BJP Leader Vijay Kumar Soni Attacked at Petrol Pump in Batala | Ransom Demand
Punjab ਦੇ Batala ਵਿੱਚ BJP leader ’ਤੇ ਜਾਨਲੇਵਾ ਹਮਲਾ, ਪੈਟਰੋਲ ਪੰਪ ’ਤੇ ਅਣਪਛਾਤੇ ਹਮਲਾਵਰਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ
ਬਟਾਲਾ: ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧੀਨ ਆਉਂਦੇ ਥਾਣਾ ਕੋਟਲੀ ਸੂਰਤ ਮੱਲੀ ਖੇਤਰ ਦੇ ਮਸ਼ਹੂਰ ਕਾਰੋਬਾਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਵਿਜੇ ਕੁਮਾਰ ਸੋਨੀ ਆਪਣੇ ਪੈਟਰੋਲ ਪੰਪ ’ਤੇ ਬੈਠੇ ਹੋਏ ਸਨ।
ਇਸੇ ਦੌਰਾਨ ਮੋਟਰਸਾਈਕਲ ’ਤੇ ਆਏ ਦੋ ਅਣਪਛਾਤੇ ਹਮਲਾਵਰਾਂ ਵੱਲੋਂ ਉਨ੍ਹਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਦੌਰਾਨ ਭਾਜਪਾ ਆਗੂ ਵਿਜੇ ਕੁਮਾਰ ਵੱਲੋਂ ਆਪਣੀ ਲਾਇਸੰਸੀ ਰਿਵਾਲਵਰ ਨਾਲ ਕੀਤੀ ਜਵਾਬੀ ਫਾਇਰਿੰਗ ਤੋਂ ਬਾਅਦ ਅਣਪਛਾਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਭਾਜਪਾ ਆਗੂ ਵਿਜੇ ਸੋਨੀ ਨੇ ਦੱਸਿਆ ਕਿ ਬੁੱਧਵਾਰ ਰਾਤ ਕਰੀਬ 9:24 ਵਜੇ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਪੈਟਰੋਲ ਪੰਪ ’ਤੇ ਬੈਠ ਕੇ ਹਿਸਾਬ-ਕਿਤਾਬ ਕਰ ਰਹੇ ਸਨ। ਉਦੋਂ ਹੀ ਦੋ ਅਣਪਛਾਤੇ ਵਿਅਕਤੀ, ਜਿਨ੍ਹਾਂ ਨੇ ਆਪਣੇ ਚਿਹਰੇ ਕੱਪੜੇ ਨਾਲ ਢਕੇ ਹੋਏ ਸਨ, ਮੋਟਰਸਾਈਕਲ ’ਤੇ ਸਵਾਰ ਹੋ ਕੇ ਪੈਟਰੋਲ ਪੰਪ ’ਤੇ ਪਹੁੰਚੇ ਅਤੇ ਆਉਂਦੇ ਹੀ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ।
ਜਵਾਬ ਵਿੱਚ ਵਿਜੇ ਕੁਮਾਰ ਸੋਨੀ ਨੇ ਵੀ ਆਪਣੀ ਲਾਇਸੰਸੀ ਰਿਵਾਲਵਰ ਨਾਲ ਹਮਲਾਵਰਾਂ ’ਤੇ ਜਵਾਬੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹਮਲਾਵਰ ਮੌਕੇ ਤੋਂ ਭੱਜ ਨਿਕਲੇ। ਇਹ ਪੂਰੀ ਘਟਨਾ ਪੈਟਰੋਲ ਪੰਪ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਧਮਕੀ ਅਤੇ ਫਿਰੌਤੀ: ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੁੱਧਵਾਰ ਸ਼ਾਮ ਕਰੀਬ 7 ਵਜੇ ਤੋਂ ਉਨ੍ਹਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਫੋਨ ਆ ਰਹੇ ਸਨ ਅਤੇ ਵਟਸਐਪ ’ਤੇ ਵੌਇਸ ਮੈਸੇਜ ਰਾਹੀਂ ਉਨ੍ਹਾਂ ਕੋਲੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਫਿਰੌਤੀ ਨਾ ਦੇਣ ’ਤੇ ਉਨ੍ਹਾਂ ਨੂੰ 10 ਦਿਨਾਂ ਦੇ ਅੰਦਰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ।
ਭਾਜਪਾ ਆਗੂ ਵਿਜੇ ਸੋਨੀ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਇਸ ਮੌਕੇ ਥਾਣਾ ਕੋਟਲੀ ਸੂਰਤ ਮੱਲੀ ਦੇ ਐਸਐਚਓ ਗੁਰਦਰਸ਼ਨ ਸਿੰਘ ਪੁਲਿਸ ਟੀਮ ਸਮੇਤ ਘਟਨਾ ਸਥਾਨ ’ਤੇ ਪਹੁੰਚੇ ਅਤੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ।
ਹਾਲਾਂਕਿ, ਜਦੋਂ ਮੀਡੀਆ ਨੇ ਇਸ ਘਟਨਾ ਦੇ ਸਬੰਧ ਵਿੱਚ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਇਹ ਕਹਿ ਕੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਇਸ ਮਾਮਲੇ ਵਿੱਚ ਸੀਨੀਅਰ ਪੁਲਿਸ ਅਧਿਕਾਰੀ ਹੀ ਮੀਡੀਆ ਨੂੰ ਜਾਣਕਾਰੀ ਦੇਣਗੇ।