ ਅਫਸਰਾਂ ਨੂੰ ਦੇਸ਼ ਅਤੇ ਰਾਜ ਦੀ ਪ੍ਰਸ਼ਾਸਨਿਕ ਤੌਰ 'ਤੇ ਸੇਵਾ ਕਰਨ ਲਈ ਸੁਝਾਅ ਦਿੱਤੇ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਅਪ੍ਰੈਲ, 2024:
ਆਪਣੀ ਸਿਖਲਾਈ ਦੇ ਹਿੱਸੇ ਵਜੋਂ, 2022 ਬੈਚ ਦੇ ਬਿਹਾਰ ਕੇਡਰ ਦੇ 09 ਆਈ ਏ ਐਸ ਅਧਿਕਾਰੀਆਂ ਨੇ ਅੱਜ ਐਸ.ਏ.ਐਸ.ਨਗਰ ਦਾ ਦੌਰਾ ਕੀਤਾ ਅਤੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕੰਮਕਾਜ ਨੂੰ ਦੇਖਿਆ। ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਇਨ੍ਹਾਂ ਸਿਵਲ ਸੇਵਾਵਾਂ ਦੇ ਸਿਖਿਆਰਥੀਆਂ ਦਾ ਸੁਆਗਤ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਪੱਧਰਾਂ 'ਤੇ ਕੀਤੇ ਜਾ ਰਹੇ ਪ੍ਰਸ਼ਾਸਨਿਕ ਕੰਮਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇੱਕ ਆਈ ਏ ਐਸ ਅਧਿਕਾਰੀ ਦਾ ਪਹਿਲਾ ਏਜੰਡਾ ਰਾਸ਼ਟਰ ਅਤੇ ਉਸ ਰਾਜ ਦੀ ਸੇਵਾ ਹੋਣਾ ਚਾਹੀਦਾ ਹੈ, ਜਿੱਥੇ ਕਿ ਉਸ ਨੂੰ ਤਾਇਨਾਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨਾਲ ਪ੍ਰਸ਼ਾਸਕੀ ਡਿਊਟੀਆਂ ਦੀ ਰੁਟੀਨ ਸਾਂਝੀ ਕਰਦੇ ਹੋਏ ਕਿਹਾ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਉਨ੍ਹਾਂ ਲਈ ਸਭ ਤੋਂ ਪਹਿਲਾਂ ਹੁੰਦਾ ਹੈ ਕਿਉਂਕਿ ਸਮਾਜ ਇੱਕ ਪ੍ਰਸ਼ਾਸਨਿਕ ਅਧਿਕਾਰੀ ਹੋਣ ਦੇ ਨਾਤੇ ਸਾਡੇ ਤੋਂ ਅਜਿਹੀਆਂ ਵੱਡੀਆਂ ਉਮੀਦਾਂ ਰੱਖਦਾ ਹੈ। ਅਧਿਕਾਰੀਆਂ ਨੇ ਐਸ.ਏ.ਐਸ.ਨਗਰ ਜ਼ਿਲ੍ਹੇ ਅਤੇ ਇਸ ਦੇ ਸਮੁੱਚੇ ਪ੍ਰਸ਼ਾਸਨ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਉਹ ਬਾਹਰੀ ਖੇਤਰਾਂ ਵਿੱਚ ਸ਼ਹਿਰੀਕਰਨ ਅਤੇ ਰਿਹਾਇਸ਼ ਦੇ ਪ੍ਰਬੰਧਾਂ ਦੇ ਨਾਲ, ਨਵੇਂ ਸ਼ਹਿਰੀ ਖੇਤਰਾਂ ਦੇ ਵਿਕਾਸ ਦੇ ਮੱਦੇਨਜ਼ਰ, ਜ਼ਿਲ੍ਹੇ ਦੇ ਯੋਜਨਾਬੱਧ ਵਿਕਾਸ ਵਿੱਚ ਵਧੇਰੇ ਦਿਲਚਸਪੀ ਰੱਖਦੇ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਰੀਅਲ ਅਸਟੇਟ, ਆਈ.ਟੀ ਸਰਵਿਸ ਸੈਕਟਰ ਅਤੇ ਫਾਰਮਾਸਿਊਟੀਕਲ, ਟਰੈਕਟਰ ਪਾਰਟਸ ਅਤੇ ਹੋਰ ਖੇਤਰਾਂ 'ਤੇ ਆਧਾਰਿਤ ਪ੍ਰਮੁੱਖ ਉਦਯੋਗਾਂ ਦੇ ਖੇਤਰ ਵਿੱਚ ਬੇਮਿਸਾਲ ਵਿਕਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਹੋਣ ਦੇ ਨਾਤੇ ਭਾਵੇਂ ਉਹ ਜ਼ਿਲ੍ਹਾ ਪੱਧਰ 'ਤੇ ਹੋਵੇ ਜਾਂ ਸਬ-ਡਿਵੀਜ਼ਨ ਪੱਧਰ 'ਤੇ, ਇਕ ਅਧਿਕਾਰੀ ਨੂੰ ਚੀਜ਼ਾਂ ਨੂੰ ਠੀਕ ਰੱਖਣ ਲਈ ਦਿਨ-ਰਾਤ ਕੰਮ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਕਾਨੂੰਨ ਅਤੇ ਵਿਵਸਥਾ ਨੂੰ ਬਣਾਈ ਰੱਖਣ ਲਈ ਹੋਰ ਵਿਭਾਗਾਂ, ਖਾਸ ਕਰਕੇ ਪੁਲਿਸ ਹਮਰੁਤਬਾ ਨਾਲ ਤਾਲਮੇਲ ਜ਼ਰੂਰੀ ਹੈ। ਇਸ ਮੌਕੇ ਹਾਜ਼ਰ ਅਧਿਕਾਰੀਆਂ ਵਿੱਚ ਏ ਡੀ ਸੀ (ਜ) ਵਿਰਾਜ ਐਸ ਤਿੜਕੇ ਅਤੇ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਡੇਵੀ ਗੋਇਲ ਅਤੇ ਬਿਹਾਰ ਤੋਂ ਆਏ ਸਿਖਲਾਈ ਅਧੀਨ ਆਈ.ਏ.ਐਸ. ਦਿਵਿਆ ਸ਼ਕਤੀ, ਸ਼੍ਰੇਆ ਸ਼੍ਰੀ, ਆਸ਼ੀਸ਼ ਕੁਮਾਰ, ਕਿਸ਼ਲੇ ਕੁਸ਼ਵਾਹਾ, ਰਿਤੂਰਾਜ ਪ੍ਰਤਾਪ ਸਿੰਘ, ਗੌਰਵ ਕੁਮਾਰ, ਕਾਜਲੇ ਵੈਭਵ ਨਿਤਿਨ, ਸ਼ਵੇਤਾ ਭਾਰਤੀ, ਗੌਰਵ ਕੁਮਾਰ ਵੀ ਹਾਜ਼ਰ ਸਨ।
© 2022 Copyright. All Rights Reserved with Arth Parkash and Designed By Web Crayons Biz