Hindi
1cf32385-7b0c-4233-80a8-aae4c078ff9b

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿੱਚ 05 ਕਰੋੜ 06 ਲੱਖ ਰੁਪਏ ਦੇ ਵਿਕਾਸ ਕ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿੱਚ 05 ਕਰੋੜ 06 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿੱਚ 05 ਕਰੋੜ 06 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ

*11 ਪਿੰਡਾਂ ਵਿੱਚ 04 ਕਰੋੜ 06 ਲੱਖ ਰੁਪਏ ਦੀ ਲਾਗਤ ਨਾਲ ਬਣਨਗੇ ਖੇਡ ਸਟੇਡੀਅਮ

*ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਨਾਗਰਾ ਤੇ ਸ਼ਾਹਪੁਰ ਕਲਾਂ ਵਿਖੇ 50-50 ਲੱਖ ਰੁਪਏ ਦੀ ਵਿਸ਼ੇਸ਼ ਵਿਕਾਸ ਗਰਾਂਟ ਨਾਲ ਕਰਵਾਏ ਜਾਣਗੇ ਵਿਕਾਸ ਕਾਰਜ

*ਕਿਹਾ; ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਲਿਆ ਜਾ ਸਕਦਾ ਹੈ ਵੱਡਾ ਇਤਿਹਾਸਕ ਫੈਸਲਾ

ਸੁਨਾਮ, 22 ਨਵੰਬਰ

ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਵਿਧਾਨ ਸਭਾ ਹਲਕਾ ਸੁਨਾਮ ਦੇ 11 ਪਿੰਡਾਂ ਵਿੱਚ 04 ਕਰੋੜ 06 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮਾਂ ਦੇ ਨੀਂਹ ਪੱਥਰ ਰੱਖ ਕੇ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਚੁੱਕਿਆ। ਇਸ ਦੇ ਨਾਲ-ਨਾਲ
ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਨਾਗਰਾ ਤੇ ਸ਼ਾਹਪੁਰ ਕਲਾਂ ਵਿਖੇ 50-50 ਲੱਖ ਰੁਪਏ ਦੀ ਵਿਸ਼ੇਸ਼ ਵਿਕਾਸ ਗਰਾਂਟ ਨਾਲ ਵਿਕਾਸ ਕਾਰਜ ਵੀ ਕਰਵਾਏ ਜਾਣਗੇ।

ਇਸ ਮੌਕੇ ਸ਼੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ, ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਤ ਕਰਨ ਅਤੇ ਪਿੰਡ ਪੱਧਰ 'ਤੇ ਖੇਡ ਸਹੂਲਤਾਂ ਉਪਲਬਧ ਕਰਵਾਉਣ ਲਈ ਵੱਡੇ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ। ਸੂਬੇ ਭਰ ਵਿੱਚ 3100 ਖੇਡ ਸਟੇਡੀਅਮ ਬਣਾਏ ਜਾ ਰਹੇ ਹਨ। ਵਿਧਾਨ ਸਭਾ ਹਲਕਾ ਸੁਨਾਮ ਦੇ 29 ਪਿੰਡਾਂ ਵਿੱਚ ਕਰੀਬ 11.5 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਾਏ ਜਾਣੇ ਹਨ।

ਕੈਬਨਿਟ ਮੰਤਰੀ ਨੇ ਪਿੰਡ ਸੰਘਰੇੜੀ ਵਿੱਚ 26.72 ਲੱਖ ਰੁਪਏ ਦੀ ਲਾਗਤ ਨਾਲ ਬਣਣ ਵਾਲੇ ਸਟੇਡੀਅਮ, ਅਕਬਰਪੁਰ ਵਿਖੇ 30.61 ਲੱਖ ਰੁਪਏ ਦੀ ਲਾਗਤ ਨਾਲ, ਨਾਗਰਾ ਵਿਖੇ 24.84 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਟੇਡੀਅਮ ਦੀ ਨੀਂਹ ਰੱਖਣ ਤੋਂ ਬਾਅਦ ਕੈਬਨਿਟ ਮੰਤਰੀ ਵੱਲੋਂ ਬਲਵਾੜ ਕਲਾਂ ਵਿੱਚ ਸਮਾਗਮ ਵਿੱਚ ਸ਼ਿਰਕਤ ਕਰਦਿਆਂ 15.50 ਲੱਖ ਰੁਪਏ ਦੇ ਸਟੇਡੀਅਮ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ ਗਈ।

ਖੁਰਾਣਾ/ਖੁਰਾਣੀ ਦੇ ਸਰਕਾਰੀ ਸਕੂਲ ਵਿਖੇ 56.69 ਲੱਖ ਰੁਪਏ, ਕਨੋਈ ਦੇ ਸਰਕਾਰੀ ਸਕੂਲ ਵਿਖੇ 19.83 ਲੱਖ ਰੁਪਏ ਅਤੇ ਚੱਠੇ ਨਕਟੇ (ਨਵੇਂ ਗੁਰਦੁਆਰੇ ਸਾਹਿਬ ਦੇ ਨਾਲ) ਵਿਖੇ 51.34 ਲੱਖ ਰੁਪਏ ਦੀ ਲਾਗਤ ਨਾਲ ਸਟੇਡੀਅਮਾਂ ਦੇ ਨੀਂਹ ਪੱਥਰ ਰੱਖੇ ਗਏ। ਇਸੇ ਤਰ੍ਹਾਂ ਬਿਗੜਵਾਲ ਵਿੱਚ 33.11 ਲੱਖ ਰੁਪਏ, ਬਖ਼ਸ਼ੀਵਾਲਾ (ਮੇਨ ਰੋਡ) ਵਿੱਚ 40.68 ਲੱਖ ਰੁਪਏ, ਘਾਸੀਵਾਲਾ ਵਿੱਚ 48.03 ਲੱਖ ਰੁਪਏ ਅਤੇ ਬੀਰ ਕਲਾਂ (ਵਾਟਰ ਵਰਕਸ ਨੇੜੇ) ਵਿੱਚ 57.79 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਟੇਡੀਅਮਾਂ ਦੇ ਨਿਰਮਾਣ ਕਾਰਜ ਦਾ ਸ਼ੁਭਾਰੰਭ ਕੀਤਾ ਗਿਆ।

ਇਸ ਮੌਕੇ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਖੇਡਾਂ ਨੂੰ ਨਸ਼ਾ-ਮੁਕਤ ਅਤੇ ਰੰਗਲੇ ਪੰਜਾਬ ਦੀ ਨੀਂਹ ਮੰਨਦੀ ਹੈ। ਇਸ ਲਈ ਸੂਬੇ ਦੇ ਪਿੰਡਾਂ ਵਿੱਚ ਆਧੁਨਿਕ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ, ਤਾਂ ਜੋ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਵਿੱਚ ਵਧੀਆ ਮੌਕੇ ਮਿਲ ਸਕਣ। ਉਨ੍ਹਾਂ ਕਿਹਾ ਕਿ ਇਹ ਸਟੇਡੀਅਮ ਨਾ ਸਿਰਫ਼ ਖੇਡਾਂ ਦਾ ਕੇਂਦਰ ਬਣਨਗੇ, ਸਗੋਂ ਪਿੰਡ ਪੱਧਰ 'ਤੇ ਸਮਾਜਿਕ ਏਕਤਾ ਅਤੇ ਸਕਾਰਾਤਮਕ ਗਤੀਵਿਧੀਆਂ ਨੂੰ ਵੀ ਉਤਸ਼ਾਹਤ ਕਰਨਗੇ।

ਕੈਬਨਿਟ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਵੇਂ ਸਟੇਡੀਅਮਾਂ ਦੇ ਨਿਰਮਾਣ ਅਤੇ ਲਾਗਤ ਦੇ ਫਲਸਰੂਪ, ਉਨ੍ਹਾਂ ਦੀ ਸੰਭਾਲ ਵੱਲ ਵੀ ਪਿੰਡ ਵਾਸੀਆਂ ਨੂੰ ਵੱਖਰੀ ਜ਼ਿੰਮੇਵਾਰੀ ਨਾਲ ਯੋਗਦਾਨ ਦੇਣਾ ਚਾਹੀਦਾ ਹੈ, ਤਾਂ ਜੋ ਇਹ ਸਹੂਲਤਾਂ ਲੰਮੇ ਸਮੇਂ ਤੱਕ ਖੇਡ ਪ੍ਰੇਮੀਆਂ ਦੀ ਸੇਵਾ ਕਰ ਸਕਣ। ਅੰਤ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡ ਢਾਂਚੇ ਦੇ ਵਿਸਥਾਰ ਲਈ ਭਵਿੱਖ ਵਿੱਚ ਵੀ ਹੋਰ ਮਹੱਤਵਪੂਰਨ ਕਦਮ ਚੁੱਕਣ ਲਈ ਵਚਨਬੱਧ ਹੈ।

ਇਸ ਮੌਕੇ ਮੀਡੀਆ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ 23 ਤੋਂ 25 ਨਵੰਬਰ ਤਕ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ, ਜਿਨ੍ਹਾਂ ਤਹਿਤ ਇਤਿਹਾਸ ਵਿੱਚ ਪਹਿਲੀ ਵਾਰ ਵਿਧਾਨ ਸਭਾ ਦਾ ਸੈਸ਼ਨ ਚੰਡੀਗੜ੍ਹ ਤੋਂ ਬਾਹਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗਾ, ਜਿੱਥੇ ਕਿ ਵੱਡਾ ਇਤਿਹਾਸਕ ਫੈਸਲਾ ਲਿਆ ਜਾ ਸਕਦਾ ਹੈ। ਉਹਨਾਂ ਨੇ ਸੰਗਤ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਪੁੱਜਣ ਦੀ ਅਪੀਲ ਕੀਤੀ।

ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ, ਵੱਖ-ਵੱਖ ਅਹੁਦੇਦਾਰ, ਪੰਚ ਤੇ ਸਰਪੰਚ ਅਤੇ ਵੱਡੀ ਗਿਣਤੀ ਪਿੰਡਾਂ ਦੇ ਲੋਕ ਹਾਜ਼ਰ ਸਨ।

 


Comment As:

Comment (0)